ਪਿਓ ਦੀਆਂ ਝਿੜਕਾਂ ਤੋਂ ਡਰ ਬੱਚਾ ਨਿਕਲ ਗਿਆ ਘਰੋਂ, 7 ਦਿਨ ਮਗਰੋਂ ਵੀ ਨਹੀਂ ਲੱਗਾ ਥਹੁ-ਪਤਾ, ਮਾਪੇ ਪਰੇਸ਼ਾਨ
Sunday, Mar 12, 2023 - 06:35 PM (IST)
ਹੁਸ਼ਿਆਰਪੁਰ (ਅਮਰੀਕ) ਹੁਸ਼ਿਆਰਪੁਰ ਦੇ ਵਾਰਡ ਨੰਬਰ-27 ਅਧੀਨ ਆਉਂਦੇ ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ ਇਕ 9 ਸਾਲਾ ਬੱਚਾ ਅਮਨ 4 ਮਾਰਚ ਨੂੰ ਪਿਓ ਦੀਆਂ ਝਿੜਕਾਂ ਤੋਂ ਡਰਦੇ ਹੋਏ ਕਿਤੇ ਚਲਾ ਗਿਆ ਸੀ। 7 ਦਿਨ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਅਮਨ ਦਾ ਕੁਝ ਥਹੁ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਅਮਨ ਦੇ ਪਰਿਵਾਰ ਅਤੇ ਪੁਲਸ ਵੱਲੋਂ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਅਮਨ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਘਰੋਂ ਜਾਂਦੇ ਹੋਏ ਅਮਨ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਅਮਨ ਮੋਢਿਆਂ 'ਤੇ ਬੈਗ ਪਾ ਕੇ ਘਰੋਂ ਜਾਂਦੇ ਹੋਏ ਵਿਖਾਈ ਦਿੰਦਾ ਹੈ।
ਪਰਿਵਾਰ ਚਿੰਤਾ ਦੇ ਆਲਮ ਵਿਚ ਡੁੱਬਿਆ ਹੋਇਆ ਹੈ ਅਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਮਨ ਦੀ ਹੁਸਿ਼ਆਰਪੁਰ ਅਤੇ ਜਲੰਧਰ ਸਮੇਤ ਦਿੱਲੀ ਦੀਆਂ ਕੁਝ ਥਾਵਾਂ 'ਤੇ ਵੀ ਭਾਲ ਵੀ ਕੀਤੀ ਗਈ ਹੈ ਪਰ ਅਮਨ ਦਾ ਕੁਝ ਨਹੀਂ ਪਤਾ ਲੱਗਿਆ ਹੈ। ਅਮਨ ਦੇ ਪਿਤਾ ਨਵਾਬ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਮਨ ਨੂੰ ਕੋਈ ਵਿਅਕਤੀ ਵਰਗਲਾ ਕੇ ਕਿਧਰੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨਾਲ ਵੀ ਮੁਲਾਕਾਤ ਕੀਤੀ ਸੀ, ਜਿਨ੍ਹਾਂ ਵੱਲੋਂ ਅਮਨ ਨੂੰ ਜਲਦ ਲੱਭਣ ਦਾ ਭਰੋਸਾ ਦੁਆਇਆ ਗਿਆ ਹੈ। ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਅਮਨ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਦੇ ਹਵਾਲੇ ਕਰਨ।
ਇਸ ਮੌਕੇ ਪਰਿਵਾਰ ਦਾ ਹਾਲ ਜਾਨਣ ਪਹੁੰਚੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀ. ਐੱਸ. ਮਾਨ ਨੇ ਵੀ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ। ਪੁਲਸ ਅਧਿਕਾਰੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਬੱਚੇ ਦੀ ਗੁੰਮਸ਼ੁਦਗੀ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ਼ਤਿਹਾਰ ਵੀ ਛਪਵਾ ਲਏ ਹਨ ਅਤੇ ਪੁਲਸ ਬੜੀ ਤੇਜ਼ੀ ਨਾਲ ਅਮਨ ਨੂੰ ਲੱਭਣ ਲਈ ਯਤਨ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।