ਵਪਾਰੀ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ 8 ਗ੍ਰਿਫ਼ਤਾਰ

Thursday, Aug 01, 2024 - 01:18 PM (IST)

ਵਪਾਰੀ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ 8 ਗ੍ਰਿਫ਼ਤਾਰ

ਬਰਨਾਲਾ (ਵਿਵੇਕ ਸਿੰਧਵਾਸੀ/ਬਰਜਿੰਦਰ) : ਵਪਾਰੀ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ 8 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 3 ਪਿਸਤੌਲਾਂ, ਕਾਰਤੂਸ, 1 ਕਾਰ ਅਤੇ 1 ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ. ਮਲਿਕ ਨੇ ਦੱਸਿਆ ਕਿ 8 ਜੁਲਾਈ ਨੂੰ ਸਤਪਾਲ ਮੌੜ ਵਾਸੀ ਤਪਾ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸਦੇ ਫੋਨ ਨੰਬਰ ’ਤੇ ਇੰਟਰਨੈਸ਼ਨਲ ਨੰਬਰਾਂ ਤੋਂ ਵਟਸਐੱਪ ਕਾਲਾਂ ਆ ਰਹੀਆਂ ਹਨ। ਕਾਲ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਲੱਕੀ ਪਟਿਆਲ ਦੱਸ ਰਿਹਾ ਹੈ। ਉਸ ਨੇ ਮੇਰੇ ਕੋਲੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਇਸ ਬਾਬਤ ਸਤਪਾਲ ਦੇ ਬਿਆਨਾਂ ’ਤੇ ਤਪਾ ’ਚ ਕੇਸ ਦਰਜ ਕੀਤਾ ਗਿਆ। ਇਸ ਸਬੰਧ ’ਚ ਸੀ. ਆਈ. ਸਟਾਫ਼ ਬਰਨਾਲਾ ਅਤੇ ਥਾਣਾ ਸ਼ਹਿਣਾ ਦੀ ਟੀਮ ਵੱਲੋਂ ਡੂੰਘਾਈ ਦੇ ਨਾਲ ਜਾਂਚ ਕਰ ਕੇ ਇਸ ਕੇਸ ’ਚ ਗੁਰਦੀਪ ਸਿੰਘ ਵਾਸੀ ਮੌੜ ਨਾਭਾ, ਨਿਰਮਲ ਸਿੰਘ, ਗੁਰਤੇਜ ਸਿੰਘ ਵਾਸੀਆਨ ਮੌੜ ਨਾਭਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਇਸ ਕੇਸ ’ਚ ਜਗਸੀਰ ਸਿੰਘ ਵਾਸੀ ਸੁਖਾਨੰਦ ਜ਼ਿਲ੍ਹਾ ਮੋਗਾ, ਗੁਰਵੀਰ ਸਿੰਘ ਵਾਸੀ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ, ਲਵਪ੍ਰੀਤ ਸਿੰਘ ਵਾਸੀ ਮੁਸਤਫ਼ਾ ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਸੁਖਾਨੰਦ ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜੇਲ੍ਹ ’ਚੋਂ ਫੋਨ ਕਰ ਕੇ ਮੁਲਜ਼ਮ ਮੰਗਦੇ ਸੀ ਫ਼ਿਰੌਤੀ
ਐੱਸ. ਐੱਸ. ਪੀ. ਮਲਿਕ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਫਰੀਦਕੋਟ ਜੇਲ੍ਹ ’ਚ ਬੰਦ ਸੀ, ਗੁਰਪ੍ਰੀਤ ਸਿੰਘ ਪਟਿਆਲਾ ਜੇਲ੍ਹ ’ਚ ਬੰਦ ਸੀ, ਗੁਰਪ੍ਰੀਤ ਸ੍ਰੀ ਮੁਕਸਤਰ ਸਾਹਿਬ ਜੇਲ੍ਹ ’ਚ ਸੀ। ਉਹ ਜੇਲ੍ਹ ’ਚੋਂ ਫੋਨ ਲਾ ਕੇ ਫ਼ਿਰੌਤੀ ਦੀ ਮੰਗ ਕਰਦੇ ਸਨ। ਪੁਲਸ ਇਨ੍ਹਾਂ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ ਅਤੇ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਗੁਰਦੀਪ ਸਿੰਘ ਕੋਲੋਂ 3 ਪਿਸਤੌਲਾਂ, 9 ਕਾਰਤੂਸ 32 ਬੋਰ ਜ਼ਿੰਦਾ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ, ਜਦੋਂਕਿ ਗੁਰਦੀਪ ਸਿੰਘ ਕੋਲੋਂ ਇਕ ਮੋਟਰਸਾਈਕਲ, ਜਗਸੀਰ ਸਿੰਘ ਤੇ ਗੁਰਦੀਪ ਸਿੰਘ ਕੋਲੋਂ ਕਾਰ ਬਰਾਮਦ ਕੀਤੀ ਗਈ। ਗੁਰਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਇਕ ਕੇਸ ਦਰਜ ਹੈ। ਗੁਰਤੇਜ਼ ਸਿੰਘ ਖ਼ਿਲਾਫ਼ 2, ਲਵਪ੍ਰੀਤ ਸਿੰਘ ਖ਼ਿਲਾਫ਼ 11, ਗੁਰਪ੍ਰੀਤ ਸਿੰਘ ਖ਼ਿਲਾਫ਼ 4 ਅਤੇ ਗੁਰਪ੍ਰੀਤ ਸਿੰਘ ਉਰਫ਼ ਬਰਾੜ ਖ਼ਿਲਾਫ਼ 9 ਕੇਜ ਦਰਜ ਹਨ। ਮੁੱਖ ਮੁਲਜ਼ਮ ਲੱਕੀ ਪਟਿਆਲਾ ਬਾਹਰ ਭਗੌੜਾ ਹੈ ਉਸ ਦੀ ਪੁਲਸ ਤਲਾਸ਼ ਕਰ ਰਹੀ ਹੈ।
 


author

Babita

Content Editor

Related News