ਮਕਸੂਦਾਂ ਮੰਡੀ ’ਚ ਦੁਕਾਨ ਦੇ ਅੰਦਰ ਰੋਟੀ ਬਣਾਉਂਦਿਆਂ ਸਿਲੰਡਰ ਨੂੰ ਲੱਗੀ ਅੱਗ

04/08/2023 1:27:21 PM

ਜਲੰਧਰ (ਵਰੁਣ)– ਮਕਸੂਦਾਂ ਮੰਡੀ ਦੇ ਅੰਦਰ ਆਲੂਆਂ ਦੀ ਦੁਕਾਨ ਵਿਚ ਰੋਟੀ ਬਣਾਉਂਦਿਆਂ ਬੀਤੇ ਦਿਨ ਅਚਾਨਕ ਛੋਟੇ ਸਿਲੰਡਰ ਨੂੰ ਅੱਗ ਲੱਗ ਗਈ। ਰੋਟੀ ਬਣਾ ਰਹੇ ਆੜ੍ਹਤੀ ਦੇ ਕਰਿੰਦਿਆਂ ਨੇ ਤੁਰੰਤ ਦੁਕਾਨ ਵਿਚੋਂ ਕੱਢ ਕੇ ਸਿਲੰਡਰ ਨੂੰ ਸੜਕ ਦੇ ਵਿਚਾਲੇ ਸੁੱਟ ਦਿੱਤਾ, ਜਦਕਿ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਇਹ ਸਿਲੰਡਰ ਦੁਕਾਨ ਨੰਬਰ 2 ਵਿਚ ਰੱਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗੀ ਪਰ ਸਿਲੰਡਰ ਫਟ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਹ ਅਜਿਹੀ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੰਡੀ ਦੇ ਅੰਦਰ ਆੜ੍ਹਤੀਆਂ ਦੀਆਂ ਦੁਕਾਨਾਂ ਵਿਚ ਰੱਖੇ ਸਿਲੰਡਰ ਫਟ ਚੁੱਕੇ ਹਨ, ਜਿਸ ਵਿਚ ਕਈ ਲੋਕ ਵੀ ਝੁਲਸ ਚੁੱਕੇ ਹਨ।

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝੇ ਨੇ ਇਹ ਲੋਕ, ਮਕਾਨ ਮਾਲਕ ਕਰ ਰਹੇ '420'

ਹੈਰਾਨੀ ਦੀ ਗੱਲ ਹੈ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਦੀ ਮੰਡੀ ਦੇ ਅੰਦਰ ਚੈਕਿੰਗ ਹੀ ਨਹੀਂ ਕੀਤੀ ਕਿ ਮੰਡੀ ਵਿਚ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਵੀ ਹੋ ਰਹੀ ਹੈ ਜਾਂ ਨਹੀਂ। ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਮੰਡੀ ਦੇ ਅੰਦਰ ਸਥਿਤ ਢਾਬੇ, ਚਾਹ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ’ਤੇ ਵਧੇਰੇ ਘਰੇਲੂ ਸਿਲੰਡਰ ਹੀ ਵਰਤੇ ਜਾ ਰਹੇ ਹਨ, ਜੋ ਨਿਯਮਾਂ ਦੇ ਉਲਟ ਹੈ। ਮਕਸੂਦਾਂ ਮੰਡੀ ਦੀ ਵਿਵਸਥਾ ਕੁਝ ਸਮੇਂ ਤੋਂ ਕਾਫ਼ੀ ਵਿਗੜਦੀ ਹੋਈ ਵਿਖਾਈ ਦੇ ਰਹੀ ਹੈ। ਅਧਿਕਾਰੀਆਂ ਨੇ ਅੱਗ ਲੱਗਣ ਦੀ ਸੂਰਤ ਵਿਚ ਮੰਡੀ ਦੇ ਅੰਦਰ ਕੀ-ਕੀ ਇੰਤਜ਼ਾਮ ਹਨ, ਇਹ ਵੀ ਵੇਖਣਾ ਜ਼ਰੂਰੀ ਨਹੀਂ ਸਮਝਿਆ। ਰੱਬ ਨਾ ਕਰੇ, ਜੇਕਰ ਮੰਡੀ ਵਿਚ ਅੱਗ ਲੱਗਦੀ ਹੈ ਤਾਂ ਖੁੱਲ੍ਹੇ ਆਸਮਾਨ ਹੇਠ ਪਏ ਕ੍ਰੇਟ ਆਦਿ ਨਾਲ ਅੱਗ ਦੇ ਭਿਆਨਕ ਰੂਪ ਧਾਰ ਲੈਣ ਦਾ ਖਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :  ਜਲੰਧਰ: ਕਾਂਗਰਸੀ ਆਗੂ ਮੁਲਤਾਨੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸਾਹਮਣੇ ਆਈ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News