5 ਸਤੰਬਰ ਅਧਿਆਪਕ ਦਿਹਾੜੇ ਦੀ ਅਹਿਮੀਅਤ: ਹਨੇਰੇ ਤੋਂ ਚਾਨਣ ਵੱਲ ਦਾ ਸਫ਼ਰ

09/02/2020 1:38:20 PM

ਸਿਮਰਜੀਤ ਕੌਰ

ਅਧਿਆਪਕ ਚਾਨਣ ਦੀ ਉਹ ਲੋਅ ਹੈ ਜੋ ਕਿਸੇ ਦੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰਕੇ ਉਸਨੂੰ ਇੱਕ ਅਜਿਹੇ ਰਸਤੇ 'ਤੇ ਤੁਰਨ ਦੇ ਕਾਬਿਲ ਬਣਾ ਦਿੰਦੀ ਹੈ ਜਿਸਦੀ ਉਸਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ।ਇੱਕ ਅਜਿਹਾ ਪਾਕ ਨੂਰ ਜੋ ਰੋਸ਼ਨੀ ਦਿੰਦੇ ਸਮੇਂ ਕੋਈ ਸੁਆਰਥ ਨਹੀਂ ਰੱਖਦਾ ਸਗੋਂ ਆਪਣੀ ਸਾਰੀ ਊਰਜਾ ਨਾਲ ਆਪਣੇ ਸ਼ਾਗਿਰਦ ਦੀ ਜ਼ਿੰਦਗੀ ਨੂੰ ਰੋਸ਼ਨ ਕਰਨ ਦਾ ਹਰ ਸੰਭਵ ਯਤਨ ਕਰਦਾ ਹੈ।ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਸਭ ਤੋਂ ਅਹਿਮ ਰੋਲ ਦੋ ਹੀ ਕਿਰਦਾਰ ਨਿਭਾਉਦੇ ਨੇ- ਇੱਕ ਮਾਂ-ਬਾਪ ਅਤੇ ਦੂਜਾ ਅਧਿਆਪਕ।ਕਿਸੇ ਦੀ ਜ਼ਿੰਦਗੀ ਦੇ ਸੂਰਜ ਦਾ ਜਲਾਲ ਕਿੰਨਾ ਕੁ ਹੋਵੇਗਾ ਇਹ ਉਸਦੀ ਆਪਣੀ ਮਿਹਨਤ ਦੇ ਨਾਲ-ਨਾਲ ਉਸਦੇ ਮਾਤਾ-ਪਿਤਾ ਅਤੇ ਅਧਿਆਪਕ ਦੀ ਸਿੱਖਿਆ 'ਤੇ ਵੀ ਨਿਰਭਰ ਕਰਦਾ ਹੈ।ਜਦੋਂ ਇਨਸਾਨ ਦੇ ਆਪਣੇ ਇਰਾਦੇ ਨੇਕ ਹੋਣ ਅਤੇ ਉਹਨਾਂ ਨੇਕ ਇਰਾਦਿਆ ਨੂੰ ਪੂਰਾ ਕਰਨ ਲਈ ਜੇ ਕਿਸੇ ਪਾਕ ਰੂਹ ਦਾ ਮੋਢਾ ਮਿਲਦਾ ਹੈ ਤਾਂ ਉਹ ਅਧਿਆਪਕ ਹੁੰਦਾ ਹੈ।

