ਫੈਕਟਰੀਆਂ ’ਚ ਚੋਰੀਆਂ ਤੇ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕਾਬੂ
Thursday, Mar 20, 2025 - 09:12 AM (IST)

ਸਾਹਨੇਵਾਲ/ਭਾਮੀਆਂ ਕਲਾਂ (ਜਗਰੂਪ) : ਥਾਣਾ ਸਾਹਨੇਵਾਲ ਦੀ ਪੁਲਸ ਨੇ ਫੈਕਟਰੀਆਂ ’ਚ ਚੋਰੀਆਂ ਅਤੇ ਕਥਿਤ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਰਾਹਗੀਰਾਂ ਕੋਲੋਂ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਇਕ ਆਟੋ ਅਤੇ ਕੁਝ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਲੁਹਾਰਾ ਰੋਡ ਦੇ ਰਹਿਣ ਵਾਲੇ ਸੂਰਜ ਕੁਮਾਰ ਪੁੱਤਰ ਕਨ੍ਹਈਆ ਪ੍ਰਸ਼ਾਦ ਦੇ ਬਿਆਨਾਂ ’ਤੇ ਇਕ ਮੁਕੱਦਮਾ ਦਰਜ ਕੀਤਾ ਸੀ, ਜਿਸ ਦੀ ਪੜਤਾਲ ਦੌਰਾਨ ਪੁਲਸ ਨੇ ਅਭਿਲਾਸ ਝਾਅ ਪੁੱਤਰ ਭਗਿੰਦਰ ਝਾਅ ਵਾਸੀ ਬਿਸ਼ਨਪੁਰ ਹਾਲ ਵਾਸੀ ਢੰਡਾਰੀ ਕਲਾਂ, ਲੁਧਿਆਣਾ, ਹਰਪ੍ਰੀਤ ਸਿੰਘ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਸੁਰਜੀਤ ਸਿਨੇਮਾ, ਢੰਡਾਰੀ ਕਲਾਂ, ਵਿਜੇ ਕੁਮਾਰ ਉਰਫ ਵਿੱਕੀ ਪੁੱਤਰ ਰਾਜੇਸ਼ ਕੁਮਾਰ ਯਾਦਵ ਵਾਸੀ ਗਲੀ ਨੰਬਰ 19, ਮੱਕੜ ਕਾਲੋਨੀ, ਢੰਡਾਰੀ ਕਲਾਂ, ਅਰਮਾਨ ਪੁੱਤਰ ਨਜ਼ਰ ਅਲੀ ਵਾਸੀ ਵਿਸ਼ਾਲ ਸਾਈਕਲ ਵਾਲੀ ਗਲੀ, ਢੰਡਾਰੀ ਕਲਾਂ, ਲੁਧਿਆਣਾ ਅਤੇ ਜਗਜੋਤ ਸਿੰਘ ਉਰਫ ਭੁੱਟੋ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪੱਦੀ, ਡੇਹਲੋਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਆਟੋ ਰੰਗ ਪੀਲਾ, ਡਾਈਆਂ, ਪਿੰਨਾਂ ਅਤੇ ਸਪਰਿੰਗ ਪਿੰਨਾਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ
ਇਸੇ ਤਰ੍ਹਾਂ ਪ੍ਰਭਲੀਨ ਉਰਫ ਪ੍ਰਭੂ ਪੁੱਤਰ ਮਨਦੀਪ ਸਿੰਘ ਵਾਸੀ ਗੁਰੂ ਨਾਨਕ ਨਗਰ, ਈਸ਼ਰ ਨਗਰ ਅਤੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਅਮਰਜੀਤ ਸਿੰਘ ਵਾਸੀ ਨਿਊ ਜੰਤਾ ਨਗਰ, ਲੁਧਿਆਣਾ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਮੋਬਾਈਲ ਫੋਨ ਅਤੇ ਇਕ ਲੋਹੇ ਦੀ ਕ੍ਰਿਪਾਨ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਇਹ ਗਿਰੋਹ ਜਿਥੇ ਫੈਕਟਰੀਆਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ, ਉਥੇ ਹੀ ਰਾਹਗੀਰਾਂ ਨੂੰ ਵੀ ਲੁੱਟ-ਖੋਹ ਦਾ ਸ਼ਿਕਾਰ ਬਣਾਉਂਦਾ ਸੀ।
3 ਪੁਰਾਣੇ ਅਪਰਾਧੀ, ਕਈ ਕੇਸ ਹਨ ਦਰਜ
ਥਾਣਾ ਮੁਖੀ ਸਾਹਨੇਵਾਲ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ’ਚੋਂ 3 ਸ਼ਾਤਿਰ ਅਪਰਾਧੀ ਹਨ, ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ’ਚ ਕਈ ਕੇਸ ਦਰਜ ਹਨ। ਇਨ੍ਹਾਂ ’ਚੋਂ ਜਗਜੋਤ ਸਿੰਘ ਭੁੱਟੋ ਖਿਲਾਫ ਥਾਣਾ ਸਾਹਨੇਵਾਲ ’ਚ 4 ਅਤੇ ਥਾਣਾ ਸ਼ਿਮਲਾਪੁਰੀ ’ਚ ਇਕ ਕੇਸ ਦਰਜ ਹੈ। ਇਸੇ ਤਰ੍ਹਾਂ ਪ੍ਰਭਲੀਨ ਉਰਫ ਪ੍ਰਭੂ ਖਿਲਾਫ ਥਾਣਾ ਦੁੱਗਰੀ ’ਚ 2, ਥਾਣਾ ਡਾਬਾ ਅਤੇ ਡਵੀਜ਼ਨ ਨੰਬਰ 5 ’ਚ ਇਕ-ਇਕ ਕੇਸ ਦਰਜ ਹੈ, ਜਦਕਿ ਅਭਿਲਾਸ ਝਾਅ ਖਿਲਾਫ ਥਾਣਾ ਸਾਹਨੇਵਾਲ ’ਚ ਇਕ ਕੇਸ ਦਰਜ ਹੈ। ਪੁਲਸ ਇਨ੍ਹਾਂ ਸਾਰਿਆਂ ਕੋਲੋਂ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ, ਜਿਸ ’ਚ ਕਈ ਮਾਮਲੇ ਹੱਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਮੈਟਰੋ 'ਚ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਸ਼ਖਸ, CRPF ਦੀ ਮਹਿਲਾ ਅਫਸਰ ਨੇ ਇੰਝ ਬਚਾਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8