ਯੂਕ੍ਰੇਨ 'ਚ ਬਰਨਾਲਾ ਦੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਦੇਖਭਾਲ ਕਰਨ ਗਏ ਪਿਓ-ਤਾਇਆ ਵੀ ਯੁੱਧ 'ਚ ਫਸੇ

Wednesday, Mar 02, 2022 - 12:10 PM (IST)

ਬਰਨਾਲਾ (ਵਿਵੇਕ) : ਬਰਨਾਲਾ ਦੇ ਜਿੰਦਲ ਪਰਿਵਾਰ ’ਤੇ ਯੂਕ੍ਰੇਨ ’ਚ ਚੱਲ ਰਹੇ ਯੁੱਧ ਦੀ ਦੋਹਰੀ ਮਾਰ ਪਈ ਹੈ। ਫਾਰਮਾਸਿਸਟ ਸ਼ਿਸ਼ਨ ਜਿੰਦਲ ਦਾ ਪੁੱਤਰ ਚੰਦਨ ਜਿੰਦਲ ਜੋ ਕਿ ਯੂਕ੍ਰੇਨ ਦੇ ਵਨੀਸ਼ੀਆ ਸ਼ਹਿਰ ’ਚ ਨੈਸ਼ਨਲ ਪਿਰੋਗਵ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ ’ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ, ਉਹ 2018 ’ਚ ਯੂਕ੍ਰੇਨ ਗਿਆ ਸੀ ਅਤੇ ਚੌਥੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਕਿ 2 ਫਰਵਰੀ ਰਾਤ ਨੂੰ ਉਸਨੂੰ ਦਿਮਾਗੀ ਅਤੇ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਕੋਮਾ ’ਚ ਚਲਾ ਗਿਆ। 4 ਫਰਵਰੀ ਨੂੰ ਡਾਕਟਰਾਂ ਨੇ ਉਸਦਾ ਐਮਰਜੈਂਸੀ ਆਪ੍ਰੇਸ਼ਨ ਕੀਤਾ। ਆਪਣੇ ਪੁੱਤਰ ਦੀ ਦੇਖਭਾਲ ਕਰਨ ਲਈ ਉਸਦਾ ਪਿਤਾ ਸ਼ਿਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਕੁਮਾਰ ਯੂਕ੍ਰੇਨ ਚਲੇ ਗਏ ਤਾਂ ਉੱਥੇ ਯੁੱਧ ਸ਼ੁਰੂ ਹੋ ਗਿਆ ਅਤੇ ਇਸ ਪਰਿਵਾਰ ਦੇ ਤਿੰਨ ਵਿਅਕਤੀ ਇਸ ਯੁੱਧ ’ਚ ਫਸ ਗਏ। ਪਰਿਵਾਰਕ ਮੈਂਬਰਾਂ ਨੂੰ ਦਿਨ ਰਾਤ ਉਨ੍ਹਾਂ ਦੀ ਚਿੰਤਾ ਸਤਾ ਰਹੀ ਹੈ। 

ਇਹ ਵੀ ਪੜ੍ਹੋ : ਯੂਕ੍ਰੇਨ ’ਚ ਬੰਕਰਾਂ ’ਚ ਲੁਕ ਕੇ ਸਮਾਂ ਬਿਤਾ ਰਹੇ 3000 ਭਾਰਤੀ ਵਿਦਿਆਰਥੀ, ਆਰਾਮ ਕਰਨਾ ਦੂਰ, ਬੈਠਣਾ ਵੀ ਸੰਭਵ ਨਹੀਂ

ਮਾਂ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ
ਜਦੋਂ ‘ਜਗ ਬਾਣੀ’ ਦੀ ਟੀਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਗਲੀ ’ਚ ਰਹਿ ਰਹੇ ਚੰਦਨ ਜਿੰਦਲ ਦੇ ਘਰ ਦਾ ਦੌਰਾ ਕੀਤਾ ਤਾਂ ਉਸਦੀ ਮਾਤਾ ਕਿਰਨ ਜਿੰਦਲ ਅਤੇ ਭੈਣ ਰਸ਼ਿਮਾ ਜਿੰਦਲ ਦਾ ਰੋ-ਰੋ ਕੇ ਬੁਰਾ ਹਾਲ ਸੀ। ਆਪਣਾ ਦੁੱਖੜਾ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ’ਤੇ ਤਾਂ ਦੂਹਰੀ ਮਾਰ ਪੈ ਗਈ ਹੈ। ਪੁੱਤਰ ਤਾਂ ਪਹਿਲਾਂ ਹੀ ਬੀਮਾਰ ਸੀ, ਉਪਰੋਂ ਦੀ ਮੇਰੇ ਪਤੀ ਅਤੇ ਜੇਠ ਵੀ ਉੱਥੇ ਯੁੱਧ ’ਚ ਫਸ ਗਏ ਹਨ। ਮੇਰੇ ਜੇਠ ਕ੍ਰਿਸ਼ਨ ਕੁਮਾਰ ਭਾਰਤ ਵਾਪਸੀ ਲਈ ਬਾਰਡਰ ’ਤੇ ਗਏ ਸਨ। ਉਨ੍ਹਾਂ ਦਾ ਅਜੇ ਕੋਈ ਪਤਾ ਨਹੀਂ। ਮੇਰੇ ਪਤੀ ਵੀ ਸੱਤ ਮੰਜ਼ਿਲਾਂ ਬਿਲਡਿੰਗ ’ਚ ਉੱਥੇ ਇਕੱਲੇ ਰਹਿ ਰਹੇ ਹਨ। ਕਿਉਂਕਿ ਯੁੱਧ  ਕਾਰਨ ਉੱਥੋਂ ਦੀ ਬਿਲਡਿੰਗ ਖਾਲੀ ਹੋ ਗਈ ਹੈ। ਉਹ ਵੀ ਡਰ ਦੇ ਸਾਏ ਹੇਠ ਜਿਉਂ ਰਹੇ ਹਨ।

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News