ਪੁਲਸ ਥਾਣੇ ਨੇੜੇ ਟਰੱਕ ਘੇਰ ਕੇ ਡਰਾਈਵਰ ਦੀ ਕੀਤੀ ਕੁੱਟਮਾਰ, ਲੁੱਟੇ 22 ਹਜ਼ਾਰ ਰੁਪਏ

10/16/2017 7:44:37 AM

ਫਿਲੌਰ, (ਭਾਖੜੀ)— ਹਮਲਾਵਰ ਲੁਟੇਰਿਆਂ ਨੇ ਟਰੱਕ ਦਾ 10 ਕਿਲੋਮੀਟਰ ਤੱਕ ਪਿੱਛਾ ਕਰ ਕੇ ਪੁਲਸ ਸਟੇਸ਼ਨ ਕੋਲ ਘੇਰ ਲਿਆ, ਸ਼ੀਸ਼ਾ ਤੋੜ ਕੇ ਡਰਾਈਵਰ ਨਾਲ ਕੁੱਟਮਾਰ ਕੀਤੀ ਤੇ ਉਸ ਕੋਲੋਂ 22 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਡਰਾਈਵਰ ਇਲਾਜ ਲਈ ਹਸਪਤਾਲ 'ਚ ਦਾਖਲ ਹੈ।
ਸਥਾਨਕ ਸਿਵਲ ਹਸਪਤਾਲ 'ਚ ਇਲਾਜ ਅਧੀਨ ਪਏ ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਬੀਤੇ ਦਿਨ ਉਹ ਤੇ ਉਸ ਦਾ ਰਿਸ਼ਤੇ 'ਚ ਲਗਦਾ ਭਰਾ ਅੰਮ੍ਰਿਤ ਸਿੰਘ ਦੋਵੇਂ ਰਾਤ ਨੂੰ ਆਪਣੇ-ਆਪਣੇ ਟਰੱਕ ਲੈ ਕੇ ਤਲਵਣ ਤੋਂ ਰੇਤਾ ਭਰਨ ਲਈ ਨਿਕਲੇ ਸਨ। ਰਾਤ 9 ਵਜੇ ਪਿੰਡ ਰਾਹੋਂ ਦੇ ਢਾਬੇ 'ਤੇ ਖਾਣਾ ਖਾਣ ਲਈ ਰੁਕੇ, ਜਿਵੇਂ ਹੀ ਉਹ ਟਰੱਕ ਲੈ ਕੇ ਰਵਾਨਾ ਹੋਏ ਤਾਂ ਉਸ ਦੇ ਪਿੱਛੇ ਤਿੰਨ ਮੋਟਰਸਾਈਕਲਾਂ 'ਤੇ ਸਵਾਰ 8-9 ਦੇ ਕਰੀਬ ਲੁਟੇਰੇ ਹਾਈਵੇ 'ਤੇ ਉਨ੍ਹਾਂ ਦੇ ਪਿੱਛੇ ਲੱਗ ਗਏ, ਜਿਨ੍ਹਾਂ ਨੇ ਮੋਟਰਸਾਈਕਲ ਅੱਗੇ ਲਾ ਕੇ ਉਸ ਦਾ ਟਰੱਕ ਰੁਕਵਾਉਣ ਦਾ ਯਤਨ ਕੀਤਾ। ਗੁਰਮੀਤ ਨੇ ਜਿਵੇਂ ਹੀ ਉਨ੍ਹਾਂ ਦੇ ਹੱਥਾਂ 'ਚ ਲੋਹੇ ਦੇ ਤੇ ਹੋਰ ਹਥਿਆਰ ਦੇਖੇ ਤਾਂ ਉਸ ਨੂੰ ਸਮਝਦੇ ਦੇਰ ਨਾ ਲੱਗੀ ਕਿ ਉਹ ਉਸ ਤੋਂ ਕੋਈ ਮਦਦ ਨਹੀਂ ਮੰਗ ਰਹੇ ਬਲਕਿ ਉਹ ਹਾਈਵੇ ਲੁਟੇਰੇ ਹਨ। ਡਰਾਈਵਰ ਗੁਰਮੀਤ ਨੇ ਉਨ੍ਹਾਂ ਤੋਂ ਬਚਣ ਲਈ ਆਪਣੇ ਟਰੱਕ ਦੀ ਰਫਤਾਰ ਵਧਾਈ। ਉਹ ਫਿਰ ਵੀ 10 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਰਹੇ। ਆਖਰ ਗੁਰਮੀਤ ਨੇ ਸੋਚਿਆ ਕਿ ਉਹ ਲੁਟੇਰਿਆਂ ਤੋਂ ਬਚਣ ਲਈ ਆਪਣੇ ਟਰੱਕ ਨੂੰ ਸਿੱਧਾ ਫਿਲੌਰ ਪੁਲਸ ਸਟੇਸ਼ਨ ਦੇ ਅੰਦਰ ਲੈ ਜਾਵੇਗਾ। ਜਿਵੇਂ ਹੀ ਉਹ ਪੁਲਸ ਥਾਣੇ ਦੇ ਕੋਲ ਪੁੱਜਾ ਤਾਂ ਅੱਗੋਂ ਰਸਤਾ ਤੰਗ ਹੋਣ ਕਾਰਨ ਗੁਰਮੀਤ ਨੂੰ ਟਰੱਕ ਦੀ ਰਫਤਾਰ ਘੱਟ ਕਰਨੀ ਪਈ, ਜਿਸ ਨਾਲ ਹਮਲਾਵਰ ਲੁਟੇਰਿਆਂ ਨੇ ਉਸ ਦੇ ਟਰੱਕ ਨੂੰ ਘੇਰ ਲਿਆ। ਗੁਰਮੀਤ ਨੇ ਬਚਣ ਲਈ ਆਪਣੇ ਆਪ ਨੂੰ ਟਰੱਕ ਦੇ ਅੰਦਰ ਬੰਦ ਕਰ ਲਿਆ ਤਾਂ ਲੁਟੇਰਿਆਂ ਨੇ ਲੋਹੇ ਦੀ ਰਾਡ ਨਾਲ ਟਰੱਕ ਦਾ ਅਗਲਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕੱਢ ਲਿਆ। ਪਹਿਲਾਂ ਉਸ ਦੀ ਕੁੱਟਮਾਰ ਕੀਤੀ ਤੇ ਜਦੋਂ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤਾਂ ਲੁਟੇਰੇ ਉਸ ਦੀ ਜੇਬ ਵਿਚੋਂ 22 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਕੁਝ ਦੇਰ ਬਾਅਦ ਹੀ ਫਿਲੌਰ ਪੁਲਸ ਦੇ ਮੁਲਾਜ਼ਮ ਕਾਰ 'ਚ ਸਵਾਰ ਹੋ ਕੇ ਉਥੇ ਪੁੱਜੇ।
ਕਾਰ ਵਿਚ ਪੈਟਰੋਲ ਘੱਟ ਹੋਣ ਦਾ ਕਹਿ ਕੇ ਪੁਲਸ ਨੇ ਨਹੀਂ ਕੀਤਾ ਲੁਟੇਰਿਆਂ ਦਾ ਪਿੱਛਾ
