ਭਾਜਪਾ ’ਚ ਸ਼ਾਮਲ ਹੋਏ ਸੀਨੀਅਰ ਆਗੂ ਦੇ ਕਰੀਬੀ ਦੀ ਕਾਲੋਨੀ ’ਤੇ ਵੱਡੀ ਕਾਰਵਾਈ, 1 ਕੋਠੀ ਤੇ 50 ਦੁਕਾਨਾਂ ਢਾਹੀਆਂ

Tuesday, Apr 02, 2024 - 01:22 AM (IST)

ਭਾਜਪਾ ’ਚ ਸ਼ਾਮਲ ਹੋਏ ਸੀਨੀਅਰ ਆਗੂ ਦੇ ਕਰੀਬੀ ਦੀ ਕਾਲੋਨੀ ’ਤੇ ਵੱਡੀ ਕਾਰਵਾਈ, 1 ਕੋਠੀ ਤੇ 50 ਦੁਕਾਨਾਂ ਢਾਹੀਆਂ

ਜਲੰਧਰ (ਪੁਨੀਤ)– ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਵੈਸਟ ਹਲਕੇ ਦੇ ਇਕ ਸੀਨੀਅਰ ਆਗੂ ਦੇ ਕਰੀਬੀ ਬਸਤੀ ਬਾਵਾ ਖੇਲ ਸਥਿਤ ਨਿਊ ਰਾਜ ਨਗਰ ’ਚ ਬਣਾਈ ਜਾ ਰਹੀ ਕਾਲੋਨੀ ਨੂੰ ਨਗਰ ਨਿਗਮ ਵਲੋਂ ਢਾਹ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਕਰੀਬ 50 ਦੁਕਾਨਾਂ ਤੇ 1 ਕੋਠੀ ਨੂੰ ਢਾਹ ਦਿੱਤਾ ਗਿਆ ਹੈ, ਜਿਸ ਕਾਰਨ ਕਾਲੋਨੀ ਕੱਟਣ ਵਾਲਿਆਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਕਾਲੋਨੀ ਪੱਛਮੀ ਵਿਧਾਨ ਸਭਾ ਹਲਕੇ ਅਧੀਨ ਆਉਂਦੀ ਹੈ, ਜਿਸ ’ਤੇ ਡਿੱਚ ਮਸ਼ੀਨ ਨਾਲ ਕਾਰਵਾਈ ਕੀਤੀ ਗਈ ਹੈ।

ਇਸ ਕਾਲੋਨੀ ’ਚ ਕਈ ਖਾਮੀਆਂ ਹੋਣ ਦੇ ਬਾਵਜੂਦ ਨਿਗਮ ਅਧਿਕਾਰੀ ਇਸ ਕਾਲੋਨੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਨ ਪਰ ਉਕਤ ਆਗੂ ਵਲੋਂ ‘ਆਪ’ ਛੱਡੇ ਜਾਣ ਕਾਰਨ ਨਿਗਮ ਅਧਿਕਾਰੀ ਹਰਕਤ ’ਚ ਆ ਗਏ ਤੇ ਇਹ ਵੱਡੀ ਕਾਰਵਾਈ ਕੀਤੀ। ਅੱਜ ਕੀਤੀ ਗਈ ਇਹ ਕਾਰਵਾਈ ਇਹ ਸਾਬਿਤ ਕਰ ਰਹੀ ਹੈ ਕਿ ਸੀਨੀਅਰ ਆਗੂਆਂ ਦੇ ਦਬਾਅ ਕਾਰਨ ਨਿਗਮ ਅਧਿਕਾਰੀ ਹੁਣ ਤੱਕ ਚੁੱਪ ਸਨ।

