ਅੰਮ੍ਰਿਤਸਰ : ਮੰਦਬੁੱਧੀ ਬੱਚੇ ਨਾਲ ਅਧਿਆਪਕ ਨੇ ਕੀਤੀ ਕੁੱਟਮਾਰ, ਮਾਪਿਆਂ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ

03/18/2022 2:22:46 PM

ਅੰਮ੍ਰਿਤਸਰ (ਗੁਰਿੰਦਰ ਸਾਗਰ ) : ਪੰਜਾਬ ਸਰਕਾਰ ਵੱਲੋਂ ਮੰਦਬੁੱਧੀ ਬੱਚਿਆਂ ਲਈ ਸਪੈਸ਼ਲ ਸਕੂਲ ਖੋਲ੍ਹੇ ਗਏ ਹਨ ਜਿਸ ਵਿੱਚ ਉਨ੍ਹਾਂ ਦੀ ਪੜ੍ਹਾਈ, ਦੇਖਭਾਲ ਅਤੇ ਰੱਖ-ਰਖਾਅ ਦਾ ਖਾਸ ਇੰਤਜਾਮ ਕੀਤਾ ਗਿਆ ਹੈ ਪਰ ਉੱਥੇ ਹੀ ਅੰਮ੍ਰਿਤਸਰ ਦੇ ਇਲਾਕਾ ਰਣਜੀਤ ਐਵਨਿਊ ਦੇ ਮੰਦਬੁੱਧੀ ਬੱਚਿਆਂ ਦੇ ਸਰਕਾਰੀ ਪਹਿਲ ਸਕੂਲ ਕਰਮਪੁਰਾ ਵਿਖੇ ਮੰਦਬੁੱਧੀ ਬੱਚੇ ਨਾਲ ਕੁੱਟਮਰ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮੰਦਬੁੱਧੀ ਬੱਚਾ ਜੋ ਕਿ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ ਜਿਸਦਾ ਨਾਮ ਜਤਿਨ (17) ਹੈ। ਉਸਦੇ ਅਧਿਆਪਕ ਜਿਸ ਦਾ ਨਾਂ ਤਰੁਨ ਕੁਮਾਰ ਹੈ, ਨੇ ਮੰਦਬੁੱਧੀ ਬੱਚੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨਾਲ ਉਸ ਦੇ ਟੀਚਰ ਨੇ ਬਹੁਤ ਬੁਰੀ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਜਦੋਂ ਉਸਦੀ ਸ਼ਿਕਾਇਤ ਸਕੂਲ ਪ੍ਰਸ਼ਾਸਨ ਕੋਲ ਕੀਤੀ ਤਾਂ ਸਕੂਲ ਪ੍ਰਸ਼ਾਸਨ ਨੇ ਇਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ। ਇਨਸਾਫ਼ ਲੈਣ ਲਈ ਅਸੀਂ ਪੁਲਸ ਅਧਿਕਾਰੀਆਂ ਕੋਲ ਪੁੱਜੇ। ਪੁਲਸ ਅਧਿਕਾਰੀਆਂ ਵੱਲੋਂ ਬੱਚੇ ਦਾ ਮੈਡੀਕਲ ਵੀ ਕਰਵਾਇਆ ਗਿਆ। 

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੰਦਬੁੱਧੀ ਬੱਚਿਆਂ ਲਈ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਘਰ ਤੋਂ ਸਕੂਲ ਆਉਣ ਅਤੇ ਲਿਜਾਉਣ ਲਈ ਆਟੋ ਦਾ ਵੀ ਖਾਸ ਪ੍ਰਬੰਧ ਕੀਤੇ ਹਨ ਜਿਸਦੇ ਪੈਸੇ ਵੀ ਸਰਕਾਰ ਦਿੰਦੀ ਹੈ।  ਇਸ ਸਕੂਲ ’ਚ ਉਨ੍ਹਾਂ ਦੀ ਦੇਖਭਾਲ ਅਤੇ ਰੱਖ ਰਖਾਵ ਲਈ ਖਾਸ ਤੌਰ ’ਤੇ ਟੀਚਰ ਲਗਾਏ ਗਏ ਹਨ ਪਰ ਜਦੋਂ ਉਹ ਟੀਚਰ ਹੀ ਹੈਵਾਨ ਬਣ ਜਾਨ ਤਾਂ ਇਨ੍ਹਾਂ ਬੱਚਿਆਂ ਦਾ ਰਖਵਾਲਾ  ਕੌਣ ਹੋਵੇਗਾ ? ਜਤਿਨ ਦੀ ਮਾਂ ਨੇ ਰੋ ਰੋ ਕੇ ਮੀਡੀਆ ਸਾਹਮਣੇ ਦੱਸਿਆ ਕਿ ਮੇਰਾ ਬੱਚਾ ਦੋ ਦਿਨ ਹੋ ਗਏ ਹਨ ਨਾ ਰੋਟੀ ਖਾ ਰਿਹਾ ਹੈ ਅਤੇ ਨਾ ਪਾਣੀ ਪੀ ਰਿਹਾ ਹੈ। ਉਹ ਇਸ਼ਾਰਿਆਂ ਨਾਲ ਸਿਰਫ ਇੰਨਾ ਹੀ ਦੱਸਦਾ ਹੈ ਕਿ ਮੇਰੇ ਟੀਚਰ ਨੇ ਮੈਨੂੰ ਲੱਤਾਂ ਮਾਰੀਆਂ ਤੇ ਮੇਰੇ ਨਾਲ ਕੁੱਟਮਾਰ ਕੀਤੀ।

