ਵਾਤਾਵਰਨ ਸੰਭਾਲ ਲਈ ਫਾਜ਼ਿਲਕਾ ਦੇ 75 ਪਿੰਡਾਂ ਵਿਚ ਬਣਾਏ ਜਾ ਰਹੇ ਹਨ ਮਿੰਨੀ-ਜੰਗਲ

Friday, Jun 10, 2022 - 05:50 PM (IST)

ਵਾਤਾਵਰਨ ਸੰਭਾਲ ਲਈ ਫਾਜ਼ਿਲਕਾ ਦੇ 75 ਪਿੰਡਾਂ ਵਿਚ ਬਣਾਏ ਜਾ ਰਹੇ ਹਨ ਮਿੰਨੀ-ਜੰਗਲ

ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ 'ਚ ਹਰਿਆਲੀ ਵਧਾਉਣ ਲਈ ਮੀਆਵਾਕੀ ਤਕਨੀਕ ਦੀ ਵਰਤੋਂ ਕਰਕੇ ਮੇਰਾ ਪਿੰਡ, ਮੇਰਾ ਜੰਗਲਾਤ ਪ੍ਰੋਜੈਕਟ ਤਹਿਤ 75 ਸਥਾਨਕ ਪਿੰਡਾਂ 'ਚ ਮਿੰਨੀ-ਵਣ ਵਿਕਸਿਤ ਕੀਤੇ ਜਾ ਰਹੇ ਹਨ। ਮੀਆਵਾਕੀ ਤਕਨੀਕ ਦਾ ਨਾਮ ਜਾਪਾਨੀ ਵਿਗਿਆਨੀ ਅਤੇ ਪੌਦਾ ਵਾਤਾਵਰਨ ਵਿਗਿਆਨੀ ਅਕੀਰਾ ਮੀਆਵਾਕੀ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਇਕ ਸ਼ਹਿਰੀ ਵਣਕਰਨ ਵਿਧੀ ਹੈ ਜੋ ਕਿ ਛੋਟੀ ਜਿਹੀ ਥਾਂ 'ਚ ਵੀ ਵਧੇਰੇ ਰੁੱਖ ਲਾਉਣ ਦੀ ਤਕਨੀਕ ਹੈ ਕਿਉਕਿ ਘੱਟ ਜਗ੍ਹਾ 'ਚ ਲਾਏ ਰੁੱਖ ਜਲਦੀ ਵੱਧਦੇ ਹਨ ਅਤੇ ਰੋਸ਼ਨੀ ਲੈਣ ਲਈ ਇਕ ਦੂਸਰੇ ਨਾਲ ਮੁਕਾਬਲਾ ਕਰਦੇ ਹਨ। 

ਇਹ ਵੀ ਪੜ੍ਹੋ- ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

ਇਸ ਸੰਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਸਮੇਂ ਸਵੱਛ ਵਾਤਾਵਰਨ ਦੀ ਲੋੜ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਰੁੱਖਾਂ ਦੀ ਵੱਡੀ ਗਿਣਤੀ ਵਿਚ ਲੋੜ ਹੈ। ਇਸ ਦੇ ਚੱਲਦਿਆਂ ਹੀ ਇਹ ਪ੍ਰੋਜੈਕਟ ਇੰਨਾਂ ਪਿੰਡਾਂ 'ਚ ਸ਼ੁਰੂ ਕੀਤਾ ਗਿਆ ਹੈ। ਇਸ ਪੰਚਾਇਤੀ ਜ਼ਮੀਨਾਂ 'ਤੇ ਮਿੰਨੀ-ਵਣ ਵਿਕਸਿਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੁਹਾਰਿਆਂਵਾਲੀ ਅਤੇ ਹਰੀਪੁਰਾ ਪਿੰਡਾਂ 'ਚ ਮਿੰਨੀ ਜੰਗਲ ਲਗਾਏ ਗਏ ਸਨ, ਜਿਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਅਤੇ ਵਿਭਾਗ ਨੂੰ ਇਸ ਹਰਿਆਲੀ ਪ੍ਰੋਜੈਕਟ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 75 ਪਿੰਡਾਂ ਵਿੱਚ ਜੰਗਲਾਤ ਦੇ ਟੀਚੇ ਦੇ ਮੁਕਾਬਲੇ ਪਿੰਡ ਚੱਕ ਬਨਵਾਲਾ ਵਿਚ 4 ਕਨਾਲਾਂ, ਬਣਾਂਵਾਲੀ ਵਿਚ 1 ਏਕੜ, ਬਨਵਾਲੀ ਵਿਚ 1.5 ਏਕੜ ਵਿਚ ਦਰੱਖਤ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਪੱਕਣ ਵਿਚ ਤਿੰਨ ਕਨਾਲਾਂ, ਰਾਣਾ ਪਿੰਡ ਵਿਚ ਇੱਕ ਏਕੜ, ਖੂਈਖੇੜਾ ਵਿਚ ਇੱਕ ਏਕੜ ਜਦੋਂਕਿ ਬਾਕੀ ਪਿੰਡਾਂ ਵਿਚ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਸ਼ਾਤਰਾਨਾ ਅੰਦਾਜ਼, ਵਟਸਐਪ ’ਤੇ ਲਾਈ ਪੁਲਸ ਦੇ ਉੱਚ ਅਧਿਕਾਰੀਆਂ ਦੀ ਤਸਵੀਰ, ਪਹੇਲੀ ਬਣਿਆ ਨੰਬਰ

ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਨਾ ਸਿਰਫ਼ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰੇਗਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਹਵਾ ਵੀ ਪ੍ਰਦਾਨ ਕਰੇਗਾ। ਇਸ ਪ੍ਰੋਜੈਕਟ ਤਹਿਤ ਤਿੰਨ ਦਰਜਨ ਕਿਸਮਾਂ ਦੇ ਸਥਾਨਕ ਪੌਦੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ ਫੁੱਲਦਾਰ ਪੌਦੇ, ਪੰਛੀਆਂ ਨੂੰ ਆਕਰਸ਼ਿਤ ਕਰਨ ਵਾਲੇ ਪੌਦੇ, ਔਸ਼ਧੀ ਪੌਦੇ ਆਦਿ ਸ਼ਾਮਲ ਹਨ। ਰਾਣਾ ਪਿੰਡ ਦੇ ਸਰਪੰਚ ਰਾਜੇਸ਼ ਬੱਬਰ ਨੇ ਕਿਹਾ ਇਹ ਪ੍ਰੋਜੈਕਟ ਸਾਡੇ ਪਿੰਡ ਨੂੰ ਆਪਣਾ ਜੰਗਲ ਦੇਵੇਗਾ, ਜੋ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News