1.72 ਕਰੋੜ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਸਹਿਕਾਰੀ ਸਭਾ ਦੇ ਸਕੱਤਰ ਵਿਰੁੱਧ ਕੇਸ ਦਰਜ
Wednesday, May 13, 2020 - 09:39 PM (IST)
ਗੁਰਦਾਸਪੁਰ, (ਵਿਨੋਦ)- ਸਹਿਕਾਰੀ ਸਭਾ ਭਿਖਾਰੀਵਾਲ ਦੇ ਸਟਾਕ ’ਚ 1,72,27,769 ਰੁਪਏ ਖੁਰਦ-ਬੁਰਦ ਕਰਨ ਅਤੇ ਜੋ ਸਟਾਕ ਮੁਹੱਈਆ ਪਾਇਆ ਗਿਆ, ਉਹ ਵੀ ਐਕਸਪਾਇਰੀ ਪਾਏ ਜਾਣ ਸਬੰਧੀ ਕਲਾਨੌਰ ਪੁਲਸ ਨੇ ਸਭਾ ਦੇ ਸਾਬਕਾ ਸਕੱਤਰ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਕਲਾਨੌਰ ਪੁਲਸ ਸਟੇਸ਼ਨ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਰਜਿਸਟਾਰ ਸਹਿਕਾਰੀ ਸਭਾ ਗੁਰਦਾਸਪੁਰ ਨੇ 19 ਅਗਸਤ 2019 ਨੂੰ ਸ਼ਿਕਾਇਤ ਦਿੱਤੀ ਸੀ ਕਿ ਵਿਭਾਗ ਦੀ ਆਡਿਟ ਪਾਰਟੀ ਅਤੇ 5 ਕਮੇਟੀ ਦੀ ਰਿਪੋਰਟ ਦੇ ਅਨੁਸਾਰ ਭਿਖਾਰੀਵਾਲ ਬਹੁ-ਮੰਤਵੀ ਸਹਿਕਾਰੀ ਸਭਾ ’ਚ 1,72,27,769 ਰੁਪਏ ਦਾ ਗਬਨ ਹੋਇਆ ਹੈ ਅਤੇ ਸਟਾਕ ਦੇ ਰੂਪ ’ਚ ਘੱਟ ਹੈ। ਜਦਕਿ ਜੋ ਸਟਾਕ ਸਭਾ ਦੇ ਕੋਲ ਪਿਆ ਹੈ, ਉਹ 1,22,821 ਰੁਪਏ ਦਾ ਹੈ ਅਤੇ ਉਸ ਦੀ ਵਰਤੋਂ ਮਿਆਦ ਵੀ ਨਿਕਲ ਚੁੱਕੀ ਹੈ। ਇਸ ਤਰ੍ਹਾਂ ਨਾਲ ਸਭਾ ’ਚ ਗਬਨ ਅਤੇ ਨੁਕਸਾਨ ਹੋਇਆ ਹੈ। ਪੁਲਸ ਅਧਿਕਾਰੀ ਅਨੁਸਾਰ ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਕਲਾਨੌਰ ਭਾਰਤ ਭੂਸ਼ਣ ਵੱਲੋਂ ਕੀਤੀ ਅਤੇ ਡੀ. ਐੱਸ. ਪੀ. ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਅਮਰਿੰਦਰ ਸਿੰਘ ਸਾਬਕਾ ਸਕੱਤਰ ਸਭਾ ਭਿਖਾਰੀਵਾਲ ਵਿਰੁੱਧ ਕੇਸ ਦਰਜ ਕੀਤਾ ਗਿਆ।