ਅਧਿਆਪਕ, ਜੋ ਕਿਸੇ ਸਿਖਿਆਰਥੀ ਲਈ ਉਸਦਾ ਗੁਰੂ,ਦਿਸ਼ਾ ਨਿਰਦੇਸ਼ਕ,ਮਾਂ ਬਾਪ ਤੋਂ ਬਾਅਦ ਉਸ ਲਈ ਸੋਚਣ ਵਾਲਾ ਨਿਰਸੁਆਰਥ ਇਨਸਾਨ ਹੀ ਨਹੀਂ ਬਲਕਿ ਇੱਕ ਸੱਚਾ ਦੋਸਤ ਵੀ ਹੁੰਦਾ ਹੈ।ਮੈਂ ਵੀ ਜਦੋਂ ਆਪਣੇ ਕਾਲਜ ਵਿੱਚ ਦਾਖ਼ਲਾ ਲਿਆ ਤਾਂ ਮਨ ਵਿੱਚ ਬੜਾ ਚਾਅ ਸੀ ਪੜ੍ਹਨ ਦਾ,ਕੁੱਝ ਨਵਾਂ ਸਿੱਖਣ ਦਾ,ਇੱਕ ਨਵੇਂ ਵਾਤਾਵਰਣ ਦੇ ਰੂ-ਬ-ਰੂ ਹੋਣ ਦਾ। ਸਕੂਲ ਤੋਂ ਬਾਅਦ ਕਿਸੇ ਸਿਖਿਆਰਥੀ ਦੇ ਮਨ ਵਿੱਚ ਕਾਲਜ ਦਾ ਨਾਮ ਹੀ ਬੜੀ ਉਤਸੁਕਤਾ ਅਤੇ .ਖੁਸ਼ੀ ਪੈਦਾ ਕਰਦਾ ਹੈ।ਕਾਲਜ ਦੌਰਾਨ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਸਾਡੀ ਜ਼ਿੰਦਗੀ ਦਾ ਉਹ ਹਸੀਨ ਸਮਾਂ ਹੈ ਜਿਸਨੂੰ ਹਰ ਕੋਈ ਵਾਰ-ਵਾਰ ਜਿਊਣਾ ਚਾਹੁੰਦਾ ਹੈ। ਇਥੇ ਮਾਣੇ ਉਹਨਾਂ ਪਲਾਂ ਨੂੰ ਸਾਰੀ ਹਿਯਾਤੀ ਆਪਣੀ ਯਾਦਾਂ ਦੀ ਤਿਜ਼ੋਰੀ 'ਚ ਸਾਂਭ ਕੇ ਰੱਖਦਾ ਹੈ।ਹਰ ਇੱਕ ਸਿਖਿਆਰਥੀ ਦੀ ਤਰ੍ਹਾਂ ਕਾਲਜ ਦੇ ਪੰਜ ਸਾਲ ਮੇਰੀ ਜ਼ਿੰਦਗੀ ਦੀ ਪੌੜੀ ਦੇ ਉਹ ਪੌਡੇ ਸਨ ਜਿਸਦੇ ਹਰ ਪੌਡੇ ਨੇ ਕੁੱਝ ਨਵਾਂ ਸਬਕ ਸਿਖਾਇਆ।

