ਮਾਛੀਵਾੜਾ ''ਚ ਕੋਰੋਨਾ ਦੇ 6 ਕੇਸਾਂ ਦੀ ਪੁਸ਼ਟੀ, ਵੱਧਦੇ ਕਹਿਰ ਕਾਰਨ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ

Tuesday, Aug 11, 2020 - 03:08 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ’ਚ ਕੋਰੋਨਾ ਦਾ ਕਹਿਰ ਘੱਟਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਫਿਰ ਬਾਅਦ ਦੁਪਹਿਰ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ’ਚ ਇੱਕ ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ, ਇੱਕ ਗੁਰੋਂ ਕਾਲੋਨੀ ਦਾ ਵਿਅਕਤੀ, ਭੱਟੀਆਂ ’ਚ ਇੱਕ ਧਾਗਾ ਫੈਕਟਰੀ ਦਾ ਮੁਲਾਜ਼ਮ, ਇੱਕ ਮਾਛੀਵਾੜਾ ਸ਼ਹਿਰ ਦੇ 45 ਸਾਲਾ ਵਿਅਕਤੀ ਤੋਂ ਇਲਾਵਾ 2 ਮਾਮਲੇ ਜਸਦੇਵ ਨਗਰ ਦੇ ਵੀ ਸਾਹਮਣੇ ਆਏ ਹਨ। ਦੂਸਰੇ ਪਾਸੇ ਸਿਹਤ ਮਹਿਕਮੇ ਦੀ ਟੀਮ, ਜਿਸ ’ਚ ਸ਼ਾਮਲ ਸਤਵੰਤ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਕੌਰ ਤੇ ਕੀਰਤੀ ਵੱਲੋਂ ਕੰਟੇਨਮੈਂਟ ਜ਼ੋਨ ਕਲਗੀਧਰ ਨਗਰ 'ਚ ਅੱਜ ਵੀ ਲੋਕਾਂ ਦੇ ਰੈਪਿਡ ਟੈਸਟ ਲਏ ਗਏ, ਜਿਸ ਦੌਰਾਨ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ। ਮਾਛੀਵਾੜਾ ਇਲਾਕੇ ’ਚ ਹੁਣ ਤੱਕ ਕੋਰੋਨਾ ਦੇ 49 ਮਾਮਲੇ ਸਾਹਮਣੇ ਆ ਚੁੱਕੇ ਹਨ।
 ਇਸ ਮੌਕੇ ਐਸ. ਡੀ. ਐਮ. ਸਮਰਾਲਾ ਗੀਤਿਕਾ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਇਲਾਕੇ ’ਚ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮਹਿਕਮੇ ਤੇ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਹੁਣ ਸਿਵਲ ਹਸਪਤਾਲ ’ਚ ਜਿੱਥੇ ਪਹਿਲਾਂ ਰੋਜ਼ਾਨਾ 50 ਕੋਰੋਨਾ ਦੇ ਟੈਸਟ ਹੁੰਦੇ ਸਨ, ਹੁਣ ਉਥੇ 150 ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਮਰੀਜ਼ਾਂ ਦੀ ਪਛਾਣ ਹੋ ਸਕੇ। ਗੀਤਿਕਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖ਼ਾਰ, ਖੰਘ ਜਾਂ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਿਵਲ ਹਸਪਤਾਲ ’ਚ ਜਾ ਕੇ ਇਸ ਸਬੰਧੀ ਆਪਣਾ ਟੈਸਟ ਕਰਵਾਉਣ, ਜੋ ਕਿ ਸਰਕਾਰ ਵੱਲੋਂ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਲੋਕ ਨਿਯਮਾਂ ਦੀ ਪਾਲਣਾ ਕਰਨ।
 


Babita

Content Editor

Related News