ਮੈਨੇਜਰ ਦੀ ਕੁਰਸੀ ’ਤੇ ਬੈਠਣ ਨੂੰ ਲੈ ਕੇ ਹੋਈ ਤਕਰਾਰ, ਨੌਜਵਾਨ ਨੇ ਚਲਾਈ ਗੋਲ਼ੀ

03/22/2023 10:05:27 PM

ਫਰੀਦਕੋਟ (ਰਾਜਨ) : ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਮੈਡੀਕਲ ਸਟੋਰ ’ਤੇ ਮੈਨੇਜਰ ਦੀ ਕੁਰਸੀ ’ਤੇ ਇਕ ਗੈਰ-ਮੁਲਾਜ਼ਮ ਦੇ ਬੈਠਣ ਨੂੰ ਲੈ ਕੇ ਹੋਈ ਤਤਕਾਰ ਦੀ ਰੰਜਿਸ਼ ਨੂੰ ਲੈ ਕੇ ਗੋਲ਼ੀ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਰੈੱਡ ਕ੍ਰਾਸ ਮੈਡੀਕਲ ਸਟੋਰ ਦੇ ਫਾਰਮਾਸਿਸਟ ਨਵੀਨ ਕੁਮਾਰ ਨੇ ਦੱਸਿਆ ਕਿ ਇਕ ਨੌਜਵਾਨ ਪਹਿਲਾਂ ਵੀ ਕਈ ਵਾਰ ਸਟੋਰ ’ਤੇ ਆ ਕੇ ਮੈਨੇਜਰ ਦੀ ਕੁਰਸੀ ’ਤੇ ਬੈਠਦਾ ਸੀ ਅਤੇ ਜਦੋਂ ਉਸ ਨੇ ਇਸ ਨੂੰ ਰੋਕਿਆ ਤਾਂ ਉਸ ਨੇ ਉਸ ਨਾਲ ਧੱਕਾ-ਮੁੱਕੀ ਕੀਤੀ, ਜਿਸ ਸਬੰਧੀ ਉਸ ਨੇ ਇਕ ਸ਼ਿਕਾਇਤ ਵੀ ਪੁਲਸ ਨੂੰ ਕੀਤੀ ਸੀ।

ਨਵੀਨ ਕੁਮਾਰ ਨੇ ਦੱਸਿਆ ਕਿ ਅੱਜ ਉਹ ਫਿਰ ਸਟੋਰ ’ਤੇ ਆਇਆ ਅਤੇ ਧਮਕੀਆਂ ਦਿੰਦਾ ਹੋਇਆ ਲਾਗੇ ਹੀ ਪੈਂਦੀ ਕੌਫੀ ਦੀ ਦੁਕਾਨ ’ਤੇ ਚਲਾ ਗਿਆ, ਜਿਸ ’ਤੇ ਜਦੋਂ ਉਹ ਇਸ ਨਾਲ ਗੱਲਬਾਤ ਕਰਨ ਲਈ ਗਿਆ ਤਾਂ ਉਸ ਨੇ ਉਸ ’ਤੇ ਗੋਲੀ ਚਲਾ ਦਿੱਤੀ। ਨਵੀਨ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਉਹ ਅਤੇ ਕੌਫੀ ਸ਼ਾਪ ’ਤੇ ਕੰਮ ਕਰਦੇ ਕਰਿੰਦੇ ਵਾਲ-ਵਾਲ ਬਚੇ। ਉਸ ਨੇ ਪੁਲਸ ਵਿਭਾਗ ਤੋਂ ਸਬੰਧਤ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮਾਮਲੇ ’ਚ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਸੂਰਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


Mandeep Singh

Content Editor

Related News