ਨੌਜਵਾਨ ਪੀੜ੍ਹੀ ਤੋਂ ਸੱਖਣੇ ਨਜ਼ਰ ਆਉਣ ਲੱਗੇ ਪਿੰਡ, ਮੁੰਡੇ-ਕੁੜੀਆਂ ਨੇ ਵਿਦੇਸ਼ਾਂ ਵੱਲ ਘੱਤੀਆਂ ਵਹੀਰਾਂ
Wednesday, Sep 13, 2023 - 04:50 PM (IST)
ਸੁਲਤਾਨਪੁਰ ਲੋਧੀ (ਧੀਰ)-ਦੋਆਬਾ ਖੇਤਰ ਤੋਂ ਵੱਡੀ ਗਿਣਤੀ ’ਚ ਨੌਜਵਾਨ ਮੁੰਡੇ-ਕੁੜੀਆਂ 12ਵੀਂ ਤੋਂ ਬਾਅਦ ਆਈਲੈਟਸ ਕਰਕੇ ਕੈਨੇਡਾ, ਯੂ. ਕੇ., ਆਸਟ੍ਰੇਲੀਆ ਅੱਗੇ ਦੀ ਪੜ੍ਹਾਈ ਲਈ ਜਾ ਰਹੇ ਹਨ। ਹਰ ਪਿੰਡ ’ਚੋਂ ਕਰੀਬ 100 ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ ਜਾ ਰਹੇ ਹਨ। ਲੜਕੇ-ਲੜਕੀਆਂ ਵੱਲੋਂ ਵਿਦੇਸ਼ਾਂ ’ਚ ਜਾਣ ਦੇ ਇਸ ਰੁਝਾਨ ਨਾਲ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਖੇਤਰ ਉਤੇ ਵੀ ਬੜਾ ਪ੍ਰਭਾਵਸ਼ਾਲੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ’ਚ ਲੋਕ 15-15, 20-20 ਲੱਖ ਰੁਪਏ ਲਗਾ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਇਸ ਸਾਰੇ ਪੈਸੇ ਦੀ ਕਮੀ ਪੰਜਾਬ ਨੂੰ ਸਹਿਣ ਕਰਨੀ ਪੈਂਦੀ ਹੈ। ਦੂਜੇ ਪਾਸੇ ਬਹੁਤ ਸਾਰੇ ਗਰੀਬ ਕਿਸਾਨ ਜ਼ਮੀਨ ਵੇਚ ਕੇ ਜਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜ ਰਹੇ ਹਨ। ਇਸੇ ਤਰ੍ਹਾਂ ਸਮਾਜਿਕ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ, ਜਿਨ੍ਹਾਂ ਮੁੰਡਿਆਂ ਪਾਸੋਂ ਆਇਲੈਟ ਪਾਸ ਨਹੀਂ ਹੁੰਦੀ ਜਾਂ ਚੰਗੇ ਬੈਂਡ ਨਹੀਂ ਆਉਂਦੇ ਤਾਂ ਉਹ ਆਇਲੈਟ ਪਾਸ ਕੁੜੀਆਂ ਨਾਲ ਵਿਆਹ ਕਰਵਾ ਕੇ ਬਾਹਰ ਜਾਣ ਲਈ ਕਾਹਲੇ ਪੈ ਜਾਂਦੇ ਹਨ ਅਤੇ ਲੜਕੀ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ’ਤੇ ਆਪ ਹੀ ਖ਼ਰਚਾ ਕਰਦੇ ਹਨ।
ਕਈ ਵਾਰ ਤਾਂ ਵੇਖਣ ’ਚ ਆਇਆ ਹੈ ਕਿ ਗੈਰ-ਸੰਵਿਧਾਨਕ ਵਿਆਹ ਰਚਾ ਕੇ ਬਾਹਰ ਜਾਣ ਦੀ ਕਾਹਲ ’ਚ ਸਮਾਜ ਦੀ ਵੀ ਪ੍ਰਵਾਹ ਨਹੀਂ ਕਰਦੇ। ਨੌਜਵਾਨ ਪੀੜ੍ਹੀ ਤੋਂ ਹੁਣ ਪੰਜਾਬ ਦੇ ਪਿੰਡ ਸੱਖਣੇ ਨਜ਼ਰ ਆ ਰਹੇ ਹਨ। ਉਂਝ ਵੀ ਪਿੰਡਾਂ ਵਿਚ ਜੇ ਅਸੀਂ ਨਜ਼ਰ ਮਾਰੀਏ ਤਾਂ ਵੱਡੀਆਂ-ਵੱਡੀਆਂ ਕੋਠੀਆਂ ਖਾਲੀ ਪਈਆਂ ਹਨ ਅਤੇ ਉਨ੍ਹਾਂ ਦੇ ਮਾਲਕ ਵਿਦੇਸ਼ਾਂ ਵਿਚ ਰਹਿ ਰਹੇ ਹਨ। ਕਈ ਹਾਲਾਤ ਵਿਚ ਤਾਂ ਸਿਰਫ਼ ਬਜ਼ੁਰਗ ਲੋਕ ਹੀ ਪਿੰਡਾਂ ਵਿਚ ਰਹਿੰਦੇ ਹਨ, ਜਿਨ੍ਹਾਂ ਦਾ ਬੁਢਾਪਾ ਕੁੱਝ ਦਰਦਮਈ ਬਣ ਜਾਂਦਾ ਹੈ। ਬੱਚਿਆਂ ਤੋਂ ਬਿਨਾਂ ਮਾਪਿਆਂ ਦਾ ਇਕੱਲੇ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ। ਮੋਹ ਤੇ ਸਨੇਹ ਦੀਆਂ ਤੰਦਾਂ ਵੀ ਟੁੱਟਦੀਆਂ ਨਜ਼ਰ ਆਉਂਦੀਆਂ ਹਨ।
ਇਹ ਵੀ ਪੜ੍ਹੋ- ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ
ਪੰਜਾਬ ਨੂੰ ਅੱਗੇ ਲਿਜਾਣ ਲਈ ਨੌਜਵਾਨੀ ਦੀ ਬਹੁਤ ਲੋੜ
ਹੁਸ਼ਿਆਰ ਵਿਦਿਆਰਥੀਆਂ ਦਾ ਵਿਦੇਸ਼ਾਂ ’ਚ ਜਾ ਵਸਣਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਪੰਜਾਬ ਨੂੰ ਅੱਜ ਲੋੜ ਹੈ ਪੰਜਾਬ ’ਚ ਪੜ੍ਹੇ-ਲਿਖੇ ਨੌਜਵਾਨਾਂ ਦੀ, ਜੋ ਆਪਣੇ ਖੇਤਰ ’ਚ ਹੋਰਾਂ ਬੱਚਿਆਂ ਦਾ ਮਾਰਗ ਦਰਸ਼ਨ ਕਰ ਸਕਣ। ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਨੌਜਵਾਨੀ ਦੀ ਬਹੁਤ ਲੋੜ ਹੈ ਪਰ ਜੇ ਪੰਜਾਬ ’ਚੋਂ ਨੌਜਵਾਨ ਇਸੇ ਤਰ੍ਹਾਂ ਬਾਹਰ ਵੱਲ ਨੂੰ ਲਗਾਤਾਰ ਰੁਖ਼ ਕਰਦੇ ਰਹਿਣਗੇ ਤਾਂ ਪੰਜਾਬ ਦੀ ਹਾਲਤ ਬਹੁਤ ਤਰਸਯੋਗ ਹੋ ਜਾਵੇਗੀ। ਵਰਤਮਾਨ ਸਮੇਂ ’ਚ ਅਣਗਿਣਤ ਅਜਿਹੇ ਕੇਸ ਦਰਜ ਹੁੰਦੇ ਹਨ, ਜਿਨ੍ਹਾਂ ’ਚ ਕਈ ਮੁੰਡੇ-ਕੁੜੀਆਂ ਨੂੰ ਬਾਹਰ ਲਿਜਾਣ ਦੇ ਨਾਂ ’ਤੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰ ਕੇ ਏਜੰਟ ਰਫੂ ਚੱਕਰ ਹੋ ਚੁੱਕੇ ਹਨ, ਸੋ ਪੰਜਾਬ ’ਚੋਂ ਬਹੁਗਿਣਤੀ ਨੌਜਵਾਨ ਵਰਗ ਦਾ ਵਿਦੇਸ਼ਾਂ ਵੱਲ ਜਾਣਾ ਚਿੰਤਾ ਦਾ ਵਿਸ਼ਾ ਹੈ।
ਸਕੂਲਾਂ-ਕਾਲਜਾਂ ਨਾਲੋਂ ਆਈਲੈਟਸ ਸੈਂਟਰਾਂ ਦੀ ਗਿਣਤੀ ਜ਼ਿਆਦਾ
