ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ੀ ਨੂੰ 15 ਸਾਲ ਦੀ ਕੈਦ
Thursday, Aug 03, 2017 - 05:45 AM (IST)
ਲੁਧਿਆਣਾ, (ਮਹਿਰਾ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰਲਹਨ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਰਮੇਸ਼ ਕੁਮਾਰ ਨਿਵਾਸੀ ਤਾਜਪੁਰ ਰੋਡ, ਲੁਧਿਆਣਾ ਨੂੰ 15 ਸਾਲ ਦੀ ਕੈਦ ਅਤੇ ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸ ਸਬੰਧੀ ਪੁਲਸ ਥਾਣਾ ਸ਼ਿਮਲਾਪੁਰੀ ਵੱਲੋਂ 8 ਜਨਵਰੀ 2012 ਨੂੰ ਦੋਸ਼ੀ ਖਿਲਾਫ ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਪੁਲਸ ਪਾਰਟੀ ਅਧਿਕਾਰੀ ਜੋਗਿੰਦਰ ਸਿੰਘ ਸਮੇਤ ਅਰੋੜਾ ਪੈਲੇਸ ਕੋਲ ਨਾਕਾਬੰਦੀ ਕਰ ਕੇ ਜਾਂਚ ਕਰ ਰਹੀ ਸੀ ਕਿ ਉਨ੍ਹਾਂ ਨੇ ਦੋਸ਼ੀ ਨੂੰ ਸਕੂਟਰ 'ਤੇ ਆਉਂਦੇ ਦੇਖਿਆ। ਸ਼ੱਕ ਪੈਣ 'ਤੇ ਜਦੋਂ ਦੋਸ਼ੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 101 ਕਿਲੋ ਗਾਂਜਾ ਅਤੇ ਦੋ ਕਿਲੋ ਚਰਸ ਬਰਾਮਦ ਹੋਈ। ਪੁੱਛਣ 'ਤੇ ਦੋਸ਼ੀ ਨਾ ਕੋਈ ਦਸਤਾਵੇਜ਼ ਅਤੇ ਨਾ ਹੀ ਤਸੱਲੀਬਖਸ਼ ਜਵਾਬ ਦੇ ਸਕਿਆ। ਅਦਾਲਤ ਵਿਚ ਦੋਸ਼ੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਕੋਈ ਠੋਸ ਸਬੂਤ ਨਹੀਂ ਪੇਸ਼ ਕਰ ਸਕਿਆ। ਇਸ ਤੋਂ ਇਲਾਵਾ ਅਦਾਲਤ ਨੇ ਇਕ ਹੋਰ ਕੇਸ ਵਿਚ ਵਿਪਨ ਕੁਮਾਰ ਨਿਵਾਸੀ ਸਲੇਮ ਟਾਬਰੀ ਨੂੰ ਵੀ ਨਸ਼ੀਲੇ ਪਦਾਰਥ ਪਾਏ ਜਾਣ ਦੇ ਦੋਸ਼ ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੁਲਸ ਨੇ ਦੋਸ਼ੀ ਤੋਂ 9 ਗ੍ਰਾਮ ਸਮੈਕ ਅਤੇ 130 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਸੀ।
