ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ

Wednesday, Jan 17, 2024 - 12:55 PM (IST)

ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ

ਫਗਵਾੜਾ (ਜਲੋਟਾ)-ਫਗਵਾੜਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਬੰਸਾਵਾਲਾ ਬਾਜ਼ਾਰ (ਚੌੜਾ ਖੂਹ) ਇਲਾਕੇ ਵਿਚ ਸਥਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਬੇਅਦਬੀ ਕਰਨ ਦੇ ਸ਼ੱਕ ’ਚ ਮੰਗਲਵਾਰ ਇਕ ਨਿਹੰਗ ਸਿੰਘ ਵੱਲੋਂ ਅਣਪਛਾਤੇ ਨੌਜਵਾਨ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਵਾਰਦਾਤ ਤੋਂ ਬਾਅਦ ਫਗਵਾਡ਼ਾ ’ਚ ਲੰਬੇ ਸਮੇਂ ਤੱਕ ਭਾਰੀ ਤਣਾਅ ਬਣਿਆ ਰਿਹਾ।

ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਨਿਹੰਗ ਸਿੰਘ ਨੇ ਉਸ ਦੀ ਵੀਡੀਓ ਵੀ ਬਣਾਈ ਹੈ। ਨੌਜਵਾਨ ਦਾ ਕਤਲ ਕਰਨ ਵਾਲਾ ਨਿਹੰਗ ਸਿੰਘ ਵੀ ਆਪਣੀ ਵੀਡੀਓ ਬਣਾ ਕੇ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਉਕਤ ਨੌਜਵਾਨ ਨੂੰ ਇਸ ਲਈ ਮਾਰਿਆ ਹੈ ਕਿਉਂਕਿ ਉਹ ਬੇਅਦਬੀ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਆਇਆ ਸੀ। ਮੁਲਜ਼ਮ ਨਿਹੰਗ ਸਿੰਘ ਦੀ ਪਛਾਣ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਵਾਸੀ ਲੁਧਿਆਣਾ ਵਜੋਂ ਹੋਈ ਹੈ। ਫਗਵਾਡ਼ਾ ’ਚ ਵਾਪਰੀ ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਅਤੇ ਕੁਝ ਨਿਹੰਗ ਜਥੇਬੰਦੀਆਂ ਵੀ ਮੌਕੇ ’ਤੇ ਪੁੱਜ ਗਈਆਂ ਸਨ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਾਬਾਲਗ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਗੈਂਗਰੇਪ, ਵੀਡੀਓ ਹੋਈ ਵਾਇਰਲ

ਕਤਲ ਤੋਂ ਪਹਿਲਾਂ ਅਣਪਛਾਤੇ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਕ ਨਿਹੰਗ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਨੇ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਉਸ ਦੀ ਵੀਡੀਓ ਵੀ ਬਣਾਈ ਹੈ, ਜਿਸ ’ਚ ਨਿਹੰਗ ਸਿੰਘ ਨੌਜਵਾਨ ਤੋਂ ਪੁੱਛਗਿੱਛ ਕਰ ਰਿਹਾ ਹੈ। ਨੌਜਵਾਨ ਕਹਿ ਰਿਹਾ ਹੈ ਕਿ ਉਸ ਨੂੰ ਬੇਅਦਬੀ ਲਈ 2 ਤੋਂ 3 ਹਜ਼ਾਰ ਰੁਪਏ ਮਿਲਣੇ ਸਨ। ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸੁੱਖੀ ਨਾਂ ਦੇ ਵਿਅਕਤੀ ਨੇ ਭੇਜਿਆ ਸੀ। ਉਸ ਨੇ ਕਿਹਾ ਸੀ ਕਿ ਜਾਓ ਅਤੇ ਗੁਰਦੁਆਰਾ ਸਾਹਿਬ ’ਚ ਬੈਠੋ ਅਤੇ ਇਹ ਕੰਮ ਕਰੋ ਪਰ ਉਸ ਨੇ ਅਜਿਹਾ ਕੁਝ ਵੀ ਗਲਤ ਨਹੀਂ ਕੀਤਾ ਹੈ। ਉਹ ਦਾਅਵਾ ਕਰਦਾ ਹੈ ਕਿ ਉਹ ਇਮਾਨਦਾਰ ਅਤੇ ਮਿਹਨਤੀ ਹੈ। ਨਿਹੰਗ ਸਿੰਘ ਨੇ ਅੱਗੇ ਪੁੱਛਿਆ ਕਿ ਕੀ ਉਸ ਨੂੰ ਬਾਣੀ ਨਾਲ ਕੁਝ ਕਰਨ ਲਈ ਕਿਹਾ ਗਿਆ ਸੀ? ਨੌਜਵਾਨ ਨੇ ਕਿਹਾ ਕਿ ਹਾਂ ਉਸ ਨੂੰ ਛੇੜਛਾੜ ਕਰਨ ਅਤੇ ਅਪਮਾਨਜਨਕ ਸ਼ਬਦ ਲਿਖਣ ਲਈ ਕਿਹਾ ਗਿਆ ਸੀ।
ਨੌਜਵਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਸ ਨੇ ਅਜਿਹਾ ਕੁਝ ਗਲਤ ਨਹੀਂ ਕੀਤਾ ਹੈ? ਨੌਜਵਾਨ ਨੇ ਪੁੱਛਗਿੱਛ ’ਚ ਪਹਿਲਾਂ ਦੱਸਿਆ ਕਿ ਉਹ ਫਗਵਾੜਾ ਦਾ ਰਹਿਣ ਵਾਲਾ ਹੈ, ਫਿਰ ਕੁਝ ਸਮੇਂ ਬਾਅਦ ਉਸ ਨੇ ਕਿਹਾ ਕਿ ਉਹ ਦੁਸਾਂਝ ਕਲਾਂ ਦਾ ਰਹਿਣ ਵਾਲਾ ਹੈ। ਉਸ ਨੂੰ ਸੁੱਖੀ ਨਾਂ ਦੇ ਵਿਅਕਤੀ ਨੇ ਬੇਅਦਬੀ ਲਈ ਭੇਜਿਆ ਸੀ। ਇਸ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਇਕ ਹੋਰ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਸਾਫ਼ ਕਹਿ ਰਿਹਾ ਹੈ ਕਿ ਉਸ ਨੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਆਏ ਇਸ ਨੌਜਵਾਨ ਦਾ ਕਤਲ ਕੀਤਾ ਹੈ। ਇਸ ਵੀਡੀਓ ’ਚ ਜ਼ਮੀਨ ’ਤੇ ਖ਼ੂਨ ਨਾਲ ਲਥਪਥ ਪਈ ਨੌਜਵਾਨ ਦੀ ਲਾਸ਼ ਵੀ ਵਿਖਾਈ ਦੇ ਰਹੀ ਹੈ।

PunjabKesari

ਮ੍ਰਿਤਕ ਨੌਜਵਾਨ ਵੱਲੋਂ ਵੀਡੀਓ ’ਚ ‘ਤੁਸੀਂ’ ਸ਼ਬਦ ਬਣਿਆ ਸਭ ਤੋਂ ਵੱਡੀ ਬੁਝਾਰਤ
ਏ. ਡੀ. ਜੀ. ਪੀ. ਢਿੱਲੋਂ ਨੇ ਕਿਹਾ ਕਿ ਇਹ ਸ਼ਬਦ ‘ਤੁਸੀਂ’ ਸਾਰੇ ਮਾਮਲੇ ’ਚ ਬਹੁਤ ਮਹੱਤਵਪੂਰਨ ਹੈ ਅਤੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਕਤਲ ਕੀਤੇ ਗਏ ਅਣਪਛਾਤੇ ਨੌਜਵਾਨ ਨੇ ਵੀਡੀਓ ’ਚ ਸੁੱਖੀ ਨਾਂ ਦਾ ਜਿੱਥੇ ਕਈ ਵਾਰ ਜ਼ਿਕਰ ਕੀਤਾ ਹੈ, ਉਥੇ ਹੀ ਉਹ ‘ਤੁਸੀਂ’ ਸ਼ਬਦ ਦਾ ਵੀ ਜ਼ਿਕਰ ਕਰ ਰਿਹਾ ਹੈ। ਉਹ ਇਹ ਵੀ ਜਾਣਦਾ ਹੈ ਕਿ ਉਸ ਦੀ ਵੀਡੀਓ ਬਣਾਈ ਜਾ ਰਹੀ ਹੈ। ਇਸ ਦੌਰਾਨ ਉਹ ਕਹਿੰਦਾ ਹੈ ਕਿ ‘ਸੁੱਖੀ ਤਕ ਤੁਸੀਂ ਸੀਗੇ।’ ਸੁੱਖੀ ਨੇ ਕਿਹਾ ਸੀ ਕਿ ਉਸ ਤੋਂ ਬਾਅਦ ਜੋ ਕੁਝ ਵੀ ਵਾਪਰਦਾ ਹੈ, ਉਸ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਹੋਵੇਗਾ ਪਰ ਬਾਅਦ ’ਚ ਉਹ ਤੁਹਾਡੇ ਤੋਂ ਆਪਣੀ ਜਾਨ ਬਚਾਏਗਾ? ਇਸ ਤੱਥ ਬਾਰੇ ਏ. ਡੀ. ਜੀ. ਪੀ. (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਵੀ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਹੈ ਕਿ ਇਸ ਵੀਡੀਓ ’ਚ ‘ਤੁਸੀਂ’ ਸ਼ਬਦ ਬਹੁਤ ਮਹੱਤਵਪੂਰਨ ਅਤੇ ਅਹਿਮ ਹੈ, ਜਿਸ ਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
PunjabKesari

ਇਹ ਵੀ ਪੜ੍ਹੋ : ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਸੁਖਪਾਲ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ

ਐੱਸ. ਐੱਸ. ਪੀ. ਕਪੂਰਥਲਾ, ਐੱਸ. ਪੀ. ਫਗਵਾੜਾ ਦੀ ਮੌਜੂਦਗੀ ’ਚ ਮੁਲਜ਼ਮ ਨਿਹੰਗ ਸਿੰਘ ਨੇ ਕੀਤਾ ਆਤਮਸਮਰਪਣ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਨੇ ਕਤਲ ਤੋਂ ਬਾਅਦ ਖ਼ੁਦ ਨੂੰ ਗੁਰੂਘਰ ਦੇ ਅੰਦਰ ਇਕ ਕਮਰੇ ’ਚ ਬੰਦ ਕਰ ਲਿਆ ਸੀ। ਨਿਹੰਗ ਸਿੰਘ ਨੂੰ ਕਮਰੇ ’ਚੋਂ ਬਾਹਰ ਕੱਢਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ, ਐੱਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਸਮੇਤ ਮੌਕੇ ’ਤੇ ਮੌਜੂਦ ਭਾਰੀ ਪੁਲਸ ਫੋਰਸ ਦਰਮਿਆਨ ਨਿਹੰਗ ਸਿੰਘ ਨੇ ਆਤਮਸਮਰਪਣ ਕਰ ਦਿੱਤਾ। ਗੁਰਦੁਆਰਾ ਸਾਹਿਬ ਤੋਂ ਬਾਹਰ ਆਉਂਦੇ ਸਮੇਂ ਉਸ ਦੇ ਸਾਥੀ ਸਮਰਥਕਾਂ ਅਤੇ ਸਿੱਖ ਸੰਗਤ ਨੇ ਉਸ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ।

PunjabKesari

ਨਿਹੰਗ ਸਿੰਘ ਖ਼ਿਲਾਫ਼ ਥਾਣਾ ਸਿਟੀ ਪੁਲਸ ’ਚ ਮਾਮਲਾ ਦਰਜ
ਫਗਵਾਡ਼ਾ ਸਿਟੀ ਪੁਲਸ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਹਾਲ ਵਾਸੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਫਗਵਾੜਾ ਮੂਲ ਵਾਸੀ ਅਰਬਨ ਅਸਟੇਟ ਫੇਜ਼-2, ਜਲੰਧਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਅਨੁਸਾਰ ਬੀਤੇ ਕੱਲ੍ਹ ਇਕ ਅਣਪਛਾਤਾ ਨੌਜਵਾਨ ਬੇਅਦਬੀ ਕਰਨ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਇਆ ਸੀ, ਜਿਸ ਨੂੰ ਉਸ ਨੇ 16 ਜਨਵਰੀ ਨੂੰ ਤੜਕੇ 2 ਵਜੇ ਆਪਣੇ ਸੇਵਾਦਾਰਾਂ ਦੀ ਮਦਦ ਨਾਲ ਕਾਬੂ ਕਰ ਲਿਆ ਸੀ। ਇਸ ਤੋਂ ਬਾਅਦ ਉਕਤ ਨੌਜਵਾਨ ਨੇ ਬੇਅਦਬੀ ਕਰਨ ਦੇ ਇਰਾਦੇ ਨਾਲ ਗੁਰਦੁਆਰੇ ਆਉਣ ਦੀ ਗੱਲ ਵੀ ਕਬੂਲ ਕੀਤੀ ਹੈ। ਉਸ ਪਾਸੋਂ ਇਕ ਸੋਨੀਪਤ ਦਾ ਫੋਨ ਨੰਬਰ ਵੀ ਮਿਲਿਆ ਹੈ। ਇਸ ਤੋਂ ਤੁਰੰਤ ਬਾਅਦ ਉਹ ਆਪਣੇ ਸੇਵਾਦਾਰਾਂ ਨਾਲ ਥਾਣਾ ਸਿਟੀ ਫਗਵਾੜਾ ਗਿਆ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ।
ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਲੂ (ਯਾਤਰੀ) ਵਜੋਂ ਰਹਿ ਰਹੇ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁਲਸ ਥਾਣਾ ਸਿਟੀ ਫਗਵਾਡ਼ਾ ਜਾਣ ਪਿਛੋਂ ਉਕਤ ਨੌਜਵਾਨ ਨੇ ਉਸ ਦਾ ਹਥਿਆਰ ਖੋਹ ਲਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਆਪਣਾ ਬਚਾਅ ਕਰਦੇ ਹੋਏ ਸੈਲਫ਼ ਡਿਫੈਂਸ ’ਚ ਉਸ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਪੁਲਸ ਨੇ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਖ਼ਿਲਾਫ਼ ਥਾਣਾ ਫਗਵਾੜਾ ’ਚ ਧਾਰਾ 295-ਏ, 304 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਅਕਾਲੀ ਦਲ-ਬਸਪਾ ਦਾ ਟੁੱਟਿਆ ਗਠਜੋੜ ! BSP ਮੁਖੀ ਮਾਇਆਵਤੀ ਨੇ ਕੀਤਾ ਵੱਡਾ ਐਲਾਨ

PunjabKesari

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੜਾਕੇ ਦੀ ਠੰਡ ਦਰਮਿਆਨ ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ

 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News