ਮੇਰੀ ਖ਼ੁਸ਼ਨਸੀਬੀ ਇਹ ਸੀ ਕਿ ਮੈਨੂੰ ਕਾਲਜ ਅਤੇ ਅਧਿਆਪਕ  ਮੇਰੀ ਜ਼ਿੰਦਗੀ ਨੂੰ ਨਵਾਂ ਮੋੜ ਦੇਣ ਵਾਲੇ ਮਿਲੇ।ਇੱਕ ਉਹ ਇਨਸਾਨ ਜਿਸਦੀ ਬੜੀ ਬੇਮਕਸਦ ਭਰੀ ਜ਼ਿੰਦਗੀ ਸੀ, ਉਹਨੂੰ 'ਜ਼ਿੰਦਗੀ ਦੇ ਮਕਸਦ' ਸ਼ਬਦ ਦੀ  ਅਹਿਮਿਅਤ ਸਮਝ ਆਈ ਅਤੇ ਜੀਵਨ ਦੇ ਮਾਇਨੇ ਹੀ ਬਦਲ ਗਏ।ਉਨ੍ਹਾਂ ਅਧਿਆਪਕਾਂ ਦੇ ਸ਼ਾਗਿਰਦ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਜੋ ਬੜੇ ਹੀ ਕਾਬਿਲ,ਸੁਚੱਜੇ ਅਤੇ ਤਜ਼ਰਬੇਕਾਰ ਸਨ। ਉਹ ਮੇਰੇ ਗੁਣਾਂ ਅਤੇ ਗ਼ਲਤੀਆਂ ਨੂੰ ਪਰਖ ਕੇ ਉਹਨਾਂ 'ਚ ਸੁਧਾਰ ਕਰਨ 'ਚ ਬੜੇ ਹੀ ਚੇਤੰਨ ਸਨ।ਕਾਲਜ ਪੜ੍ਹਾਈ ਸ਼ੁਰੂ ਹੋਣ ਤੋਂ ਬਾਅਦ ਜ਼ਿੰਦਗੀ ਨੇ ਹੌਲੀ ਹੌਲੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ।ਬਿਨ੍ਹਾਂ ਮਲਾਅ ਦੀ ਬੇੜੀ ਨੂੰ ਮਲਾਅ ਅਤੇ ਕਿਨਾਰੇ ਦਾ ਮਹੱਤਵ ਸਮਝ ਆਉਣ ਲੱਗਾ।ਆਪਣੇ ਪ੍ਰੋਫ਼ੈਸਰ ਦੀਆਂ ਦਿੱਤੀਆਂ ਸਿੱਖਿਆਵਾਂ ਤੋਂ ਸਮਝ ਕੇ ਅੱਗੇ ਵਧਦੀ ਗਈ।ਮੇਰੇ ਸਿਰ ਉਹਨਾਂ ਅਧਿਆਪਕਾਂ ਦਾ ਸਾਇਆ ਸੀ ਜੋ ਇੱਕ ਨਿੱਕੀ ਕਰੂੰਬਲ ਤੋਂ ਸ਼ਾਨਦਾਰ ਰੁੱਖ਼ ਬਣਿਆ ਵੇਖਣਾ ਚਾਹੁੰਦੇ ਸਨ। ਉਹ ਅਧਿਆਪਕ ਜੋ ਮੇਰੇ ਗੁਰੂ ਅਤੇ ਦਿਸ਼ਾ ਨਿਰਦੇਸ਼ਕ ਹੋਣ ਦੇ ਨਾਲ ਨਾਲ ਮੇਰੇ ਵੱਡੇ ਭੈਣ-ਭਾਈ ਅਤੇ ਮਾਂ-ਬਾਪ ਵਾਂਗ ਮੇਰੀ ਹਰ ਮੁਸੀਬਤ ਵਿੱਚ ਮੇਰੇ ਨਾਲ ਖੜੇ ਰਹੇ ਫਿਰ ਚਾਹੇ ਉਹ ਪੜ੍ਹਾਈ ਨਾਲ ਸੰਬੰਧਿਤ ਸੀ ਜਾਂ ਨਿੱਜੀ ਜ਼ਿੰਦਗੀ ਨਾਲ।ਉਹਨਾਂ ਦੀ ਸਿੱਖਿਆ ਨਾਲ ਮੇਰੀ ਸ਼ਖ਼ਸੀਅਤ 'ਚ  ਅਜਿਹੇ ਗੁਣਾਂ ਦਾ ਵਿਕਾਸ ਹੋਇਆ, ਜਿਹਨਾਂ ਦੀ ਮੈਂ ਕਦੇ ਕਲਪਨਾ ਕਰਦੀ ਸੀ। ਉਹਨਾਂ ਦੀ ਹਰ ਕੋਸ਼ਿਸ਼ ਮੈਨੂੰ ਮੇਰੀ ਮੰਜ਼ਿਲ ਵੱਲ ਅੱਗੇ ਵਧ੍ਹਾ ਰਹੀ ਸੀ।ਮੇਰੀ ਪ੍ਰਤਿਭਾ ਦੇ ਜਿਹਨਾਂ ਗੁਣਾਂ ਤੋਂ ਮੈਂ ਅਣਜਾਣ ਸੀ ਉਹਨਾਂ ਨੂੰ ਪਛਾਣਨ ਅਤੇ ਨਿਖਾਰਨ 'ਚ ਉਹਨਾਂ ਮੇਰਾ ਪੂਰਾ ਸਾਥ ਦਿੱਤਾ।ਮੇਰੇ ਪ੍ਰੋਫ਼ੈਸਰ ਦੇ ਅਕਸਰ ਮੈਨੂੰ ਕਹੇ ਜਾਣ ਵਾਲੇ ਸ਼ਬਦ ਅੱਜ ਵੀ ਮੇਰੇ ਕੰਨਾਂ 'ਚ ਗੂੰਜਦੇ ਹਨ,"ਸਿਮਰ ਜੇ ਤੁਸੀਂ ਇਸ ਪ੍ਰੀਖਿਆ ਨੂੰ ਪਾਸ ਕਰ ਲਵੋ ਤਾਂ ਮੈਂ ਬਹੁਤ ਜ਼ਿਆਦਾ ਖ਼ੁਸ਼ ਹੋਵਾਂ"। ਉਹਨਾਂ ਦੇ ਕਹੇ ਸ਼ਬਦਾਂ ਨੇ ਹੀ ਮੈਨੂੰ ਯੂ.ਜੀ.ਸੀ. ਨੈਟ ਦੀ ਪ੍ਰੀਖਿਆ ਪਾਸ ਕਰਨ ਦਾ ਹੌਂਸਲਾ ਦਿੱਤਾ ਜਿਸ ਪ੍ਰਤੀ ਮੇਰੇ ਮਨ ਅੰਦਰ ਡਰ ਸੀ। ਮੇਰੀ ਇਸ ਦੇਸ਼ ਪੱਧਰੀ ਪ੍ਰੀਖਿਆ ਨੂੰ ਦੇਣ ਦੀ ਪਹਿਲੀ ਕੋਸ਼ਿਸ਼ ਹੀ ਕਾਮਯਾਬ ਹੋਈ ਜਿਸਦੇ ਕਾਰਨ  ਮੇਰੇ ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ 'ਚ ਬਹੁਤ ਵੱਡਾ ਬਦਲਾਅ ਆਇਆ।

 