ਸੂਬੇ ’ਚ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਸਕੂਲਾਂ-ਕਾਲਜਾਂ ਨਾਲੋਂ ਆਈਲੈਟਸ ਸੈਂਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਕੂਲ ਦੀ ਪੜ੍ਹਾਈ ਖ਼ਤਮ ਹੁੰਦਿਆਂ ਹੀ ਆਈਲੈਟਸ ਕਰਵਾ ਕੇ ਬੱਚਿਆਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਜੇ ਉਮਰ ਖੇਡਣ ਦੀ ਹੁੰਦੀ ਹੈ ਪਰ ਵਿਦੇਸ਼ ਜਾ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਤੇ ਆਪਣੀਆਂ ਫੀਸਾਂ ਦਾ ਵੀ ਉਨ੍ਹਾਂ ਨੂੰ ਆਪ ਹੀ ਦੇਖਣਾ ਪੈਂਦਾ ਹੈ। ਕੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਵਿਆਹ ਕਰ ਕੇ ਬਾਹਰ ਭੇਜਣਾ ਸਹੀ ਹੈ? ਅਜੇ ਵਿਆਹ ਵਾਲੀ ਬੱਚਿਆਂ ਦੀ ਉਮਰ ਨਹੀਂ ਹੁੰਦੀ ਤੇ ਭਵਿੱਖ ਬਣਾਉਣ ਦੀ ਚਿੰਤਾ ਬੱਚਿਆਂ ’ਚ ਘਰ ਕਰ ਜਾਂਦੀ ਹੈ ਤੇ ਇਨ੍ਹਾਂ ਕਾਰਨਾਂ ਕਰਕੇ ਉਹ ਆਪਣੇ ਸਹੀ ਫ਼ੈਸਲੇ ਨਹੀਂ ਕਰ ਪਾਉਂਦੇ ਤੇ ਰਸਤੇ ਤੋਂ ਭਟਕ ਜਾਂਦੇ ਹਨ।
ਇਹ ਵੀ ਪੜ੍ਹੋ- ਵਹਿਣ ਲੱਗੀ ਉਲਟੀ ਗੰਗਾ, ਦਿੱਲੀ ਤੇ ਚੰਡੀਗੜ੍ਹ ਤੋਂ ਉਦਯੋਗਾਂ ਨੇ ਪੰਜਾਬ ਵੱਲ ਕੀਤਾ ਰੁਖ਼
ਦੇਸ਼ ’ਚ ਲਗਾਤਾਰ ਵੱਧ ਰਹੀ ਬੇਰੋਜ਼ਗਾਰੀ ਤੇ ਸਮਾਜਿਕ ਅਸੁਰੱਖਿਆ ਦੀ ਭਾਵਨਾ ਨੇ ਨੌਜਵਾਨ ਪੀੜ੍ਹੀ ਅੰਦਰ ਆਪਣੇ ਦੇਸ਼ ਨਾਲ ਪਿਆਰ ਘਟਾ ਦਿੱਤਾ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਨੌਜਵਾਨਾਂ ਨੂੰ ਦੇਸ਼ ਅੰਦਰ ਹੀ ਚੰਗੇ ਭਵਿੱਖ ਦੀ ਗਾਰੰਟੀ ਦੇਵੇ ਤਾਂ ਜੋ ਨੌਜਵਾਨ ਆਪਣੀ ਜਨਮ ਭੂਮੀ ਨੂੰ ਹੀ ਆਪਣੀ ਕਰਮਭੂਮੀ ਬਣਾ ਸਕਣ। ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ। ਇਸ ਭਵਿੱਖ ਨੂੰ ਸੰਵਾਰਨਾ ਤੇ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸਰਕਾਰਾਂ ਨੂੰ ਇਸ ਵੱਧ ਰਹੇ ਰੁਝਾਨ ਵਲ ਧਿਆਨ ਦੇਣਾ ਚਾਹੀਦਾ ਹੈ। -ਰਾਕੇਸ਼ ਨੀਟੂ, ਭਾਜਪਾ ਆਗੂ।
ਹਰ ਥਾਂ ਨੌਜਵਾਨ ਪੀੜ੍ਹੀ ਨੇ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ। ਭਾਵੇਂ ਕਿਸਾਨੀ ਅੰਦੋਲਨ ਹੋਵੇ ਤੇ ਭਾਵੇਂ ਕੋਰੋਨਾ ਕਾਲ, ਹੜ੍ਹਾਂ ਦੌਰਾਨ ਪਰ ਅੱਜ ਦਾ ਨੌਜਵਾਨ ਮਹਿੰਗੀਆ-ਮਹਿੰਗੀਆਂ ਪੜ੍ਹਾਈਆਂ ਪੜ੍ਹ ਕੇ ਵੀ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਨੌਕਰੀਆਂ ਦੀ ਭਾਲ ਲਈ ਆਪਣੀਆਂ ਜ਼ਮੀਨਾਂ ਵੇਚ ਕੇ 20 ਤੋਂ 25 ਲੱਖ ਰੁਪਏ ਲਾ ਕੇ ਆਪਣਾ ਮੁਲਕ ਛੱਡ ਕੇ ਬਾਹਰਲੇ ਮੁਲਕਾ ਕੈਨੇਡਾ, ਆਸਟਰੇਲੀਆ, ਅਮਰੀਕਾ, ਯੂ. ਕੇ., ਨਿਊਜ਼ੀਲੈਂਡ ਆਦਿ ਦੇਸ਼ਾਂ ’ਚ ਜਾਣ ਲਈ ਮਜਬੂਰ ਹਨ। -ਪਰਮਜੀਤ ਸਿੰਘ ਬਾਊਪੁਰ, ਕਿਸਾਨ ਆਗੂ।
ਬੱਚੇ ਬਾਰ੍ਹਵੀਂ ਕਰ ਕੇ ਅੱਗੇ ਦੀ ਪੜ੍ਹਾਈ ਲਈ ਵਿਦੇਸ਼ਾਂ ਨੂੰ ਜਾ ਰਹੇ ਹਨ, ਜਿਸ ਨਾਲ ਕਾਲਜਾਂ ਨੂੰ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ’ਚ ਕਾਲਜਾਂ ’ਚ ਦਾਖਲਿਆਂ ਦੀ ਗਿਣਤੀ ਦਿਨੋਂ-ਦਿਨ ਘਟ ਰਹੀ ਹੈ। ਪੰਜਾਬ ਦੇ ਕਾਲਜ ਖਾਲੀ ਹੁੰਦੇ ਜਾ ਰਹੇ ਹਨ। ਬੱਚੇ ਮੈਡੀਕਲ, ਇੰਜੀਨੀਅਰਿੰਗ, ਡਿਪਲੋਮਾ ਕਰਨ ਲਈ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਹਨ। -ਸੁਖਜਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ।
ਬੱਚੇ ਆਪਣੀ ਪੜ੍ਹਾਈ ਕਰ ਕੇ ਵਿਦੇਸ਼ਾਂ ਨੂੰ ਲਗਾਤਾਰ ਜਾ ਰਹੇ ਹਨ। ਉੱਥੇ ਆਪਣੀ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰ ਰਹੇ ਹਨ। ਫਿਰ ਪੀ. ਆਰ. ਹੋ ਜਾਣ ਤੋਂ ਬਾਅਦ ਆਪਣੇ ਮਾਤਾ ਪਿਤਾ ਨੂੰ ਵੀ ਆਪਣੇ ਕੋਲ ਬੁਲਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਘਰ ਖਾਲੀ ਹੁੰਦੇ ਜਾ ਰਹੇ ਹਨ। ਪੰਜਾਬ ’ਚ ਲੋਕ ਆਪਣੇ ਵੱਡੇ-ਵੱਡੇ ਮਕਾਨ, ਕੋਠੀਆਂ ਦੂਜਿਆਂ ਨੂੰ ਸੰਭਾਲਣ ਵਾਸਤੇ ਛੱਡ ਕੇ ਜਾ ਰਹੇ ਹਨ ਜਾਂ ਸੁੰਨੇ ਛੱਡ ਕੇ ਜਾ ਰਹੇ ਹਨ। ਇਸ ਨਾਲ ਮਿਲਵਰਤਨ ਦੀ ਭਾਵਨਾ ਤੇ ਸੁੰਨਾਪਨ ਆਮ ਪਿੰਡਾਂ ’ਚ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ। ਇਹ ਵੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਕਿ ਲੋਕ ਆਪਣੀ ਸੰਸਕ੍ਰਿਤੀ ਛੱਡ ਵਿਦੇਸ਼ੀ ਸੰਸਕ੍ਰਿਤੀ ਨੂੰ ਆਪਣਾ ਰਹੇ ਹਨ। -ਸਟੇਟ ਐਵਾਰਡੀ ਲਖਪਤ ਰਾਏ ਪ੍ਰਭਾਕਰ ਤੇ ਟਾਈਗਰ ਰਾਜਬੀਰ ਸਿੰਘ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