ਸੁੱਖਾਂ ਸੁੱਖ ਕੇ ਮੰਗੇ ਪੁੱਤ ਦੀ ਹੋਈ ਦਰਦਨਾਕ ਮੌਤ, ਲੁਧਿਆਣਾ ''ਚ 6 ਸਾਲਾ ਵਿਵਾਨ ਨੂੰ ਟਰੱਕ ਨੇ ਦਰੜਿਆ

Friday, May 12, 2023 - 06:27 PM (IST)

ਸੁੱਖਾਂ ਸੁੱਖ ਕੇ ਮੰਗੇ ਪੁੱਤ ਦੀ ਹੋਈ ਦਰਦਨਾਕ ਮੌਤ, ਲੁਧਿਆਣਾ ''ਚ 6 ਸਾਲਾ ਵਿਵਾਨ ਨੂੰ ਟਰੱਕ ਨੇ ਦਰੜਿਆ

ਲੁਧਿਆਣਾ (ਨਰਿੰਦਰ) : ਲੁਧਿਆਣਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ 6 ਸਾਲਾ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਵਰਤਮਾਨ ਪਾਰਕ ਕੋਲ ਸਵੇਰੇ ਇਕ ਐਕਟਿਵਾ ਸਵਾਰ ਔਰਤ ਆਪਣੇ ਮੁੰਡੇ ਨੂੰ ਹੈਮਪਟਨ ਹੋਮਸ ਨਜ਼ਦੀਕ ਨਾਰਾਇਣ ਸਕੂਲ ਛੱਡਣ ਜਾ ਰਹੀ ਸੀ। ਇਸ ਦੌਰਾਨ ਸਰੀਏ ਨਾਲ ਓਵਰਲੋਡ ਟਰੱਕ ਚਲਾਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਐਕਟਿਵਾ ਸਵਾਰ ਔਰਤ ਦੀਆਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਜਦਕਿ ਬੱਚੇ ਦੀ ਮੌਤ ਹੋ ਗਈ। ਸੜਕ 'ਤੇ ਲਹੂ-ਲੁਹਾਣ ਹਾਲਤ 'ਚ ਔਰਤ ਅਤੇ ਉਸਦੇ ਬੱਚੇ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਘਟਨਾ ਦੀ ਸੂਚਨਾ ਦਿੱਤੀ। 

ਇਹ ਵੀ ਪੜ੍ਹੋ- ਸਾਲੇ ਦੀ ਬਰਾਤੇ ਆਏ ਜੀਜਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਹੈਰਾਨ ਕਰ ਦੇਣ ਵਾਲਾ ਹੈ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਪਿਛਲਾ ਟਾਇਰ ਮਾਂ-ਪੁੱਤ ਦੇ ਉੱਪਰ ਚੜ੍ਹਿਆ ਹੋਇਆ ਸੀ ਤੇ ਹਾਦਸੇ ਮੌਕੇ ਐਕਟਿਵਾ ਦੂਰ ਜਾ ਕੇ ਡਿੱਗੀ ਹੋਈ ਸੀ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਟਰੱਕ ਚਾਲਕ ਤੇਜ਼ ਰਫ਼ਤਾਰ ਸੀ ਤੇ 6 ਸਾਲਾ ਬੱਚੇ ਦੇ ਸਿਰ 'ਤੇ ਟਰੱਕ ਦਾ ਟਾਇਰ ਚੜ੍ਹਿਆ ਹੋਇਆ ਸੀ, ਜਿਸ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਵਿਵਾਨ ਵਜੋਂ ਹੋਈ ਹੈ, ਜੋ ਨਰਸਰੀ ਦਾ ਵਿਦਿਆਰਥੀ ਸੀ। ਔਰਤ ਦਾ ਨਾਮ ਮੋਨਿਕਾ ਓਬਰਾਏ ਦੱਸਿਆ ਜਾ ਰਿਹਾ ਹੈ, ਜੋ ਇਕ ਸਕੂਲ ਦੀ ਵਾਈਸ ਪ੍ਰਿੰਸੀਪਲ ਹੈ।

ਇਹ ਵੀ ਪੜ੍ਹੋ- ਮੁਕਤਸਰ 'ਚ ਰੂਹ ਕੰਬਾਊ ਘਟਨਾ, ਝੁੱਗੀ ਤੱਕ ਪਹੁੰਚੀ ਨਾੜ ਨੂੰ ਲਾਈ ਅੱਗ,1 ਸਾਲਾ ਮਾਸੂਮ ਦੀ ਤੜਫ-ਤੜਫ ਕੇ ਮੌਤ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਵਾਨ ਦਾ ਜਨਮ 10 ਸਾਲ ਬਾਅਦ ਹੋਇਆ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕਰਨ ਰਹੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ।ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਜਮਾਲਪੁਰ ਦੀ ਪੁਲਸ ਮੌਕੇ 'ਤੇ ਪਹੁੰਚੀ। ਉਕਤ ਲੋਕਾਂ ਵੱਲੋਂ ਟਰੱਕ ਡਰਾਈਵਰ ਨੂੰ ਥਾਣਾ ਜਮਾਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਦੋਸ਼ੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News