ਜ਼ਿਲਾ ਜੇਲ ''ਚ ਬੰਦ ਹਨ 700 ਕੈਦੀ ; 40 ਸੁਰੱਖਿਆ ਕਰਮਚਾਰੀਆਂ ਦੀ ਘਾਟ

02/26/2018 3:29:12 AM

ਰੂਪਨਗਰ,  (ਕੈਲਾਸ਼)-  ਜ਼ਿਲਾ ਜੇਲ 'ਚ ਪੁਲਸ ਕਰਮਚਾਰੀਆਂ ਦੀ ਕਮੀ ਕਰਕੇ ਜ਼ਿਲਾ ਜੇਲ ਪ੍ਰਬੰਧਕਾਂ ਨੂੰ ਜਿਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਇਕ ਪ੍ਰਾਈਵੇਟ ਸਕਿਓਰਿਟੀ ਏਜੰਸੀ ਤੋਂ ਸੁਰੱਖਿਆ ਕਰਮਚਾਰੀ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ। 
ਜਾਣਕਾਰੀ ਅਨੁਸਾਰ ਮੌਜੂਦਾ ਸਮੇਂ 'ਚ 700 ਦੇ ਕਰੀਬ ਕੈਦੀ ਬੰਦ ਹਨ, ਜਿਨ੍ਹ੍ਹਾਂ 'ਚ ਮਹਿਲਾਵਾਂ ਵੀ ਸ਼ਾਮਲ ਹਨ। ਪ੍ਰਬੰਧਕਾਂ ਨੂੰ ਕਿਸੇ ਵੀ ਸਮੇਂ ਅਣਹੋਣੀ ਘਟਨਾ ਦੇ ਮੱਦੇਨਜ਼ਰ ਜੇਲ 'ਚ ਆਉਣ ਵਾਲੇ ਹਵਾਲਾਤੀਆਂ, ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਤਲਾਸ਼ੀ ਲੈਣੀ ਪੈਂਦੀ ਹੈ ਤਾਂ ਕਿ ਸ਼ਰਾਰਤੀ ਲੋਕ ਜੇਲ ਅੰਦਰ ਨਸ਼ਾ, ਮੋਬਾਇਲ ਫੋਨ ਜਾਂ ਫਿਰ ਹੋਰ ਕੋਈ ਸਾਮਾਨ ਨਾ ਭੇਜ ਸਕਣ। ਪ੍ਰਬੰਧਕਾਂ ਵੱਲੋਂ ਭਾਵੇਂ ਹਰ ਪ੍ਰਕਾਰ ਦੇ ਸਖਤ ਯਤਨ ਕੀਤੇ ਜਾਂਦੇ ਹਨ ਪਰ ਇਸਦੇ ਬਾਵਜੂਦ ਸ਼ਰਾਰਤੀ ਲੋਕ ਕਦੇ-ਕਦੇ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਜਾਂਦੇ ਹਨ, ਜਿਸ ਕਾਰਨ ਜੇਲ ਅੰਦਰੋਂ ਮੋਬਾਇਲ, ਸਿਮ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਹੁੰਦੇ ਹਨ ਅਤੇ ਮਾਮਲਾ ਦਰਜ ਕਰਵਾਏ ਜਾਣ ਦੇ ਸਮਾਚਾਰ ਵੀ ਅਕਸਰ ਮਿਲਦੇ ਰਹਿੰਦੇ ਹਨ।
ਗੇਂਦ 'ਚੋਂ ਮਿਲਿਆ ਸੀ ਨਸ਼ੇ ਵਾਲਾ ਪਦਾਰਥ
ਜ਼ਿਲਾ ਜੇਲ 'ਚ ਬੰਦ ਹਵਾਲਾਤੀਆਂ, ਕੈਦੀਆਂ ਅਤੇ ਜੇਲ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੇ ਮੱਦੇਨਜ਼ਰ ਜੇਲ ਪ੍ਰਬੰਧਕਾਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਅਦਾਲਤ ਦੇ ਉੱਚ ਅਧਿਕਾਰੀ ਅਕਸਰ ਜੇਲ ਦਾ ਨਿਰੀਖਣ ਵੀ ਕਰਦੇ ਹਨ। ਮੋਬਾਇਲਾਂ, ਸਿਮਾਂ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੀ ਹੁੰਦੀ ਹੈ ਪਰ ਸਬੰਧਿਤ ਵਿਅਕਤੀ ਦਾ ਪਤਾ ਨਾ ਲੱਗਣ ਕਾਰਨ ਜ਼ਿਆਦਾਤਰ ਮਾਮਲਿਆਂ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਹੀ ਮਾਮਲਾ ਦਰਜ ਕੀਤਾ ਜਾਂਦਾ ਹੈ। ਬੀਤੇ ਮਹੀਨੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ, ਜ਼ਿਲਾ ਅਤੇ ਸੈਸ਼ਨ ਜੱਜ ਬੀ. ਐੱਸ. ਸੰਧੂ, ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਭਾਰੀ ਪੁਲਸ ਬਲ ਨਾਲ ਜੇਲ ਦੀ ਚੈਕਿੰਗ ਕੀਤੀ ਸੀ, ਜਿਸ ਦੌਰਾਨ ਇਕ ਗੇਂਦ 'ਚੋਂ ਨਸ਼ੀਲਾ ਪਦਾਰਥ ਮਿਲਿਆ ਸੀ। ਇਸ ਤੋਂ ਇਲਾਵਾ ਮੋਬਾਇਲ ਫੋਨ, ਸਿਮ ਆਦਿ ਬਰਾਮਦ ਕੀਤੇ ਗਏ ਅਤੇ ਇਨ੍ਹਾਂ ਮਾਮਲਿਆਂ 'ਚ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਗਏ।
ਪਾਸਕੋ ਦੇ ਸੁਰੱਖਿਆ ਕਰਮਚਾਰੀ ਤਾਇਨਾਤ
ਜੇਲ ਦੀ ਸੁਰੱਖਿਆ ਲਈ ਪੁਲਸ ਕਰਮਚਾਰੀਆਂ ਦੀ ਭਾਰੀ ਘਾਟ ਕਾਰਨ ਪਾਸਕੋ ਤੋਂ ਸੁਰੱਖਿਆ ਕਰਮਚਾਰੀ ਜੇਲ 'ਚ ਤਾਇਨਾਤ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ। ਭਾਵੇਂ ਕਰੀਬ 2 ਮਹੀਨੇ ਪਹਿਲਾਂ 20 ਨਵੇਂ ਪੁਲਸ ਕਰਮਚਾਰੀਆਂ ਨੂੰ ਰੂਪਨਗਰ ਦੀ ਜੇਲ 'ਚ ਭੇਜਿਆ ਗਿਆ ਹੈ ਪਰ ਇਸ ਦੇ ਬਾਵਜੂਦ 40 ਸੁਰੱਖਿਆ ਕਰਮਚਾਰੀਆਂ ਦੀ ਕਮੀ ਅਜੇ ਵੀ ਹੈ।
ਗੈਂਗਸਟਰ ਵੀ ਬਣਾਉਂਦੇ ਹਨ ਆਪਣਾ ਦਬਦਬਾ
ਸੂਤਰ ਦੱਸਦੇ ਹਨ ਕਿ ਜੇਲ ਰੂਪਨਗਰ 'ਚ ਕੁਝ ਗੈਂਗਸਟਰ ਵੀ ਆਪਣਾ ਦਬਦਬਾ ਬਣਾਉਣ ਦੀ ਫਿਰਾਕ 'ਚ ਰਹਿੰਦੇ ਹਨ। ਜਦੋਂ ਕੋਈ ਨਵਾਂ ਹਵਾਲਾਤੀ ਜਾਂ ਕੈਦੀ ਜੇਲ 'ਚ ਜਾਂਦਾ ਹੈ ਤਾਂ ਉਸ ਤੋਂ ਸਹੂਲਤਾਂ ਦੇ ਨਾਂ 'ਤੇ ਫਿਰੌਤੀ ਦੀ ਮੰਗ ਵੀ ਕੀਤੀ ਜਾਂਦੀ ਹੈ। ਪਤਾ ਚੱਲਿਆ ਹੈ ਕਿ ਕੁਝ ਮਹੀਨੇ ਪਹਿਲਾਂ ਨਾਭਾ ਜੇਲ ਤੋਂ ਫਰਾਰ ਹੋਇਆ ਗੌਂਡਰ ਗਰੁੱਪ ਦਾ ਸਰਗਣਾ ਵਿੱਕੀ ਗੌਂਡਰ, ਜਿਸਦੀ ਪੁਲਸ ਮੁੱਠਭੇੜ 'ਚ ਮੌਤ ਹੋ ਚੁੱਕੀ ਹੈ, ਰੂਪਨਗਰ ਜੇਲ 'ਚ ਬੰਦ ਸੀ। ਇਸ ਦੌਰਾਨ ਜੇਲ 'ਚ ਹੀ ਬੰਦ ਘੋੜਾ ਗਰੁੱਪ ਦੇ ਨਾਲ ਉਸਦਾ ਲੜਾਈ-ਝਗੜਾ ਵੀ ਹੋਇਆ ਸੀ, ਜਿਸ 'ਚ ਕੁਝ ਵਿਅਕਤੀ ਜ਼ਖਮੀ ਵੀ ਹੋਏ ਸਨ। ਸੂਤਰ ਦੱਸਦੇ ਹਨ ਕਿ ਗੈਂਗਸਟਰ ਗਰੁੱਪਾਂ ਦੇ ਛੋਟੇ-ਮੋਟੇ ਵਿਅਕਤੀ ਵੀ ਆਪਣੀ ਸਾਖ ਬਣਾਉਣ ਦੀ ਫਿਰਾਕ 'ਚ ਰਹਿੰਦੇ ਹਨ।
ਜੇਲ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਆਰਗੈਨਿਕ ਖੇਤੀ ਅਤੇ ਖੇਡਾਂ
ਜਾਣਕਾਰੀ ਅਨੁਸਾਰ ਜੇਲ ਪ੍ਰਬੰਧਕਾਂ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਦੇ ਭਵਿੱਖ ਨੂੰ ਸੁਧਾਰਨ ਲਈ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕੰਮਾਂ 'ਚ ਨਿਪੁੰਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲਾ ਜੇਲ 'ਚ ਆਰਗੈਨਿਕ ਖੇਤੀ ਅਤੇ ਖੇਡਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਤਾਂ ਕਿ ਸਾਰੇ ਹਵਾਲਾਤੀ ਅਤੇ ਕੈਦੀ ਸਿਹਤਮੰਦ ਰਹਿਣ।
ਨਸ਼ੇੜੀ ਕੈਦੀਆਂ ਦਾ ਕਰਵਾਇਆ ਜਾਂਦੈ ਮੁਫਤ ਇਲਾਜ : ਜੇਲ ਸੁਪਰਡੈਂਟ
ਜੇਲ ਦੇ ਸੁਪਰਡੈਂਟ ਬਲਜੀਤ ਸਿੰਘ ਵੈਦ ਨੇ ਦੱਸਿਆ ਕਿ ਜੇਲ 'ਚ 40 ਸੁਰੱਖਿਆ ਕਰਮਚਾਰੀਆਂ ਦੀ ਕਮੀ ਹੈ, ਜਿਸ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਇਸ ਤੋਂ ਇਲਾਵਾ 2 ਮਹੀਨੇ ਪਹਿਲਾਂ 20 ਨਵੇਂ ਪੁਲਸ ਕਰਮਚਾਰੀ ਜੇਲ 'ਚ ਭਰਤੀ ਹੋ ਚੁੱਕੇ ਹਨ ਅਤੇ ਬਾਕੀਆਂ ਦੀ ਕਮੀ ਪਾਸਕੋ ਤੋਂ ਪੂਰੀ ਕੀਤੀ ਜਾ ਰਹੀ ਹੈ ਜਦੋਂਕਿ ਨਸ਼ੇ ਤੋਂ ਗ੍ਰਸਤ ਹਵਾਲਾਤੀਆਂ, ਕੈਦੀਆਂ ਨੂੰ ਨਸ਼ਾ ਛੱਡਣ ਲਈ ਮੁਫਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਇਲਾਜ ਰੂਪਨਗਰ ਦੇ ਹਸਪਤਾਲ ਅਤੇ ਪੀ. ਜੀ. ਆਈ. ਚੰਡੀਗੜ੍ਹ ਤੋਂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਦੇ ਦੌਰਾਨ ਮੋਬਾਇਲ ਸਿਮ ਮਿਲਣ 'ਤੇ ਮਾਮਲਾ ਦਰਜ ਕਰਵਾਇਆ ਜਾਂਦਾ ਹੈ।


Related News