ਫਗਵਾੜਾ : ਗੱਡੀ ਦੀ ਰਿਪੇਅਰ ਕਰ ਰਹੇ 3 ਵਿਅਕਤੀਆਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, 2 ਦੀ ਮੌਤ
Friday, Mar 18, 2022 - 07:30 PM (IST)
ਫਗਵਾੜਾ (ਜਲੋਟਾ)-ਫਗਵਾੜਾ ’ਚ ਕੌਮੀ ਰਾਜਮਾਰਗ ਨੰਬਰ ਇਕ ’ਤੇ ਗੱਡੀ ਦੀ ਰਿਪੇਅਰ ਕਰ ਰਹੇ ਤਿੰਨ ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਤੋਂ ਬਾਅਦ ਮੌਕੇ ’ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਨਾਲ ਮੌਜੂਦ ਤੀਜਾ ਸਾਥੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਥਾਨਕ ਸਿਵਲ ਹਸਪਤਾਲ ’ਚ ਲਿਆਂਦਾ ਗਿਆ। ਇਸ ਦੌਰਾਨ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਲੰਧਰ ਦੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੰਦੀਪ ਕਤਲਕਾਂਡ : ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚੋਂ ਲਿਆਂਦੇ 3 ਗੈਂਗਸਟਰ 5 ਦਿਨਾ ਰਿਮਾਂਡ ’ਤੇ ਭੇਜੇ
ਜਾਣਕਾਰੀ ਮੁਤਾਬਕ ਹਾਦਸਾ ਉਦੋਂ ਵਾਪਰਿਆ, ਜਦੋਂ ਕੌਮੀ ਰਾਜਮਾਰਗ ਨੰਬਰ ਇਕ ’ਤੇ ਇਕ ਖੜ੍ਹੀ ਗੱਡੀ ਦੀ ਰਿਪੇਅਰ ਕਰ ਰਹੇ ਤਿੰਨ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਸ਼ਾਹੀਨ ਵਾਸੀ ਸਤਨਾਮਪੁਰਾ ਫਗਵਾੜਾ, ਤਾਇਯੂਬ ਅਤੇ ਪ੍ਰੇਮ ਚੰਦ ਵਾਸੀ ਲੇਹਲ ਕਲਾਂ ਜਲੰਧਰ ਨੂੰ ਵੇਖਦਿਆਂ ਹੀ ਵੇਖਦਿਆਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਆਪਣੀ ਲਪੇਟ ’ਚ ਲੈ ਲਿਆ, ਜਿਸ ਤੋਂ ਬਾਅਦ ਮੌਕੇ ’ਤੇ ਹੀ ਤਾਇਯੂਬ ਅਤੇ ਪ੍ਰੇਮ ਚੰਦ ਦੀ ਮੌਤ ਹੋ ਗਈ, ਜਦਕਿ ਸ਼ਾਹੀਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਟਾਂਡਾ ਗਊ ਕਤਲਕਾਂਡ ’ਚ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਦੋ ਮੁੱਖ ਦੋਸ਼ੀ UP ’ਚੋਂ ਗ੍ਰਿਫ਼ਤਾਰ
ਮੌਕੇ ’ਤੇ ਮੌਜੂਦ ਰਹੇ ਕੁਝ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਸਮੇਂ ਤਕ ਕਿਸੇ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਕਿ ਅਸਲ ’ਚ ਵਾਪਰਿਆ ਕੀ ਹੈ। ਉੱਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਫਗਵਾੜਾ ਪੁਲਸ ਦੀਆਂ ਟੀਮਾਂ ਨੇ ਮ੍ਰਿਤਕ ਤਾਇਯੂਬ ਅਤੇ ਪ੍ਰੇਮ ਚੰਦ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ, ਜਦਕਿ ਜ਼ਖ਼ਮੀ ਹੋਏ ਸ਼ਾਹੀਨ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਡਾਕਟਰਾਂ ਵੱਲੋਂ ਮੁੱਢਲਾ ਇਲਾਜ ਦੇਣ ਤੋਂ ਬਾਅਦ ਜਲੰਧਰ ਵਿਖੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਬਣੀ ਕਾਰ ਦਾ ਡਰਾਈਵਰ ਕਾਰ ਛੱਡ ਕੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਕਾਰ ਨੂੰ ਕਬਜ਼ੇ ’ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਸਿੰਘ ਇਆਲੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਨਿਯੁਕਤ