15 ਸਾਲਾਂ ਦੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ, ਧੱਕੇ ਨਾਲ ਪਿਲਾਈ ਜ਼ਹਿਰੀਲੀ ਚੀਜ਼

Friday, Oct 06, 2023 - 04:53 PM (IST)

15 ਸਾਲਾਂ ਦੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ, ਧੱਕੇ ਨਾਲ ਪਿਲਾਈ ਜ਼ਹਿਰੀਲੀ ਚੀਜ਼

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਪਿਪਲੀ 'ਚ ਗੁਆਂਢੀਆਂ ਵੱਲੋਂ ਨਾਬਾਲਗ ਮੁੰਡੇ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਅਤੇ ਧੱਕੇ ਨਾਲ ਨਸ਼ੀਲੀ ਦਵਾਈ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਵੱਲੋਂ ਪੁਲਸ 'ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਇਕ ਮਹੀਨਾ ਬੀਤ ਜਾਣ ਬਾਅਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਪਿੱਪਲੀ ਦੇ ਰਹਿਣ ਵਾਲੇ 15 ਸਾਲ ਦੇ ਮੁੰਡੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਆਪਣੇ ਖੇਤ 'ਚ ਹੈ ਅਤੇ ਉਹ ਕਰੀਬ ਇਕ ਮਹੀਨਾ ਪਹਿਲਾਂ ਆਪਣੇ ਖੇਤ 'ਚ ਗੇੜਾ ਮਾਰਨ ਗਿਆ ਸੀ। ਇਸ ਦੌਰਾਨ ਉੱਥੇ ਮੌਜੂਦ ਕੁੱਝ ਲੋਕਾਂ ਨੇ ਉਸ ਦੀਆ ਅੱਖਾਂ 'ਚ ਮਿੱਟੀ ਪਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਕੇਸਾਂ ਤੋਂ ਫੜ੍ਹ ਕੇ ਆਪਣੀ ਮੋਟਰ 'ਤੇ ਲੈ ਗਏ।

ਇਹ ਵੀ ਪੜ੍ਹੋ : ਕੋਈ ਮਾਂ ਆਪਣੀ ਮਾਸੂਮ ਧੀ ਨਾਲ ਇਹ ਸਭ ਵੀ ਕਰ ਸਕਦੀ ਹੈ, ਸੁਣ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

ਉੱਥੇ ਉਨ੍ਹਾਂ ਨੇ ਉਸ ਨੂੰ ਧੱਕੇ ਨਾਲ ਜ਼ਹਿਰੀਲੀ ਦਵਾਈ ਪਿਲਾਈ। ਇਸ ਤੋਂ ਬਾਅਦ ਉਸ ਨੂੰ ਕੋਈ ਹੋਸ਼ ਨਹੀਂ ਰਹੀ। ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਪੁਲਸ ਨੇ ਕਰੀਬ 1 ਮਹੀਨਾ ਬੀਤ ਜਾਣ ਤੱਕ ਵੀ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਮੁੰਡੇ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਨੂੰ ਇਨਸਾਫ਼ ਮਿਲ ਸਕੇ। ਇਸ ਪੂਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਦੀ ਭੈਣ ਨੇ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ। 8 ਸਤੰਬਰ, 2023 ਨੂੰ ਉਨ੍ਹਾਂ ਦੇ ਘਰ ਅੱਗੋਂ ਲੰਘਦੇ ਰਾਸਤੇ 'ਚ ਖਾਰ ਪੈ ਗਈ ਸੀ, ਜਿਸ ਨੂੰ ਉਸ ਦਾ ਭਰਾ ਮਿੱਟੀ ਪਾ ਕੇ ਭਰ ਰਿਹਾ ਸੀ ਤਾਂ ਅਗਲੇ ਖੇਤ ਵਾਲੇ ਕੁੱਝ ਲੋਕਾਂ ਨੇ ਉਸ ਦੇ ਭਰਾ ਨਾਲ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋ : ਸੁਖ਼ਨਾ ਝੀਲ 'ਤੇ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖ਼ਬਰ, ਜਾਣ ਤੋਂ ਪਹਿਲਾਂ ਜ਼ਰੂਰ ਮਾਰ ਲਓ ਨਜ਼ਰ

ਭੈਣ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਾਮ ਵੇਲੇ ਉਸ ਦਾ ਭਰਾ ਆਪਣੇ ਘਰ ਦੇ ਮਗਰ ਖੇਤ 'ਚ ਗੇੜਾ ਮਾਰਨ ਗਿਆ ਸੀ ਤਾਂ ਕੁੱਝ ਲੋਕਾਂ ਨੇ ਉਸ ਦੀਆਂ ਅੱਖਾਂ 'ਚ ਮਿੱਟੀ ਪਾ ਕੇ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬੇਅਦਬੀ ਕਰਨ ਤੋਂ ਬਾਅਦ ਉਸ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ। ਉਸ ਨੂੰ ਤੁਰੰਤ ਫਰੀਦਕੋਟ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਭੈਣ ਨੇ ਕਿਹਾ ਕਿ ਕਰੀਬ ਇਕ ਮਹੀਨਾ ਹੋ ਗਿਆ ਪਰ ਪੁਲਸ ਵੱਲੋਂ ਕਿਸੇ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਸਬੰਧੀ ਡੀ. ਐੱਸ. ਪੀ. ਫਰੀਦਕੋਟ ਆਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਥਾਣਾ ਸਦਰ ਤੋਂ ਵੈਰੀਫਾਈ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਬਣਦੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News