ਮੇਰੇ ਕਤਲ ਦੀ ਰਚੀ ਜਾ ਰਹੀ ਸਾਜ਼ਿਸ਼ : ਰਵਨੀਤ ਬਿੱਟੂ

Sunday, Apr 20, 2025 - 11:07 PM (IST)

ਮੇਰੇ ਕਤਲ ਦੀ ਰਚੀ ਜਾ ਰਹੀ ਸਾਜ਼ਿਸ਼ : ਰਵਨੀਤ ਬਿੱਟੂ

ਚੰਡੀਗੜ੍ਹ (ਭਾਸ਼ਾ, ਅੰਕੁਰ) : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ‘ਵਾਰਿਸ ਪੰਜਾਬ ਦੇ’ ਸੰਗਠਨ ਨਾਲ ਜੁੜੇ ਕੁਝ ਖਾਲਿਸਤਾਨ ਸਮਰਥਕ ਉਨ੍ਹਾਂ ਦੀ ਅਤੇ ਪੰਜਾਬ ਦੇ ਹੋਰ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਸੰਗਠਨ ਦਾ ਮੁਖੀ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਹੈ।
ਬਿੱਟੂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਮੰਚਾਂ ’ਤੇ ਚੈਟ ਦੇ ਲੀਕ ਹੋਏ ਸਕ੍ਰੀਨਸ਼ਾਟ ਰਾਹੀਂ ਸਾਜ਼ਿਸ਼ ਦਾ ‘ਪਰਦਾਫਾਸ਼’ ਹੋ ਗਿਆ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ‘ਵਾਰਿਸ ਪੰਜਾਬ ਦੇ’ ਸੰਗਠਨ ਨਾਲ ਜੁੜੇ ਲੋਕਾਂ ਵੱਲੋਂ ਰਚੀ ਗਈ ਸਾਜ਼ਿਸ਼ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਸੁਚੇਤ ਕੀਤਾ ਕਿ ਅਜਿਹੇ ਸਮੂਹਾਂ ਦੀਆਂ ਸਰਗਰਮੀਆਂ ਸੂਬੇ ਨੂੰ ਅਸਥਿਰਤਾ ਵੱਲ ਧੱਕ ਰਹੀਆਂ ਹਨ। ਵ੍ਹਟਸਐਪ ਚੈਟ ਦੇ ਸਕ੍ਰੀਨਸ਼ਾਟ ਤੋਂ ਪਤਾ ਲੱਗਾ ਹੈ ਕਿ ਇਸ ਦੇ ਮੈਂਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਇਕ ਹੋਰ ਸਾਲ ਲਈ ਹਿਰਾਸਤ ਵਧਾਉਣ ਨੂੰ ਲੈ ਕੇ ਬਿੱਟੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਣ ਦੀ ਇੱਛਾ ਰੱਖਦੇ ਹਨ।

ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਦੀ ਹਿਰਾਸਤ ਦੀ ਮਿਆਦ ਇਕ ਸਾਲ ਲਈ ਵਧਾ ਦਿੱਤੀ ਹੈ। ਅੰਮ੍ਰਿਤਪਾਲ (32) ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। 23 ਅਪ੍ਰੈਲ, 2023 ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਉਸ ਨੂੰ ਐੱਨ. ਐੱਸ. ਏ. ਦੇ ਤਹਿਤ ਹਿਰਾਸਤ ’ਚ ਰੱਖਿਆ ਗਿਆ ਹੈ। ਬਿੱਟੂ ਨੇ ਕਿਹਾ, ‘‘ਕੇਂਦਰ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਪੰਜਾਬ ਨੂੰ ਅਸਥਿਰ ਕਰਨ ਦੀ ਆਗਿਆ ਨਹੀਂ ਦੇਵੇਗਾ।’’ ਸ਼ਾਂਤੀ ਅਤੇ ਏਕਤਾ ਪ੍ਰਤੀ ਆਪਣੀ ਵਤਨਬੱਧਤਾ ਦੋਹਰਾਉਂਦੇ ਹੋਏ ਬਿੱਟੂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੀ ਵਿਰਾਸਤ ਨੂੰ ਯਾਦ ਕੀਤਾ।

ਉਨ੍ਹਾਂ ਕਿਹਾ, ‘‘ਮੇਰੇ ਦਾਦਾ (ਬੇਅੰਤ ਸਿੰਘ) ਨੇ ਪੰਜਾਬ ’ਚ ਸ਼ਾਂਤੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੈਂ ਸ਼ਹੀਦਾਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਮੈਂ ਕੱਟੜਪੰਥੀ ਧਮਕੀਆਂ ਤੋਂ ਨਹੀਂ ਡਰਦਾ। ਮੈਂ ਪੰਜਾਬ ਨੂੰ ਫਿਰ ਤੋਂ ਹਨੇਰੇ ’ਚ ਨਹੀਂ ਜਾਣ ਦੇਵਾਂਗਾ। ਇਸ ਸਾਜ਼ਿਸ਼ ਪਿੱਛੇ ਜੋ ਲੋਕ ਹਨ, ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News