ਡਰਾਈਵਿੰਗ ਲਾਇਲੈਂਸ ਨੂੰ ਲੈ ਕੇ ਪਿਆ ਵੱਡਾ ਪੰਗ, ਹੁਣ ਖੜ੍ਹੀ ਹੋ ਗਈ ਇਕ ਹੋਰ ਨਵੀਂ ਮੁਸੀਬਤ
Monday, Apr 07, 2025 - 12:13 PM (IST)

ਸਮਰਾਲਾ (ਬੰਗੜ, ਗਰਗ) : ਨਵੇਂ ਡਰਾਈਵਿੰਗ ਲਾਇਲੈਂਸ ਅਤੇ ਰੀਨਿਊ ਲਾਇਸੈਂਸ ਬਣਾਉਣ ਦੇ ਇੰਤਜ਼ਾਰ ’ਚ ਬੈਠੇ ਲੋਕਾਂ ਦੀ ਉਡੀਕ ਲੰਮੀ ਤੋਂ ਲੰਮੀ ਹੁੰਦੀ ਜਾ ਰਹੀ ਹੈ ਕਿਉਂਕਿ ਖੰਨਾ ’ਚ ਬੰਦ ਪਿਆ ਟ੍ਰਾਇਲ ਸੈਂਟਰ ਅੱਜ ਵੀ ਨਾਕਸ ਪ੍ਰਬੰਧਾਂ ਦੀ ਭੇਟ ਚੜ੍ਹਿਆ ਹੋਇਆ ਹੈ। ਸਬ-ਡਵੀਜ਼ਨ ਸਮਰਾਲਾ, ਖੰਨਾ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਦੇ ਉਹ ਲੋਕ ਡਾਹਢੇ ਪ੍ਰੇਸ਼ਾਨ ਹਨ ਜਿਹੜੇ ਲਾਇਸੈਂਸ ਬਣਾਉਣ ਦੀ ਉਡੀਕ ’ਚ ਹਨ। ਜਾਣਕਾਰੀ ਅਨੁਸਾਰ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਿਆ ਇਹ ਟ੍ਰਾਇਲ ਸੈਂਟਰ ‘ਜਲਦੀ ਖੁੱਲ੍ਹ ਜਾਵੇਗਾ’ ਦੇ ਵਾਅਦੇ ਫਿਲਹਾਲ ਲਾਰੇ ਬਣ ਕੇ ਹੀ ਲੋਕਾਂ ਦੀ ਖੱਜਲ-ਖੁਆਰੀ ਦਾ ਕਾਰਨ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਤਰ੍ਹਾਂ ਲਾਇਸੈਂਸ ਲੈਣ ਵਾਲਿਆਂ ’ਚ ਉਹ ਲੋਕ ਵੀ ਹਨ ਜਿਨ੍ਹਾਂ ਦੇ ਲਾਇਸੈਂਸ ਰੀਨਿਊ ਹੋਣੇ ਹਨ, ਉਨ੍ਹਾਂ ਲੋਕਾਂ ਨੂੰ ਟ੍ਰਾਇਲ ਸੈਂਟਰ ਜਾਣ ਦੀ ਇਸ ਕਰਕੇ ਜ਼ਰੂਰਤ ਪੈਂਦੀ ਹੈ ਕਿ ਉਹ ਕਿਸੇ ਕਾਰਨਾਂ ਕਰ ਕੇ ਨਿਯਤ ਸਮੇਂ 'ਤੇ ਲਾਇਸੈਂਸ ਰੀਨਿਊ ਨਹੀਂ ਕਰਵਾ ਸਕੇ।
ਇਹ ਵੀ ਪੜ੍ਹੋ : ਪੰਜਾਬ ਵਿਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਟ੍ਰਾਇਲ ਸੈਂਟਰ ਬੰਦ ਹੋਣ ਦਾ ਉਨ੍ਹਾਂ ਲੋਕਾਂ ਨੂੰ ਵੀ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ ਜਿਨ੍ਹਾਂ ਲੋਕਾਂ ਨੇ ਨਵੇਂ ਡਰਾਇਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਲਰਨਿੰਗ ਲਾਇਸੈਂਸ ਬਣਵਾ ਕੇ ਰੱਖੇ ਹੋਏ ਹਨ। ਉਨ੍ਹਾਂ ਲੋਕਾਂ ਦੇ ਲਰਨਿੰਗ ਲਾਇਸੈਂਸ ਦੀ ਮਿਆਦ ਲੰਘ ਜਾਣ ਕਾਰਨ ਉਨ੍ਹਾਂ ਨੂੰ ਦੁਬਾਰਾ ਤੋਂ ਫੀਸਾਂ ਅਦਾ ਕਰਨੀਆਂ ਪੈ ਰਹੀਆਂ ਹਨ। ਅਜਿਹੀ ਸਥਿਤੀ ’ਚ ਫਸੇ ਲੋਕਾਂ ਨੂੰ ਪੁਲਸ ਨਾਕਿਆਂ ’ਤੇ ਵੀ ਮਿੰਨਤਾਂ ਤਰਲੇ ਕਰਨੇ ਪੈ ਰਹੇ ਹਨ। ਟਰਾਂਸਪੋਰਟ ਵਿਭਾਗ ਦੀ ਅਣਗਹਿਲੀ ਦਾ ਖਮਿਆਜ਼ਾ ਭੁਗਤ ਰਹੇ ਲੋਕਾਂ ਨੂੰ ਚਲਾਨ ਕੱਟੇ ਜਾਣ ਦੇ ਡਰੋਂ ਪੁਲਸ ਨਾਕਿਆਂ ਤੋਂ ਵੀ ਬਚਦੇ ਬਚਾਉਂਦੇ ਲੰਘਣਾ ਪੈ ਰਿਹਾ। ਇਨ੍ਹਾਂ ਨੌਜਵਾਨਾਂ ’ਚ ਬਹੁਤੀ ਗਿਣਤੀ ਉਨ੍ਹਾਂ ਦੀ ਵੀ ਹੈ, ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸਾਂ ਦੀ ਮਿਆਦ ਪੁੱਗ ਚੁੱਕੀ ਹੈ। ਹਰ ਰੋਜ਼ ਆਉਂਦੇ-ਜਾਂਦੇ ਇਨ੍ਹਾਂ ਨੌਜਵਾਨਾਂ ਨੂੰ ਪੁਲਸ ਨਾਕਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਕਿਧਰੇ ਚੈਕਿੰਗ ਦੌਰਾਨ ਉਨ੍ਹਾਂ ਦਾ ਚਲਾਨ ਹੀ ਨਾ ਕੱਟਿਆ ਜਾਵੇ। ਦੱਸਣਯੋਗ ਹੈ ਕਿ ਜੇਕਰ ਸਿਰਫ਼ ਸਬ-ਡਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਇਸ ਡਵੀਜ਼ਨ ਦੇ ਹੀ 500 ਤੋਂ ਵੱਧ ਲਾਇਸੈਂਸ ਇਸ ਉਡੀਕ ’ਚ ਫਸੇ ਬੈਠੇ ਹੋਏ ਹਨ ਕਿ ਜਿਨ੍ਹਾਂ ਦੀ ਮੰਗ ਹੈ ਕਿ ਜਲਦ ਹੀ ਖੰਨਾ ਟ੍ਰਾਇਲ ਸੈਂਟਰ ਸ਼ੁਰੂ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਟੈਂਡਰ ਖ਼ਤਮ ਹੋਣ ਕਾਰਨ ਬੰਦ ਪਏ ਹਨ ਟ੍ਰਾਇਲ ਸੈਂਟਰ
ਪਿਛਲੇ ਲੰਮੇ ਸਮੇਂ ਤੋਂ ਨਵੇਂ ਲਾਇਸੈਂਸ ਬਣਾਉਣ ਲਈ ਆਈ ਵੱਡੀ ਖੜੋਤ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਟ੍ਰਾਇਲ ਲੈਣ ਵਾਲੀ ਕੰਪਨੀ ਦਾ ਟੈਂਡਰ ਖ਼ਤਮ ਹੋਣ ਤੋਂ ਬਾਅਦ ਵਿਭਾਗ ਵੱਲੋਂ ਆਪਣੇ ਤੌਰ ’ਤੇ ਟ੍ਰਾਇਲ ਲੈਣ ਦਾ ਪ੍ਰਾਜੈਕਟ ਸ਼ੁਰੂ ਕਰਨ ਵਾਰੇ ਵਿਚਾਰ ਕੀਤਾ ਹੈ ਤਾਂ ਜੋ ਠੇਕੇਦਾਰਾਂ ਨੂੰ ਜਾਣ ਵਾਲੀ ਕਮਾਈ ਸਰਕਾਰੀ ਖ਼ਜ਼ਾਨੇ ’ਚ ਜਾ ਸਕੇ ਪਰ ਹੁਣ ਪਤਾ ਚੱਲਿਆ ਹੈ ਕਿ ਹਾਲ ਦੀ ਘੜੀ ਬੰਦ ਪਏ ਕੰਮ ਨੂੰ ਚਲਾਉਣ ਲਈ ਪਹਿਲਾਂ ਵਾਲੀ ਕੰਪਨੀ ਨੂੰ ਹੀ ਇਹ ਕੰਮ ਦੁਬਾਰਾ ਸੌਪਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਤਿੰਨ ਜਿਗਰੀ ਦੋਸਤਾਂ ਦੀ ਇਕੱਠਿਆਂ ਦੀ ਮੌਤ
ਇਸ ਹਫ਼ਤੇ ਹੋ ਜਾਵੇਗਾ ਟ੍ਰਾਇਲ ਸੈਂਟਰ ਸ਼ੁਰੂ : ਐੱਸ.ਡੀ.ਐੱਮ. ਖੰਨਾ
ਖੰਨਾ ਦੇ ਐੱਸ.ਡੀ.ਐੱਮ. ਬਲਜਿੰਦਰ ਸਿੰਘ ਢਿੱਲੋਂ ਪਾਸੋ ਜਦੋਂ ਡਰਾਈਵਿੰਗ ਲਾਇਸੈਂਸ ਬਣਾਉਣ ’ਚ ਜਦੋਂ ਆਈ ਖੜੋਤ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਹਫ਼ਤੇ ’ਚ ਟ੍ਰਾਇਲ ਸੈਂਟਰ ਚਾਲੂ ਕਰ ਦਿੱਤਾ ਜਾਵੇਗਾ ਤੇ ਪਿਛਲੇ ਸਮੇਂ ’ਚ ਡਰਾਈਵਿੰਗ ਲਾਇਸੈਂਸਾਂ ਦਾ ਰੁੱਕਿਆ ਪਿਆ ਕੰਮ ਤੇਜ਼ੀ ਨਾਲ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e