PunjabKesari

ਇਹ ਵੀ ਪੜ੍ਹੋ : ਬਿਜਲੀ ਚੋਰੀ ਰੋਕਣ ਗਏ ਪਾਵਰਕਾਮ ਦੇ ਐੱਸ.ਡੀ.ਓ ਅਤੇ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ

ਅੱਜ ਜਦੋਂ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨਾਲ ਸਕੂਲ ’ਚ ਪੁੱਜੇ ਤਾਂ ਸਕੂਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਿਸ ਟੀਚਰ ਦਾ ਤੁਸੀਂ ਨਾ ਲੈ ਰਹੇ ਹੋ ਉਹ ਟੀਚਰ ਛੁੱਟੀ ’ਤੇ ਸੀ। ਪਰ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਜੇਕਰ ਉਹ ਟੀਚਰ ਛੁੱਟੀ ’ਤੇ ਸੀ ਤਾਂ ਉਸ ਮੰਦਬੁੱਧੀ ਬੱਚੇ ਨਾਲ ਕਿਸ ਨੇ ਕੁੱਟਮਾਰ ਕੀਤੀ ? ਇਹ ਵੀ ਸਕੂਲ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰਦਾ ਹੈ। ਜਦੋਂ ਪਰਿਵਾਰਕ ਮੈਂਬਰ ਸਕੂਲ ’ਚ ਹੱਲਾ-ਗੁੱਲਾ ਕਰਨ ਲੱਗੇ ਤਾਂ ਪੁਲਸ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜਿਆ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰ ਥਾਣੇ ਬੁਲਾਇਆ ਤੇ ਸਕੂਲ ਦੇ ਅਧਿਕਾਰੀਆਂ ਨੂੰ ਥਾਣੇ ਬੁਲਾ ਕੇ ਜਾਂਚ ਕਰਨ ਲਈ ਕਿਹਾ ਗਿਆ। ਜਦੋਂ ਪਰਿਵਾਰਕ ਮੈਂਬਰਾਂ ਅਤੇ ਪੁਲਸ ਨਾਲ ਗੱਲਬਾਤ ਕੀਤੀ ਪੁਲਸ ਅਧਿਕਾਰੀਆਂ ਨੇ ਕਿਹਾ ਸਾਨੂੰ ਸ਼ਿਕਾਇਤ ਆਈ ਹੈ ਕਿ ਇਕ ਮੰਦਬੁੱਧੀ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਅਸੀਂ ਉਸ ਦਾ ਮੈਡੀਕਲ ਵੀ ਕਰਵਾਇਆ ਹੈ ਉਸ ਦੀ ਪਿੱਠ ਤੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਦੇ ਨਿਸ਼ਾਨ ਪਏ ਹੋਏ ਸਨ। ਉਨ੍ਹਾਂ ਕਿਹਾ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਸਾਡਾ ਟੀਚਰ ਤਰੁਣ ਛੁੱਟੀ ’ਤੇ ਸੀ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ’ਤੇ ਅਸੀਂ ਜਾਂਚ ਕਮੇਟੀ ਬਿਠਾ ਰਹੇ ਹਾਂ, ਜੋ ਵੀ ਦੋਸ਼ੀ ਹੋਇਆ ਉਸਦੇ ਖ਼ਿਲਾਫ਼ ਸਕੂਲ ਪ੍ਰਸ਼ਾਸਨ ਕਾਰਵਾਈ ਕਰੇਗਾ। ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਪ੍ਰਸ਼ਾਸਨ ਨੇ ਉਸ ਟੀਚਰ ਨੂੰ ਡਿਸਮਿਸ ਨਾ ਕੀਤਾ ਤਾਂ ਅਸੀਂ ਸਕੂਲ ਪ੍ਰਸ਼ਾਸਨ ਦੇ ਖ਼ਿਲਾਫ਼ ਧਰਨਾ ਵੀ ਲਗਾਵਾਂਗੇ। ਅਸੀਂ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕਰਦੇ ਹਾਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News