ਜ਼ਖ਼ਮੀ ਡਰਾਈਵਰ ਗੁਰਮੀਤ ਨੇ ਦੱਸਿਆ ਕਿ ਮੌਕੇ 'ਤੇ ਪੁੱਜੀ ਪੁਲਸ ਪਾਰਟੀ ਉਸ ਨੂੰ ਕਾਰ ਵਿਚ ਬਿਠਾ ਕੇ ਲੁਟੇਰਿਆਂ ਦੇ ਪਿੱਛੇ ਚੱਲ ਪਈ। ਸਿਰਫ 4 ਮਿਲੋਮੀਟਰ 'ਤੇ ਪੁਲਸ ਨੇ ਗੁਰਮੀਤ ਨੂੰ ਕਿਹਾ ਕਿ ਉਨ੍ਹਾਂ ਦੀ ਕਾਰ ਵਿਚ ਪੈਟਰੋਲ ਬਹੁਤ ਘੱਟ ਹੈ। ਉਹ ਹੋਰ ਦੂਰ ਤੱਕ ਲੁਟੇਰਿਆਂ ਦਾ ਪਿੱਛਾ ਨਹੀਂ ਕਰ ਸਕਦੇ। ਗੁਰਮੀਤ ਨੇ ਪੁਲਸ ਪਾਰਟੀ ਨੂੰ ਕਿਹਾ ਕਿ ਉਸ ਦਾ ਭਰਾ ਵੀ ਪਿੱਛੇ ਆਪਣੇ ਟਰੱਕ ਵਿਚ ਆ ਰਿਹਾ ਹੈ, ਕਿਤੇ ਲੁਟੇਰੇ ਉਸ ਨੂੰ ਵੀ ਆਪਣਾ ਸ਼ਿਕਾਰ ਨਾ ਬਣਾ ਲੈਣ, ਉਹ ਹੋਰ ਅੱਗੇ ਜਾ ਕੇ ਲੁਟੇਰਿਆਂ ਨੂੰ ਬੇਸ਼ੱਕ ਨਾ ਫੜਨ ਪਰ ਉਸ ਦੇ ਭਰਾ ਨੂੰ ਬਚਾਅ ਲੈਣ। ਉਹ ਆਪਣੇ ਭਰਾ ਤੋਂ ਰੁਪਏ ਲੈ ਕੇ ਉਨ੍ਹਾਂ ਦੀ ਕਾਰ ਵਿਚ ਤੇਲ ਪਵਾ ਦੇਵੇਗਾ ਪਰ ਪੁਲਸ ਨੇ ਅੱਗੇ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਉਸ ਨੂੰ ਹਸਪਤਾਲ ਦੇ ਬਾਹਰ ਉਤਾਰ ਕੇ ਚਲੇ ਗਏ। ਉਹ ਕਿਸੇ ਤਰ੍ਹਾਂ ਹਸਪਤਾਲ ਦੇ ਅੰਦਰ ਪੁੱਜਿਆ, ਜਿਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।
ਕੀ ਕਹਿਣਾ ਹੈ ਪੁਲਸ ਦਾ?
ਇਸ ਸੰਬੰਧੀ ਪੁੱਛਣ 'ਤੇ ਰਾਤ ਨੂੰ ਡਿਊਟੀ 'ਤੇ ਤਾਇਨਾਤ ਅਧਿਕਾਰੀ ਨੇ ਦੱਸਿਆ ਕਿ ਉਹ ਗੁਰਮੀਤ ਨਾਲ 6 ਕਿਲੋਮੀਟਰ ਦੂਰ ਤੱਕ ਲੁਟੇਰਿਆਂ ਪਿੱਛੇ ਗਏ ਸਨ। ਜਦੋਂ ਗੁਰਮੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਲੁਟੇਰੇ ਰਾਹੋਂ ਵੱਲ ਭੱਜ ਚੁੱਕੇ ਹਨ ਤਾਂ ਉਹ ਲੁਟੇਰਿਆਂ ਨੂੰ ਫੜਨ ਲਈ ਨਵਾਂਸ਼ਹਿਰ ਪੁਲਸ ਨੂੰ ਸੂਚਿਤ ਕਰ ਕੇ ਵਾਪਸ ਪਰਤ ਆਏ ਕਿਉਂਕਿ ਉਸ ਤੋਂ ਅੱਗੇ ਦੂਜੇ ਥਾਣੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ।


Related News