ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

Monday, Dec 12, 2022 - 01:52 PM (IST)

ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਗੁਰਦਾਸਪੁਰ (ਵਿਨੋਦ)- ਪੇਸ਼ਾਵਰ ਦੀ ਸਿੱਖ ਸੰਗਤ ਵੱਲੋਂ ਦਾਇਰ ਪਟੀਸ਼ਨ ’ਤੇ ਪਾਕਿਸਤਾਨ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਜਨਗਣਨਾ ’ਚ ਪ੍ਰਕਾਸ਼ਿਤ ਫਾਰਮ ’ਚ ਸਿੱਖ ਕੌਮ ਨੂੰ ਵੱਖਰੀ ਕੌਮ ਦੇ ਰੂਪ ’ਚ ਕਾਲਮ ਬਣਾਇਆ ਜਾਵੇ। ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਕੌਮ ਨੂੰ ਵੱਖਰੀ ਕੌਮ ਦੇ ਰੂਪ ’ਚ ਮਾਨਤਾ ਮਿਲੀ ਹੈ। ਜਾਣਕਾਰੀ ਅਨੁਸਾਰ ਜਣਗਣਨਾ ਦੀ ਸੂਚੀ ’ਚ ਸਿੱਖ ਭਾਈਚਾਰੇ ਨੂੰ ਸ਼ਾਮਲ ਨਾ ਕੀਤੇ ਜਾਣ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਸਿੱਖਾਂ ਦੇ ਪੱਖ ’ਚ ਫੈਸਲਾ ਸੁਣਾਇਆ। ਪੇਸ਼ਾਵਰ ਸਿੱਖ ਸੰਗਤ ਦੇ ਨੇਤਾ ਗੁਰਪਾਲ ਸਿੰਘ ਸਮੇਤ ਪੰਜ ਸਿੱਖਾਂ ਨੇ 23 ਮਾਰਚ 2017 ’ਚ ਪੇਸ਼ਾਵਰ ਹਾਈਕੋਰਟ ’ਚ ਆਪਣੇ ਵਕੀਲ ਸ਼ਾਹਿਦ ਰਜ਼ਾ ਮਲਿਕ ਦੇ ਮਾਧਿਅਮ ਨਾਲ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਨੂੰ ਵੱਖਰੀ ਕੌਮ ਦੇ ਰੂਪ ’ਚ ਜਨਗਣਨਾ ’ਚ ਸ਼ਾਮਲ ਕੀਤਾ ਜਾਵੇ ਅਤੇ ਫਾਰਮ ਵਿਚ ਵੱਖਰਾ ਕਾਲਮ ਬਣਾਇਆ ਜਾਵੇ ਪਰ ਪੇਸ਼ਾਵਰ ਹਾਈਕੋਰਟ ਨੇ ਇਸ ’ਤੇ ਉਲਟ ਫੈਸਲਾ ਸੁਣਾਉਂਦੇ ਹੋਏ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ-100 ਸਾਲ ਨੂੰ ਢੁਕੀ ਬੀਬੀ ਸਦਰੋ ਅਜੋਕੀ ਪੀੜ੍ਹੀ ਲਈ ਮਿਸਾਲ, ਬਿਨਾਂ ਐਨਕਾਂ ਦੇ ਹੱਥੀਂ ਬੁਣਦੀ ਹੈ ਸਵੈਟਰ

