ਕਿਸਾਨੀ ਸੰਘਰਸ਼ ਦੀ ਭੇਟ ਚੜ੍ਹਿਆ ਪਿੰਡ ਰੇਤਗੜ੍ਹ ਦਾ 45 ਸਾਲਾ ਕਿਸਾਨ
Sunday, Apr 18, 2021 - 08:42 PM (IST)
ਭਵਾਨੀਗੜ੍ਹ,(ਵਿਕਾਸ)- ਦਿੱਲੀ ਵਿਖੇ ਕਿਸਾਨ ਮੋਰਚੇ ’ਚ ਸ਼ਾਮਲ ਹੋ ਕੇ ਪਰਤੇ ਨੇੜਲੇ ਪਿੰਡ ਰੇਤਗੜ੍ਹ ਦੇ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜਥੇਬੰਦੀ ਨਾਲ ਸਬੰਧਤ ਸੀ ਅਤੇ ਉਹ ਪਿਛਲੇ ਦਿਨੀਂ ਟਿਕਰੀ ਬਾਰਡਰ ਤੋਂ ਬੀਮਾਰ ਹਾਲਤ ’ਚ ਪਰਤਿਆ ਸੀ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਹੋਏ ਮਹਿੰਦਰ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, 5 ਕਾਤਲ ਗ੍ਰਿਫ਼ਤਾਰ
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਪਿੰਡ ਇਕਾਈ ਰੇਤਗੜ੍ਹ ਦੇ ਪ੍ਰਧਾਨ ਹਰਨੇਕ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ ਦਿੱਲੀ ਮੋਰਚੇ ਵਿਚ ਸ਼ਾਮਲ ਹੋਇਆ ਪਿੰਡ ਦਾ ਕਿਸਾਨ ਕਰਮਜੀਤ ਸਿੰਘ (45) ਪੁੱਤਰ ਗੁਰਚਰਨ ਸਿੰਘ ਉੱਥੇ ਬੀਮਾਰ ਹੋਣ ’ਤੇ ਬੀਤੀ 15 ਅਪ੍ਰੈਲ ਨੂੰ ਘਰ ਆਇਆ ਸੀ। ਉਸੇ ਦਿਨ ਤੋਂ ਬੀਮਾਰ ਚੱਲ ਰਹੇ ਕਰਮਜੀਤ ਸਿੰਘ ਦੀ ਬੀਤੀ ਰਾਤ ਤਬੀਅਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਦੇ ਦੋ ਇਲਾਕਿਆਂ ’ਚ ਲੱਗੀ ਪੂਰਨ ਤਾਲਾਬੰਦੀ
ਕਿਸਾਨ ਆਗੂ ਹਰਨੇਕ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਯੂਨੀਅਨ ਵਰਕਰਾਂ ਨੇ ਕਿਸਾਨੀ ਝੰਡਿਆਂ ਨਾਲ ਸਨਮਾਨ ਕਰਨ ਉਪਰੰਤ ਮ੍ਰਿਤਕ ਕਰਮਜੀਤ ਸਿੰਘ ਦਾ ਸਸਕਾਰ ਕੀਤਾ। ਜਥੇਬੰਦੀ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।