ਕਾਰਵਾਈ ਦਾ ਸ਼ਿਕਾਰ ਹੋਈ ਕਾਲੋਨੀ ਘੁੰਮਣ ਨਾਂ ਦੇ ਵਿਅਕਤੀ ਨਾਲ ਸਬੰਧਤ ਦੱਸੀ ਜਾਂਦੀ ਹੈ। ਇਥੇ ਕਾਲੋਨੀ ਦੇ ਬਾਹਰਵਾਰ ਇਕ ਮਾਰਕੀਟ ਬਣਾਈ ਜਾ ਰਹੀ ਸੀ, ਜਿਸ ’ਚ ਕਰੀਬ 50 ਦੁਕਾਨਾਂ ਬਣਾਉਣ ਲਈ ਮਾਰਕਿੰਗ ਕੀਤੀ ਗਈ ਸੀ ਤੇ ਮੁੱਢਲਾ ਢਾਂਚਾ ਸ਼ੁਰੂ ਹੋ ਗਿਆ ਸੀ। ਨਿਗਮ ਦੀ ਕਾਰਵਾਈ ਦੇ ਨਤੀਜੇ ਵਜੋਂ ਸਾਰੀਆਂ ਦੁਕਾਨਾਂ ਦੀ ਮਾਰਕਿੰਗ ਤੇ ਸ਼ੁਰੂਆਤੀ ਢਾਂਚੇ ਨੂੰ ਢਾਹ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੁਕਾਨਾਂ ’ਚੋਂ ਕਈ ਦੁਕਾਨਾਂ ਲੋਕਾਂ ਵਲੋਂ ਪਹਿਲਾਂ ਹੀ ਖ਼ਰੀਦੀਆਂ ਜਾ ਚੁੱਕੀਆਂ ਸਨ, ਜਦਕਿ ਕਈਆਂ ਸਬੰਧੀ ਗੱਲਬਾਤ ਚੱਲ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਛੱਡ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਵਾਈ ਪਲੱਸ ਸੁਰੱਖਿਆ

ਉਥੇ ਹੀ ਜੋ ਕੋਠੀ ਢਾਹੀ ਗਈ, ਉਸ ਦਾ ਲੈਂਟਰ ਵੀ ਪੈ ਚੁੱਕਾ ਸੀ। ਨਿਗਮ ਦੀ ਇਹ ਕਾਰਵਾਈ ਨੇਤਾ ਦੇ ਪਾਰਟੀ ਛੱਡਣ ਤੋਂ ਪ੍ਰੇਰਿਤ ਜਾਪਦੀ ਹੈ। ਅੱਜ ਦੁਪਹਿਰ ਭਾਰੀ ਪੁਲਸ ਫੋਰਸ ਨਾਲ ਪੁੱਜੀ ਨਿਗਮ ਦੀ ਟੀਮ ਨੇ ਉਕਤ ਕਾਲੋਨੀ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਹੋਰ ਕੋਠੀਆਂ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ।

ਚੋਣ ਕਮਿਸ਼ਨ ਨੂੰ ਕੀਤੀ ਜਾ ਸਕਦੀ ਹੈ ਸ਼ਿਕਾਇਤ
ਨਿਗਮ ਵਲੋਂ ਕਾਰਵਾਈ ਦੌਰਾਨ ਢਾਹੇ ਗਈ ਕੋਠੀ ਦਾ ਵੱਡਾ ਹਿੱਸਾ ਮੁਕੰਮਲ ਕਰ ਲਿਆ ਗਿਆ ਸੀ। ਅਜਿਹੇ ’ਚ ਕੋਠੀ ਬਣਾਉਣ ਵਾਲੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵੱਡਾ ਸਵਾਲ ਇਹ ਹੈ ਕਿ ਜੇਕਰ ਉਕਤ ਮਕਾਨ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਸੀ ਤਾਂ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਅਜਿਹੇ ’ਚ ਨਿਗਮ ਦੀ ਕਾਰਵਾਈ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਸਬੰਧਤ ਆਗੂ ਵਲੋਂ ਨਹੀਂ ਆਈ ਕੋਈ ਪ੍ਰਤੀਕਿਰਿਆ
ਨਿਗਮ ਦੀ ਉਕਤ ਕਾਰਵਾਈ ਨੂੰ ਲੈ ਕੇ ਸ਼ਹਿਰ ’ਚ ਚਰਚਾ ਦਾ ਬਾਜ਼ਾਰ ਗਰਮ ਹੋਣ ਲੱਗਾ ਹੈ ਪਰ ਇਸ ਸਬੰਧੀ ਕਿਸੇ ਵੀ ਧਿਰ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਹੁਣ ਦੇਖਣਾ ਹੋਵੇਗਾ ਕਿ ਉਕਤ ਕਾਰਵਾਈ ਦੱਬ ਜਾਂਦੀ ਹੈ ਜਾਂ ਕਾਲੋਨੀ ’ਤੇ ਨਿਗਮ ਵਲੋਂ ਕਾਰਵਾਈ ਕਰਨ ਦਾ ਮੁੱਦਾ ਉਠਾ ਕੇ ਇਸ ਦਾ ਸਿਆਸੀ ਲਾਹਾ ਲਿਆ ਜਾਂਦਾ ਹੈ। ਆਉਣ ਵਾਲੇ 1-2 ਦਿਨਾਂ ’ਚ ਸਥਿਤੀ ਸਪੱਸ਼ਟ ਹੋ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News