ਫਰੂਟੀਆਂ ਦੇ ਡੱਬਿਆਂ ਹੇਠ ਲੁਕੋਈਆਂ ਚੂਰਾ ਪੋਸਤ ਦੀਆਂ 60 ਬੋਰੀਆਂ ਬਰਾਮਦ

Friday, Feb 23, 2018 - 06:39 AM (IST)

ਫਰੂਟੀਆਂ ਦੇ ਡੱਬਿਆਂ ਹੇਠ ਲੁਕੋਈਆਂ ਚੂਰਾ ਪੋਸਤ ਦੀਆਂ 60 ਬੋਰੀਆਂ ਬਰਾਮਦ

ਜਲੰਧਰ/ਸ਼ਾਹਕੋਟ, (ਮ੍ਰਿਦੁਲ ਸ਼ਰਮਾ, ਤ੍ਰੇਹਨ, ਮਰਵਾਹਾ)— ਕਾਊਂਟਰ ਇੰਟੈਲੀਜੈਂਸ ਨੇ ਮੱਧ ਪ੍ਰਦੇਸ਼ ਤੋਂ ਟਰੱਕ ਵਿਚ ਫਰੂਟੀ ਦੀਆਂ ਪੇਟੀਆਂ ਵਿਚ ਲੁਕੋ ਕੇ ਜਲੰਧਰ-ਲੁਧਿਆਣਾ ਵਿਚ ਸਪਲਾਈ ਕਰਨ ਲਈ ਲਿਆਂਦੀਆਂ 60 ਬੋਰੀਆਂ ਚੂਰਾ ਪੋਸਤ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦਕਿ ਮੁੱਖ ਮੁਲਜ਼ਮ ਅਤੇ ਉਸ ਦਾ ਸਾਥੀ ਫਰਾਰ ਹਨ। ਮੁਲਜ਼ਮਾਂ ਨੂੰ ਦਿਹਾਤ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗੁਪਤ ਸੂਚਨਾ 'ਤੇ ਜੁਆਇੰਟ ਆਪ੍ਰੇਸ਼ਨ ਚਲਾ ਕੇ ਸ਼ਾਹਕੋਟ ਕੋਲ ਸਥਿਤ ਕੋਹਾੜ ਕਲਾਂ ਤੋਂ ਫੜਿਆ ਹੈ। ਪੁਲਸ ਨੇ ਚਾਰੋਂ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋ ਗ੍ਰਿਫਤਾਰ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ।
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜਿਆਂ ਗਿਆ ਮੁਲਜ਼ਮ ਫਿਲੌਰ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਉਰਫ ਮਾਣਾ ਅਤੇ ਲੁਧਿਆਣਾ ਦੇ ਹੂਜਰਾ ਇਲਾਕੇ 'ਚ ਰਹਿਣ ਵਾਲਾ ਮਨਜੀਤ ਸਿੰਘ ਉਰਫ ਮਨਜੀਤੀ ਹੈ। ਇਸ ਨਸ਼ਾ ਸਮੱਗਲਿੰਗ ਗੈਂਗ 'ਚ ਲੁਧਿਆਣਾ ਦੇ ਬਲਵਿੰਦਰ ਸਿੰਘ ਉਰਫ ਬਿੰਦਰ ਅਤੇ ਸਤਨਾਮ ਸਿੰਘ ਵੀ ਸ਼ਾਮਲ ਹਨ ਜੋ ਕਾਫੀ ਸਮੇਂ ਤੋਂ ਮਿਲ ਕੇ ਲੁਧਿਆਣਾ ਵਿਚ ਵੱਡੇ ਪੱਧਰ 'ਤੇ ਚੂਰਾ ਪੋਸਤ ਦੀ ਸਮੱਗਲਿੰਗ ਕਰਦੇ ਹਨ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਫਰਾਰ ਬਲਵਿੰਦਰ ਦੇ ਖਿਲਾਫ ਪਹਿਲਾਂ ਵੀ ਇਕ ਐੱਨ. ਡੀ. ਪੀ. ਐੱਸ. ਦਾ ਮਾਮਲਾ ਦਰਜ ਹੈ। 
PunjabKesari
