ਸਿੱਖਿਆ ਬੋਰਡ ਵਲੋਂ ਲਈਆਂ ਜਾਣਗੀਆਂ 5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ

Wednesday, Aug 07, 2019 - 10:06 PM (IST)

ਸਿੱਖਿਆ ਬੋਰਡ ਵਲੋਂ ਲਈਆਂ ਜਾਣਗੀਆਂ 5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ

ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵਲੋਂ ਸਟੇਟ ਕੌਂਸਲ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਦੀ ਸਲਾਹ ਨਾਲ ਹਰੇਕ ਅਕਾਦਮਿਕ ਸਾਲ ਦੇ ਅੰਤ ਵਿਚ 5ਵੀਂ ਅਤੇ 8ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਪੀ. ਐੱਸ. ਈ. ਬੀ. ਵਲੋਂ ਨਿਰਧਾਰਤ ਕੀਤੇ ਕਾਰਜਕ੍ਰਮ ਅਨੁਸਾਰ ਲਈਆਂ ਜਾਣਗੀਆਂ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਨੀਤੀ ਮੁਤਾਬਕ ਪ੍ਰੀਖਿਆ ਪਾਸ ਕਰਨ ਲਈ ਮਾਪਦੰਡ ਨਿਰਧਾਰਿਤ ਕਰੇਗਾ। ਇਸ ਤੋਂ ਇਲਾਵਾ ਪ੍ਰੀਖਿਆ ਪਾਸ ਕਰਨ ਵਿਚ ਅਸਫਲ ਰਹਿਣ ਵਾਲੇ ਵਿਦਿਆਰਥੀਆਂ ਦੀ 2 ਮਹੀਨਿਆਂ ਦੇ ਅੰਦਰ-ਅੰਦਰ ਮੁੜ ਪ੍ਰੀਖਿਆ 'ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਅਧਿਕਾਰ ਐਕਟ 2009' ਤਹਿਤ ਲਈ ਜਾਵੇਗੀ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਪ੍ਰੀਖਿਆ ਵਿਚ ਫੇਲ ਹੋਣ ਅਤੇ ਬੋਰਡ ਵਲੋਂ 2 ਮਹੀਨਿਆਂ ਵਿਚ ਲਈ ਜਾਣ ਵਾਲੀ ਪ੍ਰੀਖਿਆ ਤੋਂ ਪਹਿਲਾਂ ਹੀ ਅਜਿਹੇ ਵਿਦਿਆਰਥੀ ਨੂੰ ਅਗਲੀ ਜਮਾਤ ਵਿਚ ਆਰਜ਼ੀ ਤੌਰ 'ਤੇ ਦਾਖਲਾ ਦੇ ਦਿੱਤਾ ਜਾਵੇਗਾ ਅਤੇ ਅਜਿਹੇ ਵਿਦਿਆਰਥੀ ਨੂੰ ਸਬੰਧਤ ਸਕੂਲ ਵਲੋਂ ਸਾਰੀਆਂ ਜ਼ਰੂਰੀ ਹਦਾਇਤਾਂ ਅਤੇ ਅਕਾਦਮਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਪੀ. ਐੱਸ. ਈ. ਬੀ. ਵਲੋਂ ਬਾਅਦ ਵਿਚ ਲਈ ਜਾਣ ਵਾਲੀ ਪ੍ਰੀਖਿਆ ਵਿਚ ਵੀ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਪਿਛਲੀ ਜਮਾਤ ਵਿਚ ਹੀ ਰੱਖਿਆ ਜਾਵੇਗਾ।


author

Karan Kumar

Content Editor

Related News