ਚੋਰੀ ਦੀਆਂ ਵਾਰਦਾਤਾਂ ’ਚ ਸ਼ਾਮਲ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ

Thursday, Apr 04, 2024 - 11:49 AM (IST)

ਚੋਰੀ ਦੀਆਂ ਵਾਰਦਾਤਾਂ ’ਚ ਸ਼ਾਮਲ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ

ਕੁਰਾਲੀ (ਬਠਲਾ) : ਪੁਲਸ ਨੇ ਕੁਰਾਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕਾਫੀ ਸਾਮਾਨ ਬਰਾਮਦ ਕੀਤਾ ਹੈ। ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਹੋ ਰਹੀਆਂ ਚੋਰੀਆਂ ਦੇ ਸਬੰਧ ਵਿਚ ਚੋਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਵਿਚ ਸਲੀਮ ਵਾਸੀ ਰਾਜਪੁਰਾ, ਸਲੀਮ ਵਾਸੀ ਸਦਾਵਰਤ (ਰੂਪਨਗਰ), ਮੰਗਲ ਪੰਚਕੂਲਾ, ਸਿਕੰਦਰ ਵਾਸੀ ਰਾਜਪੁਰਾ, ਸੀਮਾ ਵਾਸੀ ਸੈਕਟਰ-56 ਚੰਡੀਗੜ੍ਹ ਅਤੇ ਮਧੂ ਵਾਸੀ ਡੱਡੂ ਮਾਜਰਾ ਕਾਲੋਨੀ ਮਲੋਆ ਸ਼ਾਮਲ ਹਨ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਚੋਰੀ ਅਤੇ ਹੋਰ ਜੁਰਮਾਂ ਦੇ ਕੇਸ ਦਰਜ ਹਨ।

ਉਨ੍ਹਾਂ ਦੱਸਿਆ ਕਿ ਇਸ ਗਿਰੋਹ ਨੇ ਕੁਰਾਲੀ ਵਿਚ ਇਕ ਭਾਂਡਿਆਂ ਦੀ ਦੁਕਾਨ ਅਤੇ ਇਕ ਸੈਨੇਟਰੀ ਦੀ ਦੁਕਾਨ ਅਤੇ ਮਾਜਰੀ ਇਲਾਕੇ ਵਿਚ ਇਕ ਮੋਟਰ ਦੀ ਦੁਕਾਨ ਵੀ ਤੋੜ ਦਿੱਤੀ। ਇਸ ਤੋਂ ਇਲਾਵਾ ਇਸ ਗਿਰੋਹ ਨੇ ਖੂਨੀ ਮਾਜਰਾ ਨੇੜੇ ਇਮਾਰਤਾਂ ਦੇ ਦਰਵਾਜ਼ੇ ਤੋੜ ਕੇ, ਮਾਣਕਪੁਰ ਵਿਖੇ ਇਕ ਦੁਕਾਨ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਅਤੇ ਲਾਡਰਾ ਰੋਡ ’ਤੇ ਟਰਾਲੀ ਬਣਾਉਣ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀਆਂ ਵੀ ਕੀਤੀਆਂ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।
 


author

Babita

Content Editor

Related News