ਲੱਖਾਂ ਰੁਪਏ ਦੇ 67 ਮੋਬਾਇਲ ਬਰਾਮਦ, 1 ਗ੍ਰਿਫ਼ਤਾਰ, 1 ਫਰਾਰ

07/24/2017 3:32:17 AM

ਬਠਿੰਡਾ,   (ਸੁਖਵਿੰਦਰ)-  ਸੀ. ਆਈ. ਏ. ਸਟਾਫ਼ ਵੱਲੋਂ ਬੀਤੇ ਦਿਨੀਂ ਭੂੱਚੋ ਮੰਡੀ ਦੀ ਇਕ ਮੋਬਾਇਲ ਦੁਕਾਨ 'ਚੋਂ 137 ਮੋਬਾਇਲ ਚੋਰੀ ਕਰਨ ਦੀ ਘਟਨਾ ਦਾ ਪਰਦਾਫਾਸ਼ ਕਰਦਿਆਂ 67 ਮੋਬਾਇਲ ਬਰਾਮਦ ਕਰ ਕੇ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਦੂਸਰਾ ਪੁਲਸ ਦੇ ਹੱਥ ਨਹੀਂ ਲੱਗ ਸਕਿਆ। 
ਜਾਣਕਾਰੀ ਅਨੁਸਾਰ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਬਾਂਸਲ ਜ਼ੋਨ ਮੋਬਾਇਲ ਭੂੱਚੋ ਮੰਡੀ 'ਚੋਂ ਵੱਖ-ਵੱਖ ਕੰਪਨੀਆਂ ਦੇ 137 ਮੋਬਾਇਲ ਚੋਰੀ ਕਰ ਕੇ ਲੈ ਗਏ ਸਨ। ਇਸ ਤੋਂ ਬਾਅਦ ਥਾਣਾ ਨਥਾਣਾਂ ਵਿਖੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਲਈ ਸੀ. ਆਈ. ਏ. ਦੇ ਇੰਚਾਰਜ ਰਜਿੰਦਰ ਕੁਮਾਰ ਦੇ ਹਵਾਲੇ ਕੀਤਾ ਗਿਆ ਸੀ। ਰਜਿੰਦਰ ਕੁਮਾਰ ਨੇ ਦੱਸਿਆ ਉਨ੍ਹਾਂ ਵੱਲੋਂ ਸ਼ੱਕ ਦੇ ਆਧਾਰ 'ਤੇ ਭੂੱਚੋ ਮੰਡੀ ਦੇ ਗੁਰਸ਼ਰਨ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਮਨਪ੍ਰੀਤ ਸਿੰਘ ਵਾਸੀ ਗੁਰੂਸਰ ਜਗਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਐਤਵਾਰ ਗੁਰਸ਼ਰਨ ਸਿੰਘ ਭੂੱਚੋ ਮੰਡੀ ਵਿਚ ਘੁੰਮ ਰਿਹਾ ਸੀ, ਜਿਸ ਦੀ ਸੂਚਨਾ ਮਿਲਣ 'ਤੇ ਗ੍ਰਿਫਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ 'ਤੇ ਉਸ ਕੋਲੋਂ 67 ਮੋਬਾਇਲ ਬਰਾਮਦ ਕਰ ਲਏ ਗਏ ਹਨ, ਜਦਕਿ ਮਨਪ੍ਰੀਤ ਸਿੰਘ ਪੁਲਸ ਦੇ ਹੱਥ ਨਹੀਂ ਲੱਗ ਸਕਿਆ। 
ਜਾਂਚ ਅਧਿਕਾਰੀ ਨੇ ਦੱਸਿਆ ਮਨਪ੍ਰੀਤ ਖਿਲਾਫ਼ ਪਹਿਲਾਂ ਹੀ ਚੋਰੀ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ। 
ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।


Related News