ਯਤੀਮਖਾਨੇ ’ਚ ਆਇਆ ਬੱਚਾ ਚਕਮਾ ਦੇ ਕੇ ਫਰਾਰ

08/14/2018 1:56:14 AM

 ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਬੱਸ ਸਟੈਂਡ ਕੋਲ ਸਥਿਤ ਰਾਜਿੰਦਰਾ ਯਤੀਮਖਾਨਾ ਟਰੱਸਟ ਵਿਚ ਕੁਝ ਦਿਨ ਪਹਿਲਾਂ ਲਿਆਂਦਾ ਗਿਆ ਬੱਚਾ ਮੈਡੀਕਲ ਕਰਵਾਉਣ ਗਏ ਵਾਰਡਨ ਨੂੰ ਮਾਤਾ ਕੌਸ਼ੱਲਿਆ ਹਸਪਤਾਲ ਵਿਚੋਂ ਫਰਾਰ ਹੋ ਗਿਆ। 
ਬੱਚੇ ਦੀ ਉਮਰ 11 ਸਾਲ ਅਤੇ ਨਾਂ ਹਰਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ।   ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਭੁਪਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਬਾਬਾ ਨਾਮਦੇਵ ਨਗਰ ਮੋਗਾ ਰੋਡ ਕੋਟਕਪੂਰਾ ਹਾਲ ਵਾਰਡਨ ਰਾਜਿੰਦਰ ਯਤੀਮਖਾਨਾ ਟਰੱਸਟ ਪਟਿਆਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ 346 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਲਾਹੌਰੀ ਗੇਟ ਦੇ ਐੈੱਸ. ਐੈੱਚ. ਓ. ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਬੱਚਾ ਪਹਿਲਾਂ ਰਾਜਪੁਰਾ ਵਿਖੇ ਅਨਾਥ ਆਸ਼ਰਮ ਵਿਚ ਰਹਿੰਦਾ ਸੀ। 
ਇਥੋਂ ਭੱਜ ਕੇ ਹਜ਼ੂਰ ਸਾਹਿਬ ਚਲਾ ਗਿਆ, ਜਿੱਥੇ ਸੇਵਾ ਕਰਨ ਲੱਗ ਪਿਆ। ਇਸ ਤੋਂ ਬਾਅਦ ਅੰਮ੍ਰਿਤਸਰ ਜਾਂਦੇ ਸਮੇਂ ਰਾਜਪੁਰਾ ਵਿਖੇ ਉਤਰ ਗਿਆ, ਜਿਥੇ ਚਾਹ ਪੀਤੀ ਤਾਂ ਪੈਸੇ ਨਾ ਹੋਣ ਕਾਰਨ ਉਥੇ ਦੁਕਾਨਦਾਰ ਨਾਲ ਬਹਿਸ ਹੋ ਗਈ। ਉਥੇ ਕੁਝ ਵਿਅਕਤੀਆਂ ਨੇ ਚਾਹ ਦੇ ਪੈਸੇ ਦਿੱਤੇ ਅਤੇ ਬਾਲ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਹਰਮਨਜੀਤ ਸਿੰਘ ਨੂੰ ਰਾਜਿੰਦਰਾ ਯਤੀਮਖਾਨਾ ਟਰੱਸਟ ਵਿਚ ਛੱਡ ਦਿੱਤਾ ਗਿਆ। ਟਰੱਸਟ ਦਾ ਵਾਰਡਨ ਜਦੋਂ ਉਸ ਦਾ ਮੈਡੀਕਲ ਕਰਵਾਉਣ ਲਈ ਮਾਤਾ ਕੌਸ਼ੱਲਿਆ ਹਸਪਤਾਲ ਲੈ ਕੇ ਗਿਆ ਅਤੇ  ਜਦੋਂ ਭੁਪਿੰਦਰ ਸਿੰਘ ਪਰਚੀ ਬਣਾਉਣ ਲੱਗਾ ਤਾਂ ਹਰਮਨਜੀਤ ਸਿੰਘ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 
 


Related News