ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ

Monday, Oct 30, 2023 - 10:02 AM (IST)

ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨ ਖ਼ਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ

ਚੰਡੀਗੜ੍ਹ (ਰਾਜਿੰਦਰ) : ਦੂਜੀ ਵਾਰ ਸੋਧੀ ਹੋਈ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਤਹਿਤ ਨਿਰਧਾਰਤ ਕੋਟੇ ਨੂੰ ਪੂਰਾ ਕਰਨ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਮੁੜ ਪਾਬੰਦੀ ਲਾ ਦਿੱਤੀ ਹੈ। ਸੋਧੀ ਹੋਈ ਨੀਤੀ ਤਹਿਤ ਸਿਰਫ਼ 1609 ਦੋਪਹੀਆ ਵਾਹਨਾਂ ਦੀ ਹੀ ਰਜਿਸਟ੍ਰੇਸ਼ਨ ਹੋਣੀ ਸੀ ਅਤੇ ਇਹ ਕੋਟਾ ਐਤਵਾਰ ਦੁਪਹਿਰ 1.50 ਵਜੇ ਦੇ ਕਰੀਬ ਪੂਰਾ ਹੋ ਗਿਆ। ਇਸ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਪੋਰਟਲ ਬੰਦ ਕਰ ਦਿੱਤਾ ਹੈ। ਸ਼ਨੀਵਾਰ ਰਾਤ ਨੂੰ ਸਿਰਫ਼ 43 ਵਾਹਨਾਂ ਦਾ ਕੋਟਾ ਬਚਿਆ ਸੀ। ਹੁਣ ਸਿਰਫ਼ ਇਲੈਕਟ੍ਰਿਕ ਦੋਪਹੀਆ ਵਾਹਨ ਹੀ ਰਜਿਸਟਿੰਗ ਐਂਡ ਲਾਇਸੈਂਸਿੰਗ ਅਥਾਰਟੀ ਵਲੋਂ ਰਜਿਸਟਰਡ ਕੀਤੇ ਜਾਣਗੇ।
18 ਅਕਤੂਬਰ ਨੂੰ ਹੀ ਕੀਤੀ ਸੀ ਦੂਜੀ ਵਾਰ ਸੋਧ
ਦੱਸਣਯੋਗ ਹੈ ਕਿ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਦੇ ਆਟੋਮੋਬਾਇਲ ਡੀਲਰਾਂ ਦੀ ਮੰਗ ਨੂੰ ਦੇਖਦਿਆਂ 18 ਅਕਤੂਬਰ ਨੂੰ ਦੂਜੀ ਵਾਰ ਇਲੈਕਟ੍ਰਿਕ ਵਾਹਨ ਪਾਲਿਸੀ 'ਚ ਸੋਧ ਕੀਤੀ ਸੀ। ਨਵੀਂ ਕੈਪਿੰਗ ਤਹਿਤ ਇਸ ਸਾਲ 85 ਫ਼ੀਸਦੀ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ ਰਜਿਸਟਰਡ ਕੀਤੇ ਜਾਣੇ ਸਨ ਕਿਉਂਕਿ ਪਹਿਲੀ ਸੋਧ ਤੋਂ ਬਾਅਦ ਇਹ 75 ਫ਼ੀਸਦੀ ਸੀ। ਇਸੇ ਤਰ੍ਹਾਂ ਇਲੈਕਟ੍ਰਿਕ ਚਾਰ ਪਹੀਆ ਵਾਹਨਾਂ ਦੀ ਕੈਪਿੰਗ ਵੀ 25 ਤੋਂ ਘਟਾ ਕੇ 12 ਫ਼ੀਸਦੀ ਕਰ ਦਿੱਤੀ ਗਈ ਹੈ। ਹੁਣ ਸ਼ਹਿਰ ਵਿਚ 88 ਫ਼ੀਸਦੀ ਤਕ ਗੈਰ-ਇਲੈਕਟ੍ਰਿਕ ਚਾਰ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਹੈ। ਚਾਰ ਪਹੀਆ ਵਾਹਨਾਂ ਦਾ ਕੋਟਾ ਵੀ ਖ਼ਤਮ ਹੋਣ ਵਾਲਾ ਸੀ ਅਤੇ ਅਗਲੇ ਮਹੀਨੇ ਇਸ ’ਤੇ ਪਾਬੰਦੀ ਲੱਗਣ ਦੀ ਸੰਭਾਵਨਾ ਸੀ ਪਰ ਕੋਟਾ ਵਧਣ ਕਾਰਨ ਫਿਲਹਾਲ ਰਜਿਸਟ੍ਰੇਸ਼ਨ ਜਾਰੀ ਰਹਿ ਸਕੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਜਾਣ ਦੀ ਚਰਚਾ ਵਿਚਾਲੇ ਗਵਰਨਰ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
ਤਿਉਹਾਰਾਂ ਦੇ ਸੀਜ਼ਨ ’ਚ ਵੱਧ ਜਾਂਦੀ ਹੈ ਸੇਲ
