ਸਰਕਾਰ ਦੇ ਯਤਨਾਂ ਸਦਕਿਆਂ ਕੋਟਾ ''ਚ ਫਸੇ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀ ਦੀ ਹੋਈ ਘਰ ਵਾਪਸੀ

Tuesday, Apr 28, 2020 - 07:58 PM (IST)

ਸਰਕਾਰ ਦੇ ਯਤਨਾਂ ਸਦਕਿਆਂ ਕੋਟਾ ''ਚ ਫਸੇ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀ ਦੀ ਹੋਈ ਘਰ ਵਾਪਸੀ

ਸੰਗਰੂਰ,(ਸਿੰਗਲਾ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲੱਗੇ ਕਰਫਿਊ ਅਤੇ ਲਾਕਡਾਊਨ ਦੇ ਚੱਲਦਿਆਂ ਪੰਜਾਬ ਦੇ ਕੁਝ ਵਿਦਿਆਰਥੀ ਕੋਟਾ (ਰਾਜਸਥਾਨ) ਵਿਖੇ ਫਸੇ ਹੋਏ ਸਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਚੋਂ ਇਕ ਵਿਦਿਆਰਥੀ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਨਾਲ ਸਬੰਧਤ ਹੈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਵਲ ਹਸਪਤਾਲ ਵਿਖੇ ਇਸ ਵਿਦਿਆਰਥੀ ਦਾ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਦੀ ਅਗਵਾਈ ਹੇਠਲੀ ਡਾਕਟਰੀ ਟੀਮ ਵੱਲੋਂ ਸੈਂਪਲ ਲਿਆ ਗਿਆ। ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਦੇ ਹੋਰਨਾਂ ਰਾਜਾਂ 'ਚੋਂ ਆਉਣ ਵਾਲੇ ਲੋਕਾਂ ਦੇ  ਸੈਂਪਲ ਲੈ ਕੇ ਇਕਾਂਤਵਾਸ 'ਚ ਭੇਜਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਹੁਣ ਤੱਕ ਜਿਥੇ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦਾ ਸੈਂਪਲ ਲਿਆ ਗਿਆ ਉਥੇ ਹੀ ਜੈਸਲਮੇਰ ਤੋਂ ਆਉਣ ਵਾਲੇ ਮਜ਼ਦੂਰਾਂ ਸਮੇਤ ਹੋਰ ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ। ਕੋਟਾ ਤੋਂ ਆਏ ਵਿਦਿਆਰਥੀ ਨੂੰ ਸੈਂਪਲਿੰਗ ਮਗਰੋਂ 14 ਦਿਨਾਂ ਲਈ ਘਰ 'ਚ ਹੀ ਇਕਾਂਤਵਾਸ ਦੇ ਆਦੇਸ਼ ਦਿੱਤੇ ਗਏ ਹਨ ਤੇ ਕਿਸੇ ਵੀ ਹਾਲਤ 'ਚ ਇਨ੍ਹਾਂ ਹੁਕਮਾਂ ਦੀ ਉਲੰਘਣਾ ਨਾ ਕਰਨ ਲਈ ਪਾਬੰਦ ਕੀਤਾ ਗਿਆ ਹੈ। ਰਾਜਸਥਾਨ ਤੋਂ ਪਰਤੇ ਵਿਦਿਆਰਥੀ ਅਮਿਤ ਰਾਜ ਨੇ ਕਿਹਾ ਕਿ ਉਹ ਕੋਟਾ 'ਚ ਪੜ੍ਹਾਈ ਕਰ ਰਿਹਾ ਸੀ ਪਰ ਲਾਕਡਾਊਨ ਹੋਣ ਕਰ ਕੇ ਉਥੇ ਫਸ ਗਿਆ ਸੀ। ਉਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਯਤਨਾਂ ਤੋਂ ਬਿਨਾਂ ਉਸਦੀ ਅਤੇ ਉਸਦੇ ਸਾਥੀ ਵਿਦਿਆਰਥੀਆਂ ਦੀ ਵਾਪਸੀ ਬੇਹੱਦ ਮੁਸ਼ਕਿਲ ਸੀ।


author

Bharat Thapa

Content Editor

Related News