ਡਾਕਟਰ ਦੀ ਲਾਪਰਵਾਹੀ, ਡਿਲਿਵਰੀ ਮਗਰੋਂ ਔਰਤ ਨੂੰ ਚੜ੍ਹਾ ਦਿੱਤਾ ਗ਼ਲਤ ਖ਼ੂਨ, ਪਲਾਂ 'ਚ ਉੱਜੜ ਗਿਆ ਪਰਿਵਾਰ
Wednesday, May 17, 2023 - 01:50 PM (IST)
ਫਿਲੌਰ (ਭਾਖੜੀ)- ਪ੍ਰਾਈਵੇਟ ਹਸਪਤਾਲ ਵਿਚ ਵੱਡੇ ਆਪ੍ਰੇਸ਼ਨ ਨਾਲ ਬੱਚੇ ਨੂੰ ਜਨਮ ਦਿਵਾਉਣ ਤੋਂ ਬਾਅਦ ਡਾਕਟਰਾਂ ਵੱਲੋਂ ਮਾਂ ਨੂੰ ਚੜ੍ਹਾਏ ਗਏ ਖ਼ੂਨ ਵਿਚ ਵਰਤੀ ਗਈ ਲਾਪ੍ਰਵਾਹੀ ਕਾਰਨ ਔਰਤ ਦੀ ਹਾਲਤ ਵਿਗੜ ਗਈ, ਜਿਸ ਨੂੰ ਲੁਧਿਆਣਾ ਦੇ ਦਯਾਨੰਦ ਹਸਪਤਾਲ ਦਾਖ਼ਲ ਕਰਵਾਉਣ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਔਰਤ ਦੀ ਮੌਤ ਮਗਰੋਂ ਭੜਕੇ ਪਰਿਵਾਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਨੇ ਔਰਤ ਦੀ ਲਾਸ਼ ਹਸਪਤਾਲ ਦੇ ਬਾਹਰ ਰੱਖ ਕੇ 8 ਘੰਟੇ ਤੱਕ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ - ਜਲੰਧਰ 'ਚ NIA ਦੀ ਰੇਡ, ਗੈਂਗਸਟਰ ਪੁਨੀਤ ਸ਼ਰਮਾ ਦੇ ਘਰ ਕੀਤੀ ਛਾਪੇਮਾਰੀ
ਮਿਲੀ ਸੂਚਨਾ ਦੇ ਮੁਤਾਬਕ ਮ੍ਰਿਤਕ ਔਰਤ ਮਾਧੁਰੀ 27 ਦੇ ਪਤੀ ਮਨੀ ਵਾਸੀ ਪਿੰਡ ਪੰਜਢੇਰਾ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਮਾਧੁਰੀ ਨੂੰ ਬੱਚੇ ਨੂੰ ਜਨਮ ਦਿਵਾਉਣ ਲਈ ਸਥਾਨਕ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਚ 11 ਮਈ ਨੂੰ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਜਾਂਚ ਕਰਕੇ ਉਸ ਨੂੰ ਦੱਸਿਆ ਕਿ ਬੱਚੇ ਨੂੰ ਜਨਮ ਦਿਵਾਉਣ ਤੋਂ ਲਈ ਵੱਡਾ ਆਪ੍ਰੇਸ਼ਨ ਕਰਨਾ ਪਵੇਗਾ। ਆਪ੍ਰੇਸ਼ਨ ਲਈ ਪਤੀ ਨੇ ਆਪਣੀ ਜਾਣ-ਪਛਾਣ ਵਾਲਿਆਂ ਤੋਂ ਉਧਾਰ ਪੈਸੇ ਲੈ ਕੇ ਜਮ੍ਹਾ ਕਰਵਾ ਦਿੱਤੇ ਅਤੇ ਉਸੇ ਸ਼ਾਮ ਡਾਕਟਰ ਨੇ ਆਪ੍ਰੇਸ਼ਨ ਕਰਕੇ ਬੱਚੇ ਨੂੰ ਜਨਮ ਦਿਵਾ ਦਿੱਤਾ। ਲੜਕੇ ਨੇ ਜਨਮ ਲਿਆ। ਮਾਂ ਅਤੇ ਬੱਚਾ ਦੋਵੇਂ ਠੀਕ ਸਨ।
ਉਨ੍ਹਾਂ ਨੇ ਦੱਸਿਆ ਕਿ ਆਪ੍ਰੇਸ਼ਨ ਤੋਂ ਦੋ ਦਿਨ ਬਾਅਦ 13 ਮਈ ਨੂੰ ਡਾਕਟਰ ਨੇ ਉਸ ਨੂੰ ਕਿਹਾ ਕਿ ਉਸ ਦੀ ਪਤਨੀ ਵਿਚ ਖ਼ੂਨ ਦੀ ਕਮੀ ਹੈ। ਉਸ ਨੂੰ ਇਕ ਪਰਚੀ ਫੜਾਉਂਦੇ ਹੋਏ ਕਿਹਾ ਕਿ ਇਸ ਗਰੁੱਪ ਦਾ ਲੁਧਿਆਣਾ ਤੋਂ ਖ਼ੂਨ ਲੈ ਆਓ। ਜਿਵੇਂ ਕਿਵੇਂ ਉਹ ਪੈਸਿਆਂ ਦਾ ਪ੍ਰਬੰਧ ਕਰਕੇ ਉਥੋਂ ਖ਼ੂਨ ਲੈ ਕੇ ਆਇਆ। ਉਸ ਦੀ ਪਤਨੀ ਬਿਲਕੁਲ ਠੀਕ ਉਸ ਦੇ ਨਾਲ ਗੱਲਬਾਤ ਕਰ ਰਹੀ ਸੀ। ਜਿਵੇਂ ਹੀ ਡਾਕਟਰ ਨੇ ਖ਼ੂਨ ਚੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਪਤਨੀ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਅਤੇ ਕੁਝ ਹੀ ਸਮੇਂ ਬਾਅਦ ਉਸ ਦੀ ਪਤਨੀ ਦੇ ਹੱਥ-ਪੈਰ ਚੱਲਣ ਤੋਂ ਜਵਾਬ ਦੇ ਗਏ। ਉਸ ਦੇ ਬਾਵਜੂਦ ਉਸ ਨੂੰ ਖ਼ੂਨ ਚੜ੍ਹਾਉਂਦੇ ਗਏ। ਜਦੋਂ ਉਸ ਦੀ ਪਤਨੀ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ ਤਾਂ ਡਾਕਟਰਾਂ ਨੇ ਖ਼ੂਨ ਚੜ੍ਹਾਉਣਾ ਰੋਕ ਕੇ ਉਸ ਦਾ 2 ਦਿਨ ਤੱਕ ਆਪਣੇ ਕੋਲ ਰੱਖ ਕੇ ਇਲਾਜ ਕਰਦੇ ਰਹੇ।
ਇਹ ਵੀ ਪੜ੍ਹੋ - ਪੰਜਾਬ 'ਚ ਭਾਜਪਾ ਨੂੰ ਬਦਲਣੀ ਪਵੇਗੀ ਸਟ੍ਰੈਟੇਜੀ, ਸਤਾਉਣ ਲੱਗੀ ਇਹ ਵੱਡੀ ਚਿੰਤਾ
15 ਮਈ ਨੂੰ ਜਦੋਂ ਉਸ ਦੀ ਪਤਨੀ ਦੀ ਹਾਲਤ ਬੇਹੱਦ ਚਿੰਤਾਜਨਕ ਹੋ ਗਈ ਤਾਂ ਡਾਕਟਰ ਨੇ ਉਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਉਹ ਉਸ ਨੂੰ ਦਯਾਨੰਦ ਹਸਪਤਾਲ ਲੈ ਜਾਵੇ। ਜਦੋਂ ਉਸ ਨੇ ਡਾਕਟਰ ਨੂੰ ਕਿਹਾ ਕਿ ਉਸ ਦੇ ਕੋਲ ਇੰਨੇ ਪੈਸੇ ਨਹੀਂ ਹਨ ਤਾਂ ਡਾਕਟਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲਤੀ ਹੈ। ਉਨ੍ਹਾਂ ਨੇ ਗਲਤੀ ਨਾਲ ਉਸ ਦੀ ਪਤਨੀ ਨੂੰ ਗਲਤ ਖ਼ੂਨ ਚੜ੍ਹਾਇਆ ਹੈ ਤਾਂ ਹੁਣ ਖ਼ਰਚ ਵੀ ਉਹੀ ਸਹਿਣਗੇ, ਜਿਸ ’ਤੇ ਉਸ ਨੂੰ ਡੀ. ਐੱਮ. ਸੀ. ਹਸਪਤਾਲ ਭੇਜ ਦਿੱਤਾ ਗਿਆ। ਇਥੇ ਅੱਧੀ ਰਾਤ ਨੂੰ ਉਸ ਦੀ ਪਤਨੀ ਨੇ ਦਮ ਤੋੜ ਦਿੱਤਾ, ਜਿਸ ’ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਗਲਤੀ ਕਰਕੇ ਰੋਸ ਭੜਕ ਉੱਠਿਆ। ਉਨ੍ਹਾਂ ਨੇ ਲਾਸ਼ ਫਿਲੌਰ ਲਿਆ ਕੇ ਹਸਪਤਾਲ ਦੇ ਬਾਹਰ ਰੱਖ ਕੇ 8 ਘੰਟੇ ਤੱਕ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਤੁਰੰਤ ਬੰਦ ਕਰਵਾਏ ਜੋ ਗਰੀਬ ਅਤੇ ਭੋਲੀ ਭਾਲੀ ਜਨਤਾ ਨਾਲ ਇਲਾਜ ਦੇ ਨਾਂ ‘ਤੇ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਔਰਤ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਬਾਵਜੂਦ ਉਸ ਦੇ ਪਤੀ ਨੇ ਉਧਾਰ ਪੈਸੇ ਫੜ ਕੇ ਹਸਪਤਾਲ ਵਿਚ ਜਮ੍ਹਾ ਕਰਵਾਏ ਅਤੇ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਕਾਰਨ ਔਰਤ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ। ਇਹੀ ਕੰਮ ਜੇਕਰ ਕਿਸੇ ਵੱਡੇ ਘਰਾਣੇ ਦੀ ਔਰਤ ਨਾਲ ਹੋਇਆ ਹੁੰਦਾ ਤਾਂ ਹੁਣ ਤੱਕ ਇਸ ਹਸਪਤਾਲ ਨੂੰ ਜਿੰਦੇ ਲਗ ਜਾਣੇ ਸਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਵੱਡਾ ਬਿਆਨ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani