ਕਲਾਸ ''ਚ ਸਹੇਲੀ ਨਾਲ ਬੋਲਣਾ ਪਿਆ ਮਹਿੰਗਾ, ਟੀਚਰ ਨੇ ਪੇਪਰ ਖੋਹ ਕੇ ਤੋਰਿਆ ਘਰੇ

Wednesday, Mar 07, 2018 - 06:15 PM (IST)

ਸੰਗਤ ਮੰਡੀ (ਮਨਜੀਤ)— ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 9ਵੀਂ ਕਲਾਸ ਦੇ ਅੰਗਰੇਜ਼ੀ ਦੇ ਪੇਪਰ ਦੌਰਾਨ ਇਕ ਲੜਕੀ ਨੂੰ ਆਪਣੀ ਸਹੇਲੀ ਦੇ ਨਾਲ ਬੋਲਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਟੀਚਰ ਵੱਲੋਂ ਉਸ ਦਾ ਪੇਪਰ ਖੋਹ ਕੇ ਲੜਕੀ ਨੂੰ ਘਰੇ ਤੋਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਹਿਲੇ ਦਿਨ 9ਵੀਂ ਕਲਾਸ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਦਾ ਪੇਪਰ ਸੀ। ਮੰਦਰ ਸਿੰਘ ਦੀ ਲੜਕੀ ਅਮਨਜੋਤ ਕੌਰ ਵੀ ਪੇਪਰ ਦੇਣ ਗਈ ਸੀ। ਹਾਲੇ ਪੇਪਰ ਨੂੰ ਸ਼ੁਰੂ ਹੋਇਆ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਉਸ ਨੇ ਆਪਣੇ ਨਾਲ ਬੈਠੀ ਸਹੇਲੀ ਤੋਂ ਕੁਝ ਪੁੱਛ ਲਿਆ, ਜਿਸ 'ਤੇ ਡਿਊਟੀ ਦੇ ਰਹੀ ਇਕ ਅਧਿਆਪਕਾ ਨੇ ਉਸ ਦਾ ਪੇਪਰ ਖੋਹ ਕੇ ਲੜਕੀ ਨੂੰ ਘਰੇ ਤੋਰ ਦਿੱਤਾ। ਲੜਕੀ ਦੇ ਪਿਤਾ ਮੰਦਰ ਸਿੰਘ ਨੇ ਦੱਸਿਆ ਕਿ ਲੜਕੀ ਇੰਨੀ ਜ਼ਿਆਦਾ ਮਾਨਸ਼ਿਕ ਪਰੇਸ਼ਾਨ ਹੋ ਗਈ ਕਿ ਉਹ ਰੋਂਦੀ-ਰੋਂਦੀ ਘਰ ਆ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਲੜਕੀ ਆਪਣੀ ਸਹੇਲੀ ਨਾਲ ਬੋਲਦੀ ਸੀ ਤਾਂ ਡਿਊਟੀ ਅਧਿਆਪਕਾ ਵੱਲੋਂ ਉਸ ਨੂੰ ਵੱਖ ਕਰਕੇ ਪਾਸੇ ਬੈਠਾਇਆ ਜਾ ਸਕਦਾ ਸੀ, ਪੇਪਰ ਖੋਹ ਕੇ ਘਰੇ ਤੋਰਨ ਵਾਲੀ ਕਿਹੜੀ ਗੱਲ ਸੀ। ਜਦ ਉਨ੍ਹਾਂ ਨੇ ਆਪਣੀ ਲੜਕੀ ਨੂੰ ਦੁਬਾਰਾ ਸਕੂਲ 'ਚ ਨਾਲ ਲਿਜਾ ਕੇ ਰੌਲਾ ਪਾਇਆ ਤਾਂ ਪਿੰ੍ਰਸੀਪਲ ਵੱਲੋਂ ਲੜਕੀ ਨੂੰ ਵਾਧੂ ਸਮਾਂ ਦੇ ਕੇ ਆਪਣੇ ਦਫਤਰ 'ਚ ਪੇਪਰ ਕਰਵਾਇਆ ਗਿਆ। ਮਾਪਿਆਂ ਦਾ ਦੋਸ਼ ਸੀ ਕਿ ਲੜਕੀ ਦੇ ਪਹਿਲੇ ਪੇਪਰ ਦੌਰਾਨ ਘੱਟੋ-ਘੱਟ ਇਕ ਘੰਟਾ ਖਰਾਬ ਹੋ ਗਿਆ, ਜੇਕਰ ਉਨ੍ਹਾਂ ਦੀ ਲੜਕੀ ਫੇਲ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ? ਪ੍ਰਿੰਸੀਪਲ ਵੱਲੋਂ ਲੜਕੀ ਦੇ ਪਿਤਾ ਮੰਦਰ ਸਿੰਘ ਨੂੰ ਕਿਹਾ ਗਿਆ ਕਿ ਪਾਸ ਫੇਲ ਤਾਂ ਅਸੀਂ ਹੀ ਕਰਨੇ ਨੇ।
ਕੀ ਕਹਿੰਦੇ ਨੇ ਸਕੂਲ ਦੇ ਪ੍ਰਿੰਸੀਪਲ ਬਲਤੇਜ ਸਿੰਘ ਚਹਿਲ
ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਬਲਤੇਜ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਧਿਆਪਕ ਵੱਲੋਂ ਲੜਕੀ ਨੂੰ ਪੇਪਰ ਖੋਹ ਕੇ ਘਰੇ ਨਹੀਂ ਤੋਰਿਆ ਗਿਆ, ਅਧਿਆਪਕ ਸਰਕਾਰੀ ਹਦਾਇਤਾਂ ਦਾ ਪਾਲਣ ਕਰ ਰਹੇ ਹਨ। ਜਦ ਉਨ੍ਹਾਂ ਤੋਂ ਪੁੱਛਿਆ ਕਿ ਜੇਕਰ ਤੁਸੀਂ ਬੱਚੀ ਨੂੰ ਘਰ ਨਹੀਂ ਤੋਰਿਆ ਤਾਂ ਫਿਰ ਬੱਚੀ ਨੂੰ ਪੇਪਰ ਲਈ ਵਾਧੂ ਸਮਾਂ ਕਿਸ ਲਈ ਦਿੱਤਾ ਹੈ, ਤਾਂ ਇਸ ਸੁਆਲ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।


Related News