ਏ. ਐੱਸ. ਆਈ. ਨੇ ਦਿਖਾਇਆ ਵਰਦੀ ਦਾ ਰੋਅਬ

Monday, Sep 04, 2017 - 05:27 AM (IST)

ਚੌਕ ਮਹਿਤਾ,  (ਪਾਲ, ਮਨਦੀਪ)-  ਸਥਾਨਕ ਕਸਬੇ ਦੇ ਇਕ ਨੌਜਵਾਨ ਨੇ ਥਾਣਾ ਮਹਿਤਾ ਦੇ ਇਕ ਐੱਸ. ਆਈ. ਵੱਲੋਂ ਆਪਣੇ ਰੁਤਬੇ ਦਾ ਗਲਤ ਫਾਇਦਾ ਉਠਾਉਂਦਿਆਂ ਨਾਜਾਇਜ਼ ਤੌਰ 'ਤੇ ਉਸ ਨੂੰ ਹੱਥਕੜੀ ਲਾ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੇ ਸਾਰੀ ਰਾਤ ਹਵਾਲਾਤ 'ਚ ਰੱਖਣ ਦੇ ਦੋਸ਼ ਲਾਏ ਹਨ। ਪੀੜਤ ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਜਿੰਦਰ ਸਿੰਘ ਉਸ ਦੇ ਘਰ ਦੇ ਬਾਹਰ ਹੀ ਢਾਬੇ ਦੀ ਆੜ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਤੇ ਉਹ ਕਈ ਵਾਰ ਆਪਣੀ ਨਾਜਾਇਜ਼ ਸ਼ਰਾਬ ਉਸ ਦੇ ਘਰ ਦੀ ਛੱਤ 'ਤੇ ਲੁਕਾਉਣ ਆ ਜਾਂਦਾ ਹੈ ਕਿਉਂਕਿ ਐਕਸਾਈਜ਼ ਵਿਭਾਗ ਵੱਲੋਂ ਮਾਰੇ ਜਾਂਦੇ ਛਾਪੇ ਦੌਰਾਨ ਉਹ ਉਸ ਦੇ ਘਰ ਵੀ ਆ ਜਾਂਦੇ ਹਨ, ਜਿਸ ਕਾਰਨ ਉਸ ਨੂੰ ਮੁਫਤ 'ਚ ਬਦਨਾਮੀ ਝੱਲਣੀ ਪੈਂਦੀ ਹੈ, ਇਸ ਲਈ ਉਸ ਨੇ ਆਪਣੇ ਜੀਜੇ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ ਹੈ।
ਇਸੇ ਕਾਰਨ ਬੀਤੀ ਰਾਤ 11 ਵਜੇ ਦੇ ਕਰੀਬ ਉਸ ਦੀ ਇਸੇ ਗੱਲ ਨੂੰ ਲੈ ਕੇ ਆਪਣੇ ਜੀਜੇ ਨਾਲ ਫਿਰ ਕਿਹਾ-ਸੁਣੀ ਹੋ ਗਈ, ਜਿਸ ਤੋਂ ਬਾਅਦ ਉਸ ਦੇ ਜੀਜੇ ਦੀ ਮਦਦ ਲਈ ਉਥੇ ਪੁੱਜੇ ਏ. ਐੱਸ. ਆਈ. ਨੇ ਬਿਨਾਂ ਕਿਸੇ ਪੁੱਛ-ਪੜਤਾਲ ਦੇ ਮੇਰੀਆਂ ਬਾਹਾਂ ਪਿੱਛੇ ਨੂੰ ਕਰ ਕੇ ਹੱਥਕੜੀ ਲਾ ਦਿੱਤੀ ਤੇ ਮੈਨੂੰ ਮੂਧੇ ਮੂੰਹ ਥੱਲੇ ਸੁੱਟ ਕੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆ। ਇਥੇ ਹੀ ਬੱਸ ਨਾ ਕਰਦਿਆਂ ਏ. ਐੱਸ. ਆਈ. ਨੇ ਉਸ ਨੂੰ ਥਾਣੇ ਲੈ ਆਂਦਾ ਤੇ ਉਥੇ ਆ ਕੇ ਵੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਸਾਰੀ ਰਾਤ ਹਵਾਲਾਤ 'ਚ ਬੰਦ ਕਰੀ ਰੱਖਿਆ, ਜਿਸ ਨੂੰ ਸਵੇਰੇ ਪਿੰਡ ਦੇ ਕੁਝ ਮੋਹਤਬਰਾਂ ਵੱਲੋਂ ਕੀਤੇ ਗਏ ਫੋਨ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਹਵਾਲਾਤ 'ਚੋਂ ਬਾਹਰ ਕਢਾ ਕੇ ਘਰ ਲੈ ਕੇ ਗਏ।
ਪੀੜਤ ਬਲਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਥਾਣਾ ਮਹਿਤਾ ਵਿਖੇ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤ ਨੇ ਉਕਤ ਏ. ਐੱਸ. ਆਈ. ਖਿਲਾਫ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇ ਸੀਨੀਅਰ ਅਧਿਕਾਰੀਆਂ ਨੇ ਉਸ ਨਾਲ ਹੋਈ ਧੱੱਕੇਸ਼ਾਹੀ ਦਾ ਕੋਈ ਇਨਸਾਫ ਨਾ ਕੀਤਾ ਤਾਂ ਉਹ ਆਪਣੇ ਨਾਲ ਹੋਏ ਇਸ ਜ਼ੁਲਮ ਵਿਰੁੱਧ ਮਾਨਵ ਅਧਿਕਾਰ ਕਮਿਸ਼ਨ ਕੋਲ ਆਵਾਜ਼ ਉਠਾਏਗਾ।
ਇਸ ਬਾਰੇ ਆਪਣਾ ਸਪੱਸ਼ਟੀਕਰਨ ਰੱਖਦੇ ਹੋਏ ਉਕਤ ਏ. ਐੱਸ. ਆਈ. ਦਾ ਕਹਿਣਾ ਹੈ ਕਿ ਨੌਜਵਾਨ ਦੀ ਕੁੱਟਮਾਰ ਉਸ ਨੇ ਨਹੀਂ ਕੀਤੀ, ਬਲਕਿ ਉਸ ਦੇ ਆਪਣੇ ਹੀ ਜੀਜੇ ਨੇ ਕੀਤੀ ਹੈ ਤੇ ਸੱਟਾਂ ਦੇ ਨਿਸ਼ਾਨ ਵੀ ਉਸ ਵੱਲੋਂ ਮਾਰੀਆਂ ਗਈਆਂ ਡਾਂਗਾਂ ਦੇ ਹਨ। ਏ. ਐੱਸ. ਆਈ. ਨੇ ਕਿਹਾ ਕਿ ਉਸ ਨੇ ਅਮਨ-ਸ਼ਾਂਤੀ ਦੀ ਬਹਾਲੀ ਲਈ ਨੌਜਵਾਨ ਨੂੰ ਥਾਣੇ ਲਿਆਂਦਾ ਸੀ।
ਇਸ ਸਾਰੇ ਘਟਨਾਕ੍ਰਮ 'ਤੇ ਥਾਣਾ ਮੁਖੀ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਪੀੜਤ ਨੌਜਵਾਨ ਦਾ ਡਾਕਟਰੀ ਮੁਆਇਨਾ ਕਰਵਾ ਕੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਨੂੰ ਡੀ. ਐੱਸ. ਪੀ. ਜੰਡਿਆਲਾ ਗੁਰੂ ਦੇ ਧਿਆਨ 'ਚ ਵੀ ਲਿਆ ਦਿੱਤਾ ਗਿਆ ਹੈ।


Related News