ਪੇਸ਼ਾਵਰ ਹਾਈਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਉਨ੍ਹਾਂ ਨੇ ਫਿਰ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਸੁਪਰੀਮ ਕੋਰਟ ਨੇ ਬਹਿਸ ਤੋਂ ਬਾਅਦ ਅਦਾਲਤ ਨੇ ਚੀਫ ਕਮਿਸ਼ਨਰ ਜਨਗਣਨਾ, ਪਾਕਿਸਤਾਨ ਬਿਊਰੋ ਆਫ ਸਟੈਟਿਕਸ ਸਮੇਤ ਹੋਰ ਮੰਤਰਾਲਿਆਂ ਨੂੰ ਨੋਟਿਸ ਜਾਰੀ ਕਰਕੇ ਆਦੇਸ਼ ਦਿੱਤਾ ਕਿ ਜਨਗਣਨਾ ਦੇ ਫਾਰਮ ’ਚ ਸਿੱਖ ਭਾਈਚਾਰੇ ਨੂੰ ਵੱਖਰੀ ਪਛਾਣ ਦਿੰਦੇ ਹੋਏ ਸਿੱਖ ਕੌਮ ਲਈ ਵੱਖਰ ਤੌਰ ’ਤੇ ਕਾਲਮ ਬਣਾਇਆ ਜਾਵੇ, ਜਦਕਿ ਪਹਿਲਾਂ ਸਿੱਖ ਕੌਮ ਨੂੰ ਵੀ ਘੱਟਗਿਣਤੀ ਫਿਰਕੇ ਵਿਚ ਹੀ ਸ਼ਾਮਲ ਕੀਤਾ ਜਾਂਦਾ ਸੀ।  

ਇਹ ਵੀ ਪੜ੍ਹੋ- ਗਰੀਬ ਕਿਸਾਨ ਦੇ ਪੁੱਤ ਨੇ ਚਮਕਾਇਆ ਪੰਜਾਬ ਦਾ ਨਾਂ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਇਹ ਮੁਕਾਮ

ਸੂਤਰਾਂ ਅਨੁਸਾਰ ਪਾਕਿਸਤਾਨ ’ਚ ਹੋਣ ਵਾਲੀ ਜਨਗਣਨਾ ਦੇ ਫਾਰਮ ’ਚ ਪਾਕਿਸਤਾਨ ਵਿਚ ਰਹਿੰਦੇ ਸਿੱਖ ਭਾਈਚਾਰੇ ਨੂੰ ਕਾਲਮ ਨੰਬਰ 6 ’ਚ ਅਦਰਜ਼ ਦੀ ਸ਼੍ਰੇਣੀ ’ਚ ਰੱਖਿਆ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੀ ਆਬਾਦੀ ਸਬੰਧੀ ਕਿਸੇ ਨੂੰ ਜਾਣਕਾਰੀ ਨਹੀਂ ਮਿਲ ਰਹੀ ਸੀ। ਅਦਾਲਤ ਦੇ ਫੈਸਲੇ ’ਤੇ ਪੇਸ਼ਾਵਰ ਸਿੱਖ ਸੰਗਤ ਦੇ ਨੇਤਾ ਗੁਰਪਾਲ ਸਿੰਘ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਅਜੇ ਵੀ ਸ਼ੱਕ ਪ੍ਰਗਟ ਕੀਤਾ ਕਿ ਪਾਕਿਸਤਾਨ ਸਰਕਾਰ ਪਾਕਿਸਤਾਨ ਸੁਪਰੀਮ ਕੋਰਟ ਦੇ ਆਦੇਸ਼ ਨੂੰ ਰੋਕਣ ਲਈ ਕੁਝ ਕਦਮ ਜ਼ਰੂਰ ਉਠਾਏਗੀ ਅਤੇ ਪਾਕਿਸਤਾਨ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਦ ਤਕ ਸਿੱਖ ਭਾਈਚਾਰੇ ਲਈ ਫਾਰਮ ਵਿਚ ਵੱਖਰਾ ਕਾਲਮ ਨਹੀਂ ਬਣਾਇਆ ਜਾਦਾ ਤਾਂ ਜਨਗਣਨਾ ’ਚ ਹਿੱਸਾ ਨਾ ਲੈ ਕੇ ਵਿਰੋਧ ਪ੍ਰਗਟ ਕੀਤਾ ਜਾਵੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 

 


author

Shivani Bassan

Content Editor

Related News