8 ਹਜ਼ਾਰ ਦੀ ਨਕਦੀ ਖੋਹਣ ਵਾਲਾ ਗ੍ਰਿਫ਼ਤਾਰ
Tuesday, Mar 20, 2018 - 11:39 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਪ੍ਰਵਾਸੀ ਮਜ਼ਦੂਰ ਨੂੰ ਬਾਈਕ 'ਤੇ ਲਿਫਟ ਦੇ ਕੇ 8 ਹਜ਼ਾਰ ਰੁਪਏ ਦੀ ਰਾਸ਼ੀ ਖੋਹਣ ਦੇ ਦੋਸ਼ੀ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਖੋਹੀ ਗਈ ਰਾਸ਼ੀ ਤੇ ਵਾਰਦਾਤ 'ਚ ਵਰਤੀ ਬਾਈਕ ਨੂੰ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਿੱਤੀ ਸ਼ਿਕਾਇਤ 'ਚ ਪ੍ਰਵਚਨ ਪੁੱਤਰ ਰਾਮਵਚਨ ਵਾਸੀ ਬਸੈਬਾ ਥਾਣਾ ਕਟਰਾ ਜ਼ਿਲਾ ਮੁਜੱਫਰਪੁਰ (ਯੂ.ਪੀ.) ਹਾਲ ਵਾਸੀ ਪਿੰਡ ਚਾਹਲ ਜੱਟਾਂ ਥਾਣਾ ਕਾਠਗੜ੍ਹ ਨੇ ਦੱਸਿਆ ਸੀ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ ਤੇ ਕੁਝ ਦਿਨ ਪਹਿਲਾਂ ਆਪਣੇ ਕੰਮ ਤੋਂ ਫ੍ਰੀ ਹੋ ਕੇ ਉਹ ਕਾਠਗੜ੍ਹ ਮੋੜ ਵੱਲ ਆਪਣਾ ਮੋਬਾਇਲ ਠੀਕ ਕਰਵਾਉਣ ਜਾ ਰਿਹਾ ਸੀ ਕਿ ਨਰਸਰੀ ਨਜ਼ਦੀਕ ਇਕ ਬਾਈਕ ਸਵਾਰ ਉਸ ਕੋਲ ਆ ਕੇ ਰੁਕਿਆ, ਜਿਸ ਨੇ ਉਸ ਨੂੰ ਚਾਰਾ (ਪੱਠੇ) ਚੁਕਵਾਉਣ ਲਈ ਕਿਹਾ ਤੇ ਬਾਅਦ 'ਚ ਉਸ ਨੂੰ ਆਪਣੀ ਬਾਈਕ 'ਤੇ ਬਿਠਾ ਲਿਆ ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਨੌਜਵਾਨ ਸੜਕ ਕਰਾਸ ਕਰ ਕੇ ਉਸ ਨੂੰ ਨਹਿਰ ਵੱਲ ਲੈ ਗਿਆ ਤੇ ਸੁੰਨਸਾਨ ਥਾਂ 'ਤੇ ਉਸ ਨੂੰ ਗਲੇ ਤੋਂ ਫੜ ਕੇ ਅਤੇ ਡਰਾ-ਧਮਕਾ ਕੇ 8 ਹਜ਼ਾਰ ਰੁਪਏ ਖੋਹ ਲਏ । ਇਸ ਸਬੰਧੀ ਉਸ ਨੇ ਕਿਸੇ ਨੂੰ ਨਹੀਂ ਦੱਸਿਆ ਸੀ ਤੇ ਆਪਣੇ ਤੌਰ 'ਤੇ ਨੌਜਵਾਨ ਦੀ ਭਾਲ ਕਰਦਾ ਰਿਹਾ । ਸੋਮਵਾਰ ਨੂੰ ਉਸ ਨੇ ਉਕਤ ਨੌਜਵਾਨ, ਜਿਸ ਨੇ ਉਸ ਤੋਂ ਪੈਸੇ ਖੋਹੇ ਸਨ, ਕਾਠਗੜ੍ਹ ਮੋੜ 'ਤੇ ਦੇਖਿਆ, ਜਿਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ । ਐੱਸ.ਐੱਚ.ਓ. ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀ ਨੌਜਵਾਨ, ਜਿਸ ਦੀ ਪਛਾਣ ਜਗਮੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਭਰਥਲਾ ਥਾਣਾ ਕਾਠਗੜ੍ਹ ਦੇ ਤੌਰ 'ਤੇ ਕੀਤੀ, ਨੂੰ ਗ੍ਰਿਫ਼ਤਾਰ ਕਰ ਕੇ ਖੋਹੀ ਗਈ ਰਾਸ਼ੀ 'ਚੋਂ 7 ਹਜ਼ਾਰ ਰੁਪਏ ਤੇ ਵਾਰਦਾਤ ਲਈ ਵਰਤੀ ਬਾਈਕ ਬਰਾਮਦ ਕਰ ਲਈ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ 'ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਤੇ ਉਸ ਨੇ ਪਹਿਲੀ ਵਾਰ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ।