16 ''ਚੋਂ 8 ਕੋਰੋਨਾ ਪਾਜ਼ੇਟਿਵ ਮੁਲਾਜ਼ਮ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੋਏ ਡਿਸਚਾਰਜ : ਡੀ. ਜੀ. ਪੀ.

Sunday, May 17, 2020 - 10:10 PM (IST)

ਚੰਡੀਗੜ੍ਹ : ਸੂਬੇ ਦੇ ਹਸਪਤਾਲਾਂ 'ਚ ਦਾਖ਼ਲ 16 'ਚੋਂ 8 ਕੋਵਿਡ-19 ਪੁਲਸ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਅੱਜ ਡਿਸਚਾਰਜ ਕਰ ਦਿੱਤਾ ਗਿਆ। ਪੰਜਾਬ ਪੁਲਸ ਵੱਲੋਂ ਮੋਹਰਲੀ ਕਤਾਰ 'ਚ ਡਿਊਟੀ ਕਰਨ ਵਾਲੇ ਜਵਾਨਾਂ ਲਈ ਸੁਰੱਖਿਆ ਅਤੇ ਭਲਾਈ ਉਪਰਾਲਿਆਂ ਨੂੰ ਜਾਰੀ ਰੱਖਿਆ ਗਿਆ ਅਤੇ ਆਪਣੇ ਕਰਮਚਾਰੀਆਂ ਲਈ ਪਿਛਲੇ ਇਕ ਹਫ਼ਤੇ 'ਚ 20 ਜ਼ਿਲ੍ਹਾ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਗਏ। ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਨੋਟੀਫਾਈਡ ਕੀਤੇ ਗਏ ਸੈਂਟਰਾਂ ਦੀ ਕੁੱਲ ਗਿਣਤੀ 78 ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ 14 ਮਈ ਨੂੰ ਹਸਪਤਾਲਾਂ 'ਚ ਦਾਖ਼ਲ 16 ਪੁਲਸ ਮੁਲਾਜ਼ਮਾਂ 'ਚੋਂ 8 ਪੂਰੀ ਤਰ੍ਹਾਂ ਠੀਕ ਹੋ ਕੇ ਅੱਜ ਆਪਣੇ ਘਰ ਚਲੇ ਗਏ ਹਨ।

ਇਕਾਂਤਵਾਸ 'ਚ ਭੇਜੇ ਪੁਲਸ ਮੁਲਾਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ (110) ਅਤੇ ਆਰਮਡ ਪੁਲਸ (80) ਸਮੇਤ ਕੁੱਲ 190 ਪੁਲਸ ਮੁਲਾਜ਼ਮ ਫਿਲਹਾਲ ਵਿਭਾਗ ਦੁਆਰਾ ਬਣਾਏ ਗਏ ਜ਼ਿਲ੍ਹਾ ਕੁਆਰੰਟੀਨ ਸੈਂਟਰਾਂ ਵਿਚ ਕੁਆਰੰਟੀਨ ਵਿਚ ਹਨ, ਜੋ ਆਪਣੀ ਡਿਊਟੀ ਦੌਰਾਨ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿਚ ਆਏ ਸਨ। ਹੋਰ 90 ਜ਼ਿਲ੍ਹਾ ਪੁਲਸ ਮੁਲਾਜ਼ਮ ਅਤੇ 69 ਆਰਮਡ ਪੁਲਿਸ ਮੁਲਾਜ਼ਮ ਘਰੇਲੂ ਕੁਆਰੰਟੀਨ ਅਧੀਨ ਹਨ ਅਤੇ ਹੁਣ ਉਨ੍ਹਾਂ ਦੀ ਕੁਲ ਗਿਣਤੀ 349 ਰਹਿ ਗਈ ਹੈ ਜੋ ਕਿ ਪਹਿਲਾਂ 615 ਸੀ ਕਿਉਂਕਿ ਬਾਕੀ 266 ਮੁਲਾਜ਼ਮਾਂ ਦੇ ਲਾਜ਼ਮੀ ਕੁਆਰੰਟੀਨ ਦੀ ਮਿਆਦ ਪੂਰੀ ਹੋ ਗਈ ਹੈ।

ਡੀਜੀਪੀ ਨੇ ਕਿਹਾ ਕਿ ਕੁਆਰੰਟੀਨ ਸੈਂਟਰਾਂ ਵਿਚ ਪੁਲਿਸ ਮੁਲਾਜ਼ਮਾਂ ਦੀ ਦੇਖਭਾਲ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਦੇ ਪੁਲਿਸ ਨੋਡਲ ਅਫ਼ਸਰਾਂ ਅਤੇ ਡਾਕਟਰਾਂ ਨਾਲ ਨੇੜਿਓ ਤਾਲਮੇਲ ਕਾਇਮ ਰੱਖਿਆ ਜਾ ਰਿਹਾ ਹੈ। ਵੈਲਫੇਅਰ ਵਿੰਗ ਨੋਡਲ ਅਫ਼ਸਰਾਂ ਤੋਂ ਰੋਜ਼ਾਨਾ ਕੁਆਰੰਟੀਨ ਕਰਮਚਾਰੀਆਂ ਦੀ ਸਿਹਤ ਸੰਬੰਧੀ ਅਪਡੇਟ ਲੈਂਦਾ ਹੈ, ਇਸ ਦੇ ਨਾਲ ਹੀ ਕੋਵਿਡ -19 ਬਾਰੇ ਪੰਜਾਬ ਦੇ ਸਿਹਤ ਵਿਭਾਗ ਅਤੇ ਡਬਲਯੂਐਚਓ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਸਾਰੇ ਕੁਆਰੰਟੀਨ ਪੁਲਿਸ ਕਰਮਚਾਰੀਆਂ ਨੂੰ ਸਰਕੂਲੇਟ ਕੀਤੀਆਂ ਗਈਆਂ ਹਨ। ਘਰੇਲੂ ਕੁਆਰੰਟੀਨ ਲਈ ਵੀ ਇਸੇ ਤਰ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਲਈ ਮੈਡੀਕਲ ਅਧਿਕਾਰੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ । ਡੀਜੀਪੀ ਨੇ ਕਿਹਾ ਕਿ ਕੁਆਰੰਟੀਨ ਪੁਲਿਸ ਮੁਲਾਜ਼ਮਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ 16 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਹੋਣਾ ਪਿਆ ਕਿਉਂਕਿ ਉਹ ਪੁਲਿਸ ਅਧਿਕਾਰੀ ਮੁੱਢਲੇ ਸੰਪਰਕ ਵਿੱਚ ਆਉਣ ਕਰਕੇ ਪਾਜ਼ੇਟਿਵ ਹੋਏ, ਜਦਕਿ 150 ਪੁਲਿਸ ਮੁਲਜ਼ਮਾਂ ਨੂੰ ਕੁਆਰੰਟੀਨ ਹੋਣਾ ਪਿਆ ਕਿਉਂਕਿ ਉਹ ਅਪਰਾਧੀਆਂ ਨਾਲ ਪੁੱਛਗਿੱਛ ਦੌਰਾਨ ਪਾਜ਼ੇਟਿਵ ਦੇ ਸੰਪਰਕ ਵਿੱਚ ਆਏ ਅਤੇ ਉਸ ਤੋਂ ਬਾਅਦ ਉਹਨਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ।

118 ਹੋਰ ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟੀਨ ਕਰਨਾ ਪਿਆ ਕਿਉਂਕਿ ਉਹ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ, ਜੈਸਲਮੇਰ (ਰਾਜਸਥਾਨ) ਦੇ ਕਰਮਚਾਰੀ, ਜਵਾਹਰ ਨਵੋਦਿਆ ਸਦਨ ਦੇ ਵਿਦਿਆਰਥੀਆਂ ਅਤੇ ਕੋਟਾ (ਰਾਜਸਥਾਨ) ਤੋਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਨਾਲ-ਨਾਲ ਬੱਚਿਆਂ ਅਤੇ ਮਜ਼ਦੂਰਾਂ ਨੂੰ ਜੰਮੂ-ਕਸ਼ਮੀਰ ਲੈ ਕੇ ਜਾਣ ਸਮੇਂ ਡਿਊਟੀ 'ਤੇ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਜ਼ਿਲ੍ਹਾ ਮਾਨਸਾ ਵਿੱਚ 54 ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਗਿਆ ਸੀ ਕਿਉਂਕਿ ਉਹ ਬੁਢਲਾਡਾ, ਮਾਨਸਾ ਦੇ ਕੰਟੇਨਟਮੈਂਟ ਜੋਨ ਵਿੱਚ ਡਿਊਟੀ ਨਿਭਾ ਰਹੇ ਕੋਵਿਡ ਸਕਾਰਾਤਮਕ ਪੁਲਿਸ ਕਰਮਚੀਆਂ ਦੇ ਮੁੱਢਲੇ ਸੰਪਰਕ ਵਿੱਚ ਆਏ ਸਨ, ਜਦੋਂ ਕਿ ਲੁਧਿਆਣਾ ਵਿੱਚ 11 ਵਿਅਕਤੀਆਂ ਨੂੰ ਲਾਗ ਕਾਰਨ ਵਿਅਕਤੀ ਦੀ ਮੌਤ ਤੋਂ ਬਾਅਦ ਲਾਸ਼ ਦੇ ਸੰਪਰਕ ਵਿੱਚ ਆਉਣ ਕਾਰਨ ਸ਼ੱਕੀ ਹੋਣ ਕਰਕੇ ਕੁਆਰੰਟੀਨ ਕਰ ਦਿੱਤਾ ਗਿਆ ਸੀ।


Deepak Kumar

Content Editor

Related News