ਮੋਟਰਸਾਈਕਲ ਟਕਰਾਉਣ ''ਤੇ ਕੀਤਾ ਚਾਕੂ ਨਾਲ ਹਮਲਾ
Friday, Aug 11, 2017 - 04:31 AM (IST)

ਭਾਮੀਆਂ ਕਲਾਂ, (ਜ.ਬ.)- ਰਸਤੇ 'ਚ ਮੋਟਰਸਾਈਕਲ ਨਾਲ ਮਾਮੂਲੀ ਟੱਕਰ ਦੇ ਬਾਅਦ ਦੋ ਨੌਜਵਾਨਾਂ ਨੇ ਕਥਿਤ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਇਕ ਚਾਚੇ-ਭਤੀਜੇ ਨੂੰ ਜ਼ਖਮੀ ਕਰ ਦਿੱਤਾ, ਜਿਸ ਦੇ ਬਾਅਦ ਮੌਕੇ 'ਤੇ ਪਹੁੰਚੀ ਚੌਕੀ ਮੂੰਡੀਆਂ ਕਲਾਂ ਦੀ ਪੁਲਸ ਨੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ, ਜਦਕਿ ਦੂਸਰਾ ਮੌਕੇ 'ਤੋਂ ਭੱਜਣ 'ਚ ਕਾਮਯਾਬ ਹੋ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮੁਹੱਲਾ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਰਵੀ ਕੁਮਾਰ ਪੁੱਤਰ ਪਾਲੇ ਰਾਮ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਤੇ ਉਸ ਦਾ ਭਤੀਜਾ ਵਿਸ਼ਾਲ ਕੁਮਾਰ ਪੁੱਤਰ ਸੋਹਣਵੀਰ ਸੁੰਦਰ ਨਗਰ ਚੌਕ ਵੱਲ ਨੂੰ ਜਾ ਰਹੇ ਸੀ। ਰਸਤੇ 'ਚ ਉਨ੍ਹਾਂ ਦਾ ਮੋਟਰਸਾਈਕਲ ਦੋ ਨੌਜਵਾਨਾਂ ਨਾਲ ਟਕਰਾ ਗਿਆ। ਉਕਤ ਦੋਵੇਂ ਨੌਜਵਾਨਾਂ ਨੇ ਸ਼ਰਾਬ ਦਾ ਕਥਿਤ ਨਸ਼ਾ ਕੀਤਾ ਹੋਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਚੌਕੀ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਜਦੋਂ ਉਸ ਨੇ ਉਕਤ ਨੌਜਵਾਨਾਂ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸ ਦੇ ਭਤੀਜੇ ਦੀ ਗਰਦਨ 'ਤੇ ਕਥਿਤ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਵਿਸ਼ਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੁਖਰਾਜ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪੀਰੂ ਬੰਦਾ, ਸਲੇਮਟਾਬਰੀ ਅਤੇ ਬਲਵੰਤ ਸਿੰਘ ਹਨੀ ਪੁੱਤਰ ਬ੍ਰਿਜ ਲਾਲ ਵਾਸੀ ਸੁੰਦਰ ਨਗਰ, ਮੂੰਡੀਆਂ ਕਲਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਸੁਖਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਬਲਵੰਤ ਹਨੀ ਮੌਕੇ 'ਤੋਂ ਫਰਾਰ ਹੋ ਗਿਆ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।