ਖੰਨਾ ''ਚ 6 ਪਿੰਡਾਂ ਨੂੰ ਲੋਕਾਂ ਨੇ ਐਲਾਨਿਆ ''ਨਸ਼ਾ ਮੁਕਤ''
Saturday, Jul 28, 2018 - 04:33 PM (IST)
ਖੰਨਾ (ਸੰਜੇ ਗਰਗ) : ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਮੁਹਿੰਮ ਨੂੰ ਪੁਲਸ ਜ਼ਿਲਾ ਖੰਨਾ 'ਚ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਫ਼ਲਤਾ ਮਿਲ ਰਹੀ ਹੈ। ਧਰੁਵ ਦਹਿਆ ਆਈ. ਪੀ. ਐਸ. ਸੀਨੀਅਰ ਪੁਲਸ ਕਪਤਾਨ ਖੰਨਾ ਨੇ ਦੱਸਿਆ ਕਿ ਪੁਲਸ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਸਿੱਧੇ ਸੰਪਰਕ ਦੇ ਚੱਲਦਿਆਂ ਨਸ਼ਾ ਮੁਕਤੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ 6 ਪਿੰਡਾਂ ਦੇ ਲੋਕਾਂ ਨੇ ਆਪਣੇ-ਆਪਣੇ ਪਿੰਡ 'ਚ ਇਕੱਤਰ ਹੋ ਕੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ।
ਇਸ ਮੌਕੇ ਪੁਲਸ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਬੰਧਤ ਪਿੰਡਾਂ ਦੇ ਲੋਕ ਹਾਜ਼ਰ ਸਨ। ਹਰਸਿਮਰਤ ਸਿੰਘ ਪੀ.ਪੀ.ਐੱਸ. ਉਪ ਪੁਲਸ ਕਪਤਾਨ ਸਮਰਾਲਾ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਸਮਰਾਲਾ ਦੀ ਅਗਵਾਈ ਹੇਠ ਸਬ-ਡਵੀਜ਼ਨ ਸਮਰਾਲਾ ਅਧੀਨ ਪੈਂਦੇ ਪਿੰਡ ਬਗਲੀ ਖੁਰਦ ਅਤੇ ਪਿੰਡ ਰੂਪਾ ਅਤੇ ਰਛਪਾਲ ਸਿੰਘ ਪੀ.ਪੀ.ਐੱਸ. ਉਪ ਪੁਲਸ ਕਪਤਾਨ ਪਾਇਲ, ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਪਾਇਲ ਅਤੇ ਸ.ਥ. ਵਿਜੇਪਾਲ ਸਿੰਘ ਇੰਚਾਰਜ ਚੌਕੀ ਰੌਣੀ ਦੀ ਅਗਵਾਈ ਹੇਠ ਪਿੰਡ ਜਹਾਂਗੀਰ ਥਾਣਾ ਦੋਰਾਹਾ ਅਤੇ ਪਿੰਡ ਦੀਵਾ ਖੋਸਾ, ਪਿੰਡ ਦੀਵਾ ਮੰਡੇਰ ਅਤੇ ਪਿੰਡ ਜ਼ੁਲਮਗੜ• ਥਾਣਾ ਪਾਇਲ ਦੇ ਪਿੰਡਾਂ ਵਿੱਚ ਪੁਲਿਸ ਪਬਲਿਕ ਡਰੱਗ ਮੀਟਿੰਗ/ਸੈਮੀਨਾਰ ਕਰਦੇ ਹੋਏ ਪਿੰਡਾਂ ਦੇ ਸਮੂਹ ਨਗਰ ਵਾਸੀਆਂ ਵਲੋਂ ਉਨ੍ਹਾਂ ਦੇ ਪਿੰਡਾਂ ਨੂੰ ਡਰੱਗ ਮੁਕਤ ਹੋਣ ਸਬੰਧੀ ਐਲਾਨ ਕੀਤਾ ਅਤੇ ਉਕਤ ਪਿੰਡਾਂ ਦੇ ਸਮੂਹ ਨਗਰ ਵਾਸੀਆਂ ਵੱਲੋਂ ਲਿਖਤੀ ਰੂਪ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਵਿਅਕਤੀ ਡਰੱਗ ਦਾ ਸੇਵਨ ਜਾਂ ਖਰੀਦ-ਵੇਚ ਨਹੀਂ ਕਰ ਰਿਹਾ ਹੈ।
ਇਸ ਤੋਂ ਇਲਾਵਾ ਨਸ਼ੇ ਨਾਲ ਸੰਬੰਧਤ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਦਾ ਪ੍ਰਣ ਕੀਤਾ। ਇਨ੍ਹਾਂ ਪਿੰਡਾਂ ਵੱਲੋਂ ਭਵਿੱਖ ਵਿੱਚ ਵੀ ਡਰੱਗ ਨਾਲ ਸਬੰਧਤ ਕਿਸੇ ਵੀ ਵਿਅਕਤੀ ਦਾ ਸਾਥ ਨਹੀਂ ਦਿੱਤਾ ਜਾਵੇਗਾ।ਸਬ-ਡਵੀਜ਼ਨ ਸਮਰਾਲਾ ਅਤੇ ਪਾਇਲ ਦੇ ਹੋਰ ਪਿੰਡਾਂ ਵੱਲੋਂ ਉਕਤ ਪਿੰਡਾਂ ਦੀ ਸ਼ਲਾਘਾ ਕਰਦੇ ਹੋਏ ਦੂਜੇ ਪਿੰਡ ਵੀ ਛੇਤੀ ਹੀ ਇਸ ਮੁਹਿੰਮ ਦਾ ਹਿੱਸਾ ਬਣਨ ਜਾ ਰਹੇ ਹਨ। ਦਹਿਆ ਨੇ ਕਿਹਾ ਕਿ ਪੁਲਸ ਜ਼ਿਲਾ ਖੰਨਾ ਡਰੱਗ/ਨਸ਼ਿਆਂ ਖ਼ਿਲਾਫ਼ ਮੋਰਚਾ ਜਾਰੀ ਰੱਖਣ ਅਤੇ ਖੰਨਾ ਜ਼ਿਲੇ ਨੂੰ ਆਉਣ ਵਾਲੇ ਸਮੇਂ ਵਿੱਚ ਡਰੱਗ/ਨਸ਼ਾ ਮੁਕਤ ਕਰਨ ਸਬੰਧੀ ਇੱਕ ਇਤਿਹਾਸਿਕ ਮਿਸਾਲ ਪੇਸ਼ ਕਰੇਗਾ।
