ਇਲੈਕਟਰੋਨਿਕਸ ਤੇ ਕਾਸਮੈਟਿਕ ਦੇ ਸ਼ੋਅ ਰੂਮਾਂ ’ਚੋਂ ਚੋਰੀ ਕਰਨ ਵਾਲੇ 6 ਗ੍ਰਿਫਤਾਰ
Sunday, Jul 29, 2018 - 02:26 AM (IST)
ਪਟਿਆਲਾ, (ਬਲਜਿੰਦਰ)- ਪਟਿਆਲਾ ਪੁਲਸ ਦੇ ਇਨਵੈਸਟੀਗੇਸ਼ਨ ਵਿੰਗ ਦੀ ਟੀਮ ਨੇ ਅੰਤਰਰਾਸ਼ਟਰੀ ਚੋਰ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 40 ਲੱਖ ਰੁਪਏ, ਦੋ ਕਾਰਾਂ, 41 ਏ.ਸੀ., 10 ਐੱਲ.ਈ.ਡੀਜ਼, 3 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ, 3 ਲਿਟਰ 600 ਮਿਲੀ ਲਿਟਰ ਨਸ਼ੇ ਵਾਲਾ ਤਰਲ ਪਦਾਰਥ, 48 ਹਜ਼ਾਰ 600 ਗੋਲੀਆਂ 6 ਗੈਸ ਚੁੱਲੇ, ਇਕ ਗੈਸ ਚਿਮਨੀ, 21 ਡੱਬੇ ਕਾਸਮੈਟਿਕ ਸਾਮਾਨ ਅਤੇ 13 ਡੱਬੇ ਮੈਡੀਸਨ ਦੇ ਬਰਾਮਦ ਕੀਤੇ ਗਏ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵਿਚ ਜਸਬੀਰ ਸਿੰਘ ਵਾਸੀ ਜੱਗੀ ਕਾਲੋਨੀ ਰਾਜਪੁਰਾ, ਰਜਿੰਦਰਪਾਲ ਸਿੰਘ ਰਾਜੂ ਵਾਸੀ ਸੈਕਟਰ 10 ਪੰਚਕੂਲਾ, ਬਲਵੇਸਵਰ ਸਿੰਘ ਉਰਫ ਥਾਰੂ ਵਾਸੀ ਬਿਹਾਰ ਹਾਲ ਨਿਵਾਸੀ ਪਿੰਜੌਰ ਹਰਿਆਣਾ, ਸੁਰੇਸ਼ ਕੁਮਾਰ ਉਰਫ ਗੋਗੀ ਵਾਸੀ ਅੰਬਾਲਾ, ਗੌਰਵ ਅਗਰਵਾਲ ਵਾਸੀ ਅਗਰਸੈਨ ਨਗਰ ਅੰਬਾਲਾ, ਦਿਨੇਸ਼ ਕੁਮਾਰ ਵਾਸੀ ਅੰਬਾਲਾ ਕੈਂਟ ਹਰਿਆਣਾ ਸ਼ਾਮਲ ਹਨ। ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਸ ਪਾਰਟੀ ਸਮੇਤ ਫੋਕਲ ਪੁਆਇੰਟ ਪਟਿਆਲਾ ਵਿਖੇ ਮੌਜੂਦ ਸਨ ਜਿਥੇ ਜਸਵੀਰ ਸਿੰਘ, ਰਜਿੰਦਰ ਸਿੰਘ ਅਤੇ ਬਲਵੇਸਵਰ ਸਿੰਘ ਉਰਫ ਥਾਰੂ ਨੂੰ ਕਾਰ ਵਿਚੋਂ ਗ੍ਰਿਫਤਾਰ ਕੀਤਾ ਗਿਆ, ਜਿਥੇ ਤਿੰਨਾਂ ਤੋਂ ਤਿੰਨ ਹਜ਼ਾਰ ਨਸ਼ੇ ਵਾਲੀਆਂ ਗੋਲੀਆਂ, 3 ਲਿਟਰ 600 ਮਿਲੀ ਲਿਟਰ ਤਰਲ ਪਦਾਰਥ ਅਤੇ ਕਾਰ ਦੀ ਡਿੱਗੀ ਵਿਚੋਂ ਹੋਰ ਸਾਮਾਨ ਬਰਾਮਦ ਕੀਤਾ ਗਿਆ ਜਿਨ੍ਹਾਂ ਖਿਲਾਫ ਥਾਣਾ ਅਨਾਜ ਮੰਡੀ ਵਿਚ ਕੇਸ ਦਰਜ ਕਰ ਕੇ ਜਦੋਂ ਜਾਂਚ ਆਰੰਭ ਕੀਤੀ ਗਈ ਤਾਂ ਇਹ ਵਿਅਕਤੀ ਪਟਿਆਲਾ, ਜ਼ੀਰਕਪੁਰ ਅਤੇ ਭਵਾਤ ਤੋਂ ਸਾਮਾਨ ਚੋਰੀ ਕਰਨਾ ਮੰਨੇ ਅਤੇ ਕਾਰ ਦਾ ਨੰਬਰ ਵੀ ਜਾਅਲੀ ਪਾਇਆ ਗਿਆ। ਐੱਸ.ਐੱਸ.ਪੀ. ਸਿੱਧੂ ਨੇ ਦੱਸਿਆ ਕਿ ਉਕਤ ਤਿੰਨਾਂ ਤੋਂ ਚੋਰੀ ਦਾ ਸਾਮਾਨ ਖਰੀਣ ਵਾਲੇ ਸੁਰੇਸ਼ ਕੁਮਾਰ ਉਰਫ ਗੋਗੀ, ਗੌਰਵ ਅਗਰਵਾਲ ਅਤੇ ਦਿਨੇਸ਼ ਕੁਮਾਰ ਨੂੰ ਏ.