ਹੁਸ਼ਿਆਰਪੁਰ ਵਿਖੇ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਨਾਲ ਲੱਗਦੀ ਫੈਕਟਰੀ ਨੂੰ ਵੀ ਲਿਆ ਲਪੇਟ ’ਚ
Saturday, Apr 29, 2023 - 02:04 PM (IST)
ਹੁਸ਼ਿਆਰਪੁਰ (ਜੈਨ)-ਇਥੋਂ ਦੇ ਜਲੰਧਰ ਰੋਡ ’ਤੇ ਸਥਿਤ ਇੰਡਸਟਰੀਅਲ ਏਰੀਆ ’ਚ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ’ਚ ਹਫ਼ੜਾ-ਦਫ਼ੜੀ ਮੱਚ ਗਈ। ਪਾਈਨ ਟੈਕ ਕੈਮੀਕਲਜ਼ ਦੇ ਮਾਲਕ ਅਨਿਲ ਗੋਇਲ ਨੇ ਦੱਸਿਆ ਕਿ ਫੈਕਟਰੀ ਵਿਚ ਅਚਾਨਕ ਅੱਗ ਲੱਗਣ ਤੋਂ ਬਾਅਦ ਮਜ਼ਦੂਰਾਂ ਨੇ ਖ਼ੁਦ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਗੁਆਂਢ ਵਿਚ ਸਥਿਤ ਇਕ ਹੋਰ ਹਾਰਡਵੇਅਰ ਫੈਕਟਰੀ ਵਿਨਾਇਕ ਇੰਡਸਟਰੀਜ਼ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।
ਇਹ ਵੀ ਪੜ੍ਹੋ : ਵ੍ਹੀਲ ਚੇਅਰ 'ਤੇ ਰਹਿਦੀ ਹੈ ਦਿਵਿਆਂਗ ਦਿਵਿਆ, ਮੁਸ਼ਕਿਲ ਨਾਲ ਫੜਦੀ ਹੈ ਪੈੱਨ, ਹਾਸਲ ਕੀਤਾ ਵੱਡਾ ਮੁਕਾਮ
ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪਹੁੰਚੇ ਫਾਇਰ ਸਟੇਸ਼ਨ ਅਫ਼ਸਰ ਸ਼ਾਹਬਾਜ਼ ਸਿੰਘ ਦੀ ਅਗਵਾਈ ਹੇਠ ਲੀਡਿੰਗ ਫਾਇਰਮੈਨ ਪਰਵੀਨ ਕੁਮਾਰ, ਫਾਇਰ ਕਰਮੀ ਹਰਮਿੰਦਰ ਸਿੰਘ, ਬਲਜੀਤ ਸਿੰਘ, ਵਿਜੇ ਕੁਮਾਰ, ਰਵੀ ਕੁਮਾਰ, ਅਰੁਣੇਸ਼ ਸੈਣੀ, ਈਸ਼ਵਰ ਸੈਣੀ, ਗੁਰਦਿੱਤ ਸਿੰਘ ਅਤੇ ਅਵਤਾਰ ਸਿੰਘ ਨੇ ਬੜੀ ਸੂਝ-ਬੂਝ ਨਾਲ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਅੱਗ ਲੱਗੀ ਫੈਕਟਰੀ ਵਿਚ 2-3 ਧਮਾਕੇ ਵੀ ਹੋਏ। ਧਮਾਕੇ ਤੋਂ ਬਾਅਦ ਇਕ ਡਰੰਮ ਦੇ ਫਟਣ ਕਾਰਨ ਗੁਆਂਢ ਵਿਚ ਸਥਿਤ ਫੈਕਟਰੀ ਵੀ ਅੱਗ ਦੀ ਲਪੇਟ ਵਿਚ ਆ ਗਈ। ਇਸ ਮੌਕੇ 20 ਫਾਇਰ ਟੈਂਡਰਾਂ ਨੇ 3 ਘੰਟਿਆਂ ’ਚ ਅੱਗ ’ਤੇ ਕਾਬੂ ਪਾਇਆ।
ਸੋਨਾਲੀਕਾ ਦੇ ਫਾਇਰ ਟੈਂਡਰ ਦੀ ਵੀ ਰਹੀ ਅਹਿਮ ਭੂਮਿਕਾ
ਅੱਗ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸੋਨਾਲੀਕਾ ਇੰਡਸਟਰੀ ਗਰੁੱਪ ਤੋਂ ਵੀ ਫਾਇਰ ਟੈਂਡਰ ਬੁਲਾਇਆ ਗਿਆ। ਇਸ ਫਾਇਰ ਟੈਂਡਰ ਤੋਂ ਫੋਮ ਦੀਆਂ ਬੁਛਾੜਾਂ ਬਹੁਤ ਮਦਦਗਾਰ ਸਾਬਤ ਹੋਈਆਂ। ਇਸ ਤੋਂ ਬਾਅਦ ਅੱਗ ਘਟਣੀ ਸ਼ੁਰੂ ਹੋ ਗਈ। ਫਾਇਰ ਬ੍ਰਿਗੇਡ ਹੁਸ਼ਿਆਰਪੁਰ ਦੇ 20 ਫਾਇਰ ਟੈਂਡਰ ਵੀ 2 ਘੰਟੇ ਅੱਗ ਨਾਲ ਜਦੋ-ਜਹਿਦ ਕਰਦੇ ਰਹੇ। ਇਸ ਦੌਰਾਨ ਦਸੂਹਾ ਤੋਂ ਵੀ ਫਾਇਰ ਟੈਂਡਰ ਮੰਗਵਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਮੀਕਲ ਫੈਕਟਰੀ ਵਿਚ ਭਾਰੀ ਨੁਕਸਾਨ ਦੇ ਨਾਲ-ਨਾਲ ਨੇੜਲੀ ਫੈਕਟਰੀ ਦਾ ਵੀ ਲੱਖਾਂ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਪੰਜਾਬ ਤੇ ਅਕਾਲੀ ਦਲ ਦੇ ਭਵਿੱਖ ਨੂੰ ਕਰੇਗੀ ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।