ਟਰੱਕ ਮਾਲਕ ਹੈ ਮਾਣਾ, ਕਿਸ਼ਤਾਂ ਚੁਕਾਉਣ ਲਈ ਕਰਨ ਲੱਗਾ ਸਮੱਗਲਿੰਗ
ਐੱਸ. ਐੱਚ. ਓ. ਸ਼ਾਹਕੋਟ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਟਰੱਕ ਪੀ ਬੀ 08 ਸੀ ਐੱਚ 5679 ਮੁਲਜ਼ਮ ਬਲਵਿੰਦਰ ਦਾ ਹੀ ਹੈ ਤੇ ਉਹ ਖੁਦ ਹੀ ਚਲਾਉਂਦਾ ਹੈ। ਇਹ ਟਰੱਕ ਉਸ ਨੇ 2013 ਵਿਚ ਖਰੀਦਿਆ ਸੀ, ਜਿਸ ਦੀ ਉਹ ਮਹੀਨੇ ਦੀ 48 ਹਜ਼ਾਰ ਰੁਪਏ ਦੀ ਕਿਸ਼ਤ ਦੇ ਰਿਹਾ ਹੈ। ਇਸ ਦੌਰਾਨ ਲੁਧਿਆਣੇ ਦਾ ਰਹਿਣ ਵਾਲਾ ਬਿੰਦਰ ਉਸ ਨੂੰ ਮਿਲਿਆ, ਜੋ ਕਿ ਕਾਫੀ ਸਮੇਂ ਤੋਂ ਚੂਰਾ ਪੋਸਤ ਦੀ ਸਮੱਗਲਿੰਗ ਕਰ ਰਿਹਾ ਹੈ। ਉਸਨੇ ਮਾਣਾ ਨੂੰ ਚੂਰਾ ਪੋਸਤ ਦੀ ਸਮੱਗਲਿੰਗ ਦੇ ਬਦਲੇ ਟਰੱਕ ਦੀਆਂ ਕਿਸ਼ਤਾਂ ਭਰਨ ਦਾ ਲਾਲਚ ਦਿੱਤਾ। 
ਡਲਿਵਰੀ ਦੌਰਾਨ ਆਲੇ-ਦੁਆਲੇ ਨਿਗ੍ਹਾ ਰੱਖਦਾ ਸੀ ਮਨਜੀਤੀ
ਦੂਜੇ ਪਾਸੇ ਫੜਿਆ ਗਿਆ ਮਨਜੀਤੀ ਸਿਰਫ ਇਕ ਕਰਿੰਦਾ ਹੈ, ਜੋ 20 ਹਜ਼ਾਰ ਰੁਪਏ ਇਕ ਚੱਕਰ ਦੇ ਲੈਂਦਾ ਸੀ। ਉਸ ਦਾ ਕੰਮ ਸਿਰਫ ਮਾਲ ਦੀ ਡਲਿਵਰੀ ਕਰਦੇ ਸਮੇਂ ਆਲੇ-ਦੁਆਲੇ ਨਿਗ੍ਹਾ ਰੱਖਣਾ ਸੀ। ਮੁਲਜ਼ਮ ਮਨਜੀਤੀ ਪਹਿਲਾਂ ਕਰੀਬ 5 ਵਾਰ ਟਰੱਕ ਦੇ ਮਾਲਕ ਬਲਵਿੰਦਰ ਤੋਂ ਇਲਾਵਾ ਹੋਰ ਕਈ ਟਰੱਕ ਚਾਲਕਾਂ ਦੇ ਨਾਲ ਮਾਲ ਦੀ ਡਲਿਵਰੀ ਕਰਨ ਗਿਆ ਹੈ। ਉਸ ਦੀ ਸਮੱਗਲਰ ਬਿੰਦਰ ਨਾਲ ਦੋਸਤੀ ਹੈ। ਉਹ 5 ਦਿਨ ਪਹਿਲਾਂ ਮੱਧ ਪ੍ਰਦੇਸ਼ ਗਿਆ ਸੀ। ਜਿਥੇ ਪਹਿਲੀ ਵਾਰ ਟਰੱਕ ਚਾਲਕ ਮਾਣਾ ਨੂੰ ਮਿਲਿਆ ਸੀ। ਬਲਵਿੰਦਰ ਸਿੰਘ ਨੇ ਉਸਦੇ ਨਾਲ ਪਹਿਲੀ ਵਾਰ ਚੱਕਰ ਲਾਇਆ ਸੀ। ਉਨ੍ਹਾਂ ਨੇ 20 ਕਿਲੋ ਦੀ ਇਕ ਬੋਰੀ ਸਮੇਤ 60 ਬੋਰੀਆਂ ਲੁਧਿਆਣਾ ਸਪਲਾਈ ਕਰਨੀਆਂ ਸਨ। 
ਟਰੱਕ 'ਚ ਪਈਆਂ ਫਰੂਟੀਆਂ ਦੇ 2290 ਡੱਬੇ ਪਹੁੰਚਾਉਣੇ ਸਨ ਮੋਹਾਲੀ
ਮੁਲਜ਼ਮ ਟਰੱਕ ਚਾਲਕ ਬਲਵਿੰਦਰ ਮਾਣਾ ਨੇ ਕਬੂਲ ਕੀਤਾ ਕਿ ਉਸ ਨੇ ਮੱਧ ਪ੍ਰਦੇਸ਼ ਤੋਂ ਫਰੂਟੀਆਂ ਦੇ 2290 ਡੱਬੇ ਮੋਹਾਲੀ ਲੈ ਕੇ ਜਾਣੇ ਸਨ। ਇਸ ਲਈ ਉਸ ਨੇ ਸੋਚਿਆ ਕਿ ਇੰਨੇ ਵੱਡੇ ਕੰਸਾਈਨਮੈਂਟ ਵਿਚ ਕੀ ਪਤਾ ਲੱਗੇਗਾ। 


Related News