ਲਗਭਗ 10 ਆਟੋਮੋਬਾਈਲ ਡੀਲਰ ਸਮੂਹਿਕ ਰੂਪ ਨਾਲ ਸਲਾਨਾ ਲਗਭਗ 20 ਹਜ਼ਾਰ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨ ਵੇਚਦੇ ਹਨ, ਜਦਕਿ ਹਰ ਮਹੀਨੇ ਲਗਭਗ 1600 ਵਾਹਨ ਵੇਚੇ ਜਾਂਦੇ ਹਨ। ਇਸ ਦੇ ਨਾਲ ਹੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਗਿਣਤੀ ਵਧ ਕੇ 4 ਹਜ਼ਾਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਇਕ ਨਵੰਬਰ ਨੂੰ ਹੋਣ ਵਾਲੀ ਮਹਾ ਬਹਿਸ ਤੋਂ ਪਹਿਲਾਂ ‘ਆਪ’ ਨੇ ਜਾਰੀ ਕੀਤਾ ਟੀਜ਼ਰ
ਰੋਕ ਕਾਰਨ ਡੀਲਰਾਂ ’ਚ ਭਾਰੀ ਰੋਸ
ਇਸ ਸਬੰਧੀ ਫੈੱਡਰੇਸ਼ਨ ਆਫ਼ ਆਟੋਮੋਬਾਇਲ ਡੀਲਰਜ਼ ਐਸੋਸੀਏਸ਼ਨ ਚੰਡੀਗੜ੍ਹ ਦੇ ਵਿੱਤ ਸਕੱਤਰ ਰਾਮ ਕੁਮਾਰ ਗਰਗ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਕੈਪਿੰਗ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕੈਪਿੰਗ ਇੱਥੇ ਹੀ ਲਾਈ ਜਾਂਦੀ ਹੈ, ਜਦਕਿ ਹੋਰ ਕਿਤੇ ਵੀ ਕੋਈ ਪਾਬੰਦੀ ਨਹੀਂ ਹੈ। ਹੁਣ ਸਿਰਫ਼ ਉਹ ਯੂ. ਟੀ. ਪ੍ਰਸ਼ਾਸਕ ਨੂੰ ਹੀ ਅਪੀਲ ਕਰਦੇ ਹਨ ਕਿ ਕੈਪਿੰਗ ਹਟਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ ਕਿਉਂਕਿ ਆਟੋਮੋਬਾਇਲ ਡੀਲਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਇਲਾਵਾ ਦੋਪਹੀਆ ਵਾਹਨ ਖ਼ਰੀਦਣ ਦੇ ਚਾਹਵਾਨ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਵਿਕਰੀ ਲਈ ਅਹਿਮ ਸਮਾਂ ਹੁੰਦਾ ਹੈ ਅਤੇ ਇਸ ਦਿਨ ਪ੍ਰਸ਼ਾਸਨ ਵਲੋਂ ਰਜਿਸਟ੍ਰੇਸ਼ਨ ’ਤੇ ਪਾਬੰਦੀ ਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਇਕ ਹੋਰ ਡੀਲਰ ਨੇ ਦੱਸਿਆ ਕਿ ਇਸ ਸਮੇਂ ਚੰਡੀਗੜ੍ਹ 'ਚ 10 ਦੇ ਕਰੀਬ ਡੀਲਰ ਕੰਮ ਕਰ ਰਹੇ ਹਨ ਅਤੇ ਹਰੇਕ ਡੀਲਰ ਕੋਲ 250 ਜਾਂ ਇਸ ਤੋਂ ਵੱਧ ਦੋਪਹੀਆ ਵਾਹਨ ਖੜ੍ਹੇ ਹਨ। ਇਨ੍ਹਾਂ ਦੇ ਜ਼ਿਆਦਾਤਰ ਵਾਹਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਵਿਕ ਜਾਂਦੇ ਹਨ। ਹੁਣ ਜੇਕਰ ਪ੍ਰਸ਼ਾਸਨ ਨੇ ਦੋਪਹੀਆ ਵਾਹਨਾਂ ਦੀ ਵਿਕਰੀ ਨਾ ਹੋਣ ਦਿੱਤੀ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਉਹ ਦੀਵਾਲੀ ਤੋਂ ਪਹਿਲਾਂ ਹੀ ਵਾਹਨ ਇਕੱਠੇ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇਕਰ ਇਨ੍ਹਾਂ ਨੂੰ ਸਮੇਂ ਸਿਰ ਨਾ ਵੇਚਿਆ ਗਿਆ ਤਾਂ ਇਹ ਪੁਰਾਣੇ ਹੋ ਜਾਣਗੇ ਅਤੇ ਕੋਈ ਵੀ ਇਨ੍ਹਾਂ ਨੂੰ ਖ਼ਰੀਦਣ ਲਈ ਤਿਆਰ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News