ਐੱਸ.ਆਈ. ਕਰਮਜੀਤ ਸਿੰਘ ਨੇ ਏਸ਼ੀਅਨ ਪੇਂਟਸ ਵੇਅਰਹਾਊਸ ਮੋਹਰਾ ਤੋਂ ਕਾਰ ਸਮੇਤ ਗ੍ਰਿਫਤਾਰ ਕੀਤਾ। ਇਸ ਮੌਕੇ ਐੱਸ.ਪੀ. ਡੀ. ਹਰਵਿੰਦਰ ਸਿੰਘ ਵਿਰਕ, ਡੀ.ਐੱਸ.ਪੀ. ਡੀ. ਸੁਖਮਿੰਦਰ ਸਿੰਘ ਚੌਹਾਨ, ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਵੀ ਹਾਜ਼ਰ ਸਨ।
ਜੱਸੀ ਦੇ ਖਿਲਾਫ ਕੁਲ 21 ਕੇਸ ਦਰਜ ਹਨ, ਜਿਨ੍ਹਾਂ ਵਿਚ ਪਿੰਜੌਰ 7, ਪਰਮਾਣੂ 5, ਪੜਾਉ 6 ਅਤੇ ਜ਼ੀਕਰਪੁਰ ਵਿਖੇ 3 ਅਤੇ ਰਜਿੰਦਰਪਾਲ ਦੇ ਖਿਲਾਫ ਪਿੰਜੌਰ 7, ਪਰਮਾਣੂ 5 ਅਤੇ ਪੜਾਉ ਵਿਖੇ 6 ਕੇਸ ਦਰਜ ਹਨ।
ਕੌਂਸਲਰ ਰਿਚੀ ਡਕਾਲਾ ਨੇ ਚੋਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਲਗਾਤਾਰ ਕੀਤੀ ਚਾਰਾਜੋਈ
ਪਟਿਆਲਾ (ਰਾਜੇਸ਼)-ਚੋਰਾਂ ਵੱਲੋਂ ਪਟਿਆਲਾ ਵਿਚ ਮਚਾਏ ਗਏ ਆਤੰਕ ਤੋਂ ਵਪਾਰੀਆਂ ਨੂੰ ਰਾਹਤ ਦਵਾਉਣ ਲਈ ਯੂਥ ਵਪਾਰੀ ਆਗੂ ਅਤੇ ਵਾਰਡ ਨੰ. 14 ਦੇ ਨੌਜਵਾਨ ਕੌਂਸਲਰ ਰਿਚੀ ਡਕਾਲਾ ਨੇ ਲਗਾਤਾਰ ਚਾਰਾਜੋਈ ਕੀਤੀ, ਜਿਸ ਸਟੋਰ ਵਿਚੋਂ 41 ਏ. ਸੀ. ਤੇ ਹੋਰ ਇਲੈਕਟ੍ਰਾਨਿਕਸ ਦਾ ਸਾਮਾਨ ਚੋਰੀ ਹੋਇਆ ਸੀ, ਉਹ ਰਿਚੀ ਡਕਾਲਾ ਦੇ ਵਾਰਡ ਵਿਚ ਪੈਂਦਾ ਸੀ। ਅਨਾਜ ਮੰਡੀ ਦੇ ਵਪਾਰੀ ਚੋਰੀ ਤੋਂ ਦੁਖੀ ਹੋ ਕੇ ਕੌਂਸਲਰ ਕੋਲ ਪਹੁੰਚੇ, ਜਿਸ ਤੋਂ ਬਾਅਦ ਰਿਚੀ ਡਕਾਲਾ ਨੇ ਵਪਾਰੀਆਂ ਦੇ ਵਫਦ ਨੂੰ ਨਾਲ ਲੈ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕੀਤੀ। ਬ੍ਰਹਮ ਮਹਿੰਦਰਾ ਨੇ ਮੌਕੇ ’ਤੇ ਹੀ ਜ਼ਿਲਾ ਪੁਲਸ ਮੁਖੀ ਨੂੰ ਹੁਕਮ ਦਿੱਤੇ ਕਿ ਹਰ ਹਾਲਤ ਵਿਚ ਚੋਰਾਂ ਨੂੰ ਟਰੇਸ ਕੀਤਾ ਜਾਵੇ। ਇਸ ਤੋਂ ਬਾਅਦ ਰਿਚੀ ਡਕਾਲਾ ਜ਼ਿਲਾ ਪੁਲਸ ਮੁਖੀ ਅਤੇ ਆਈ. ਸੀ. ਏ. ਐਸ. ਰਾਏ ਨੂੰ ਮਿਲੇ, ਜਿਸ ਤੋਂ ਬਾਅਦ ਪੁਲਸ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ। ਇਸ ਮਾਮਲੇ ’ਤੇ ਰਿਚੀ ਡਕਾਲਾ ਲਗਾਤਾਰ ਪੁਲਸ ਅਫਸਰਾਂ ਕੋਲ ਜਾਂਦੇ ਰਹੇ ਅਤੇ ਉਨ੍ਹਾਂ ਪੁਲਸ ’ਤੇ ਪੂਰਾ ਦਬਾਅ ਬਣਾ ਕੇ ਰੱਖਿਆ, ਜਿਸ ਦਾ ਨਤੀਜਾ ਇਹ ਆਇਆ ਕਿ ਪੁਲਸ ਨੂੰ ਵੱਡੀ ਸਫਲਤਾ ਮਿਲੀ ਅਤੇ ਚੋਰਾਂ ਦਾ ਪਤਾ ਲੱਗ ਸਕਿਆ।
