ਗਵਾਲੀਅਰ ਤੋਂ ਟਰੱਕ ''ਚ ਸਵਾਰ ਹੋ ਕੇ ਬਠਿੰਡਾ ਪੁੱਜੇ 70 ਪੰਜਾਬੀ, ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ

Monday, Apr 27, 2020 - 02:23 AM (IST)

ਗਵਾਲੀਅਰ ਤੋਂ ਟਰੱਕ ''ਚ ਸਵਾਰ ਹੋ ਕੇ ਬਠਿੰਡਾ ਪੁੱਜੇ 70 ਪੰਜਾਬੀ, ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ

ਬਠਿੰਡਾ, (ਸੁਖਵਿੰਦਰ)— ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਗਵਾਲੀਅਰ ਤੋਂ ਇਕ ਟਰੱਕ 'ਚ ਸਵਾਰ ਹੋ ਕੇ ਲਗਭਗ 70 ਪੰਜਾਬੀ ਬਠਿੰਡਾ ਪੁੱਜ ਗਏ। ਉਕਤ ਲੋਕਾਂ ਦੇ ਜ਼ਿਲ੍ਹੇ 'ਚ ਦਾਖਲ ਹੋਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਉਕਤ ਟਰੱਕ ਨੂੰ ਬਠਿੰਡਾ 'ਚ ਦਾਖਲ ਹੋਣ 'ਤੇ ਥਰਮਲ ਪਲਾਂਟ ਦੀਆਂ ਝੀਲਾਂ 'ਤੇ ਪੁਲਸ ਨੇ ਰੋਕਿਆ। ਇਸ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਉਕਤ ਸਾਰੇ ਲੋਕਾਂ ਨੂੰ ਮੈਡੀਕਲ ਜਾਂਚ ਲਈ ਇਕ ਸਕੂਲ 'ਚ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਦੀ ਜਾਂਚ ਕੀਤੀ ਗਈ ਹੈ ਤੇ ਉਨ੍ਹਾਂ ਸਾਰਿਆਂ ਨੂੰ ਖਾਣਾ ਤੇ ਮਾਸਕ ਆਦਿ ਮੁਹੱਇਆ ਕਰਵਾਇਆ ਗਿਆ। ਜਲਦ ਹੀ ਉਕਤ ਲੋਕਾਂ ਨੂੰ ਆਪਣੇ ਘਰਾਂ ਤਕ ਪਹੁੰਚਾਉਣ ਦੀ ਵਿਵਸਥਾ ਕਰ ਦਿੱਤੀ ਜਾਵੇਗੀ। ਦੂਜੇ ਪਾਸੇ, ਪੁਲਸ ਨੇ ਕਰਫਿਊ ਦੀ ਉਲੰਘਣਾ ਕਰਨ ਅਤੇ ਹੋਰ ਦੋਸ਼ਾਂ 'ਚ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਲਾਕਡਾਊਨ ਕਰਕੇ ਗਵਾਲੀਅਰ 'ਚ ਸਨ ਫਸੇ
ਉਕਤ ਟਰੱਕ ਬੀਤੀ ਰਾਤ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਲਗਭਗ 70 ਲੋਕਾਂ ਨੂੰ ਲੈ ਕੇ ਪੰਜਾਬ ਲਈ ਚੱਲਿਆ ਸੀ। ਇਸ 'ਚ ਜ਼ਿਆਦਾਤਰ ਲੋਕ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਜ਼ਿਲ੍ਹਿਆਂ ਤੋਂ ਸਬੰਧਤ ਹਨ, ਜੋ ਕੰਬਾਇਨ ਚਾਲਕ ਤੇ ਮਜ਼ਦੂਰ ਹਨ। ਕਣਕ ਦੀ ਕਟਾਈ ਲਈ ਉਕਤ ਲੋਕ ਮੱਧ ਪ੍ਰਦੇਸ਼ ਗਏ ਹੋਏ ਸੀ ਤੇ ਲਾਕਡਾਊਨ ਕਰ ਕੇ ਉਥੇ ਫਸ ਗਏ ਸਨ ਤੇ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ।

2500 ਰੁਪਏ ਪ੍ਰਤੀ ਵਿਅਕਤੀ ਲਿਆ ਗਿਆ ਕਿਰਾਇਆ
ਬੀਤੀ ਰਾਤ ਉਕਤ ਮੱਧ ਪ੍ਰਦੇਸ਼ ਦੇ ਇਕ ਟਰੱਕ ਚਾਲਕ ਨੇ ਉਨ੍ਹਾਂ ਤੋਂ 2500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪੰਜਾਬ ਪਹੁੰਚਾਉਣ ਦੀ ਗੱਲ ਕੀਤੀ, ਜਿਸ 'ਤੇ ਸਾਰੇ ਸਹਿਮਤ ਹੋ ਗਏ ਤੇ ਉਕਤ ਟਰੱਕ 'ਚ ਸਾਰੇ ਲਗਭਗ 70 ਲੋਕ ਸਵਾਰ ਹੋ ਗਏ। ਉਕਤ ਲੋਕ ਐਤਵਾਰ ਸਵੇਰੇ ਬਠਿੰਡਾ ਪੁੱਜੇ ਤਾਂ ਲੁਧਿਆਣਾ ਵਾਸੀ ਕੁਝ ਲੋਕਾਂ ਦੀ ਟਰੱਕ ਚਾਲਕ ਦੇ ਨਾਲ ਤਕਰਾਰ ਹੋ ਗਈ, ਕਿਉਂਕਿ ਟਰੱਕ ਚਾਲਕ ਉਨ੍ਹਾਂ ਨੂੰ ਲੁਧਿਆਣਾ ਲਿਜਾਣ ਨੂੰ ਤਿਆਰ ਨਹੀਂ ਸੀ। ਹੰਗਾਮਾ ਹੋਣ ਕਰਕੇ ਥਾਣਾ ਥਰਮਲ ਪੁਲਸ ਮੌਕੇ 'ਤੇ ਪੁੱਜ ਗਈ ਤੇ ਉਕਤ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਨ੍ਹਾਂ ਲੋਕਾਂ ਅਤੇ ਟਰੱਕ ਚਾਲਕ ਦੇ ਕੋਲ ਕੋਈ ਪਾਸ ਤੇ ਪਰਮਿਸ਼ਨ ਲੈਟਰ ਆਦਿ ਨਹੀਂ ਮਿਲਿਆ। ਬਾਅਦ 'ਚ ਪੁਲਸ ਉਕਤ ਸਾਰਿਆਂ ਨੂੰ ਮੈਰੀਟੋਰਿਅਸ ਸਕੂਲ 'ਚ ਲੈ ਗਏ, ਜਿਥੇ ਉਨ੍ਹਾਂ ਦੀ ਜਾਂਚ ਕੀਤੀ ਗਈ।

ਬਿਨਾਂ ਚੈਕਿੰਗ ਕਿਵੇਂ ਚਲਦਾ ਰਿਹਾ ਟਰੱਕ
ਹੈਰਾਨੀ ਦੀ ਗੱਲ ਹੈ ਕਿ ਪੂਰੇ ਦੇਸ਼ 'ਚ ਲਾਕਡਾਊਨ ਹੋਣ ਦੇ ਬਾਵਜੂਦ ਉਕਤ ਟਰੱਕ ਮੱਧ ਪ੍ਰਦੇਸ਼ ਤੋਂ ਚਲ ਕੇ ਕਈ ਸੂਬਿਆਂ ਤੋਂ ਹੁੰਦਿਆਂ ਹੋਇਆ ਪੰਜਾਬ ਪਹੁੰਚਿਆ ਪਰ ਰਸਤੇ 'ਚ ਟਰੱਕ ਦੀ ਕੋਈ ਚੈਕਿੰਗ ਨਹੀਂ ਹੋਈ। ਹਰੇਕ ਸੂਬੇ 'ਚ ਜਗ੍ਹਾ-ਜਗ੍ਹਾ ਨਾਕਾਬੰਦੀ ਹੈ ਤੇ ਸੂਬਿਆਂ ਨੇ ਆਪਣੀਆਂ ਹੱਦਾਂ ਨੂੰ ਵੀ ਬੰਦ ਕੀਤਾ ਹੋਇਆ ਹੈ। ਅਜਿਹੇ 'ਚ ਉਕਤ ਟਰੱਕ ਕਿਵੇਂ ਮੱਧ ਪ੍ਰਦੇਸ਼ ਤੋਂ ਪੰਜਾਬ ਪਹੁੰਚ ਗਿਆ ਇਹ ਵੀ ਇਕ ਵੱਡਾ ਸਵਾਲ ਹੈ।

ਕੀ ਕਹਿਣੈ ਤਹਿਸੀਲਦਾਰ ਦਾ
ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਲਗਭਗ 70 ਲੋਕਾਂ ਨੂੰ ਮੈਰੀਟੋਰਿਅਸ ਸਕੂਲ 'ਚ ਰੱਖਿਆ ਗਿਆ ਹੈ। ਕਿਸੇ 'ਚ ਵੀ ਫਿਲਹਾਲ ਕੋਰੋਨਾ ਦੇ ਲੱਛਣ ਨਹੀਂ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਦੀ ਜਾਂਚ ਕਰਵਾਈ ਗਈ ਹੈ। ਉਨ੍ਹਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਆਦਿ ਮੁਹੱਈਆ ਕਰਵਾਏ ਗਏ ਹਨ। ਸਾਰੇ ਲੋਕਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਸ ਦੁਆਰਾ ਟਰੱਕ ਚਾਲਕ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

KamalJeet Singh

Content Editor

Related News