ਹਨੀ ਟਰੈਪ ਗਿਰੋਹ ਦਾ ਪਰਦਾਫਾਸ਼, ਗਿਰੋਹ ਦੇ 8 ਵਿਅਕਤੀ ਕਾਬੂ
Sunday, Aug 11, 2024 - 11:52 AM (IST)
ਜਲਾਲਾਬਾਬਾਦ (ਬਜਾਜ, ਬੰਟੀ, ਆਦਰਸ਼, ਜਤਿੰਦਰ, ਟੀਨੂੰ, ਸੁਮਿਤ) : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਪੈਸੇ ਵਸੂਲਣ ਅਤੇ ਬਲੈਕਮੇਲ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਅੰਗਰੇਜ਼ ਕੁਮਾਰ ਦੀ ਨਿਗਰਾਨੀ ਹੇਠ ਇਕ ਵਿਅਕਤੀ ਨੂੰ ਬਲੇਕਮੇਲ ਕਰਨ ਦੇ ਦੋਸ਼ ’ਚ ਹਨੀ ਟਰੇਪ ਗਿਰੋਹ ਦੇ 9 ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਬਾਰੇ ਅੱਜ ਡੀ. ਐੱਸ. ਪੀ. ਅੱਛਰੂ ਰਾਮ ਸ਼ਰਮਾ ਨੇ ਆਪਣੇ ਦਫਤਰ ’ਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਦਈ ਬਿਆਨ ਸੁਰਿੰਦਰ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਪਿੰਡ ਬੱਘੇ ਕੇ ਉਤਾੜ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਜੋਤਮ ਕੌਰ ਪਤਨੀ ਮਨਜੀਤ ਸਿੰਘ, ਜਸਵਿੰਦਰ ਕੌਰ ਪਤਨੀ ਮਲਕੀਤ ਸਿੰਘ ਵਾਸੀ ਗੰਗ ਕਨਾਲ, ਸੁਨੀਤਾ ਕੌਰ ਪਤਨੀ ਸ਼ਮਸੇਰ ਸਿੰਘ ਵਾਸੀ ਟਿੱਡੀ ਅਰਾਈਆ, ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ, ਛਿੰਦੋ ਬਾਈ ਪਤਨੀ ਅੰਗਰੇਜ ਸਿੰਘ ਵਾਸੀ ਚੱਕ ਮੋਚਨ ਵਾਲਾ (ਹੀਰੇ ਵਾਲਾ), ਅਮਨ, ਅੰਗਰੇਜ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਚੱਕ ਮੋਚਨ ਹੀਰੇ ਵਾਲਾ, ਸੁਖਚੈਨ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਗੋਬਿੰਦ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਕਰਨੀਵਾਲਾ ਦੇ ਖ਼ਿਲਾਫ਼ ਦਰਜ ਕੀਤਾ ਗਿਆ।
ਇਸ ਦੇ ਬਾਅਦ ਥਾਣਾ ਸਿਟੀ ਦੇ ਐੱਸ. ਐੱਚ. ਓ. ਅੰਗਰੇਜ ਕੁਮਾਰ ਦੀ ਦੇਖ-ਰੇਖ ਹੇਠ ਪੁਲਸ ਟੀਮਾਂ ਬਣਾ ਕੇ ਇਸ ਗਿਰੋਹ ਨੂੰ ਕਾਬੂ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ। ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਮਿਲ ਕੇ ਮੁੱਦਈ ਸੁਰਿੰਦਰ ਕੁਮਾਰ ਪਾਸੋ ਵਸੂਲੀ ਗਈ ਰਕਮ ਜੋ ਕਿ ਇਕ ਮੋਬਾਈਲ ਫੋਨ ਰਾਹੀਂ 1,30,000 (35000+50000+45000) ਲੱਖ ਰੁਪਏ ਨਕਦ, 1,10,000 ਰੁਪਏ ਗੱਗਲ ਪੇ, 5 ਲੱਖ ਰੁਪਏ ਨਕਦ, 2 ਚੈੱਕ ਇਕ 10 ਲੱਖ ਰੁਪਏ ਤੇ ਦੂਸਰਾ ਚੈੱਕ 5 ਲੱਖ ਰੁਪਏ ਬਾਰਮਦ ਕੀਤੇ ਗਏ ਹਨ। ਇਨ੍ਹਾਂ ਨਾਮਜ਼ਦ ਵਿਅਕਤੀਆਂ ਨੂੰ ਅਦਾਲਤ ਵਿਖੇ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਤਫਤੀਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਹਿੰਦੇ ਵਿਅਕਤੀ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।