PunjabKesari

ਅਕਸਰ ਮੈਂ ਕਾਲਜ ਪੱਧਰ 'ਤੇ ਕਰਵਾਏ ਜਾਂਦੇ ਵੱਖ ਵੱਖ ਮੁਕਾਬਲਿਆਂ,ਅੰਤਰ ਕਾਲਜੀ ਮੁਕਾਬਲਿਆਂ ਅਤੇ ਯੂਨੀਵਰਸਿਟੀ ਵੱਲੋਂ ਆਯੋਜਿਤ  ਯੂਥ ਫੈਸਟੀਵਲ 'ਚ  ਭਾਸ਼ਣ ਅਤੇ ਕਵਿਤਾ ਉਚਾਰਨ 'ਚ ਭਾਗ ਲਿਆ ਕਰਦੀ।ਜਿਸ ਵਾਸਤੇ ਮੇਰੇ ਅਧਿਆਪਕ ਬੜੇ ਉਤਸ਼ਾਹ ਨਾਲ ਤਿਆਰੀ ਕਰਵਾਂਉਦੇ। ਅਸੀਂ ਹਰ ਵਾਰ ਜੇਤੂ ਇਨਾਮਾਂ ਦੇ ਹੱਕਦਾਰ ਬਣਦੇ।ਤਿਆਰੀ ਕਰਦੇ ਸਮੇਂ ਅਧਿਆਪਕਾਂ ਤੋਂ ਉਹ ਸਿੱਖਿਆਵਾਂ ਸਿੱਖਣ ਨੂੰ ਮਿਲੀਆਂ ਜੋ ਮਹਿਜ ਕਾਲਜ ਦੀ  ਚਾਰ ਦੀਵਾਰੀ ਅੰਦਰ ਹੀ ਨਹੀਂ ਬਲਕਿ ਰੁਝੇਵਿਆਂ ਭਰੀ ਇਸ ਜ਼ਿੰਦਗੀ 'ਚ ਵੀ ਕੰਮ ਆਉਦੀਆਂ ਹਨ। ਉਹਨਾਂ ਦੀ ਸੰਗਤ 'ਚ ਰਹਿੰਦੇ ਮੈਂ ਕਿਤਾਬਾਂ ਪੜ੍ਹਨ ਦੀ  ਚੰਗੀ ਆਦਤ ਦੇ ਰੂ-ਬ-ਰੂ ਹੋਈ ਜਿਸਨੇ ਸੋਚ ਦਾ ਦਾਇਰਾ ਮੋਕਲਾ ਕਰ ਦਿੱਤਾ। ਵਿਕਾਸ ਕਰਨ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਸਚਾਰੂ ਸੋਚ ਗ੍ਰਹਿਣ ਕਰਨ 'ਚ ਸਹਾਇਤਾ ਕੀਤੀ।ਹੁਣ ਪੰਜਾਬੀ ਅਤੇ ਅੰਗਰੇਜ਼ੀ ਸਾਹਿਤ ਦੀਆਂ ਵੱਖ ਵੱਖ ਕਿਤਾਬਾਂ ਪੜ੍ਹਨ ਦੀ ਮੇਰੀ ਆਦਤ ਸ਼ੌਕ ਬਣ ਗਈ ਹੈ। ਮੇਰੇ ਅਧਿਆਪਕਾਂ ਦਾ ਮੈਨੂੰ ਸਹੀ ਦਿਸ਼ਾ ਦਿਖਾਉਣਾ,ਪੜ੍ਹਾਈ ਦੇ ਨਾਲ ਹੋਰ ਰੁਝੇਵਿਆਂ ਦੀ ਜਾਣਕਾਰੀ ਦੇਣਾ, ਸਦਾ ਚੰਗੇ ਲਈ ਮੇਰਾ ਸਾਥ ਦੇਣ ਕਰਕੇ ਹੀ ਮੈਂ ਕਾਲਜ ਦੇ ਸਮੇਂ ਬਹੁਤ ਕੁੱਝ ਸਿੱਖ ਪਾਈ ਹਾਂ।ਜੇ ਅੱਜ ਇਹ ਲੇਖ ਜਰੀਏ ਮੈਂ ਆਪਣੀਆਂ ਭਾਵਨਾਵਾਂ ਨੂੰ ਸਾਰਿਆਂ ਸਾਹਮਣੇ ਵਿਅਕਤ ਕਰ ਪਾ ਰਹੀ ਹਾਂ ਤਾਂ ਇਹ ਵੀ ਮੇਰੇ ਸਤਿਕਾਰਯੋਗ ਅਧਿਆਪਕ ਕਰਕੇ ਹੀ ਸੰਭਵ ਹੋ ਸਕਿਆ ਹੈ।ਗੁਰੂਚਾਣਕਿਆ ਨੇ ਕਿਹਾ ਹੈ,"ਅਧਿਆਪਕ ਕੋਈ ਸਾਧਾਰਨ ਮਨੁੱਖ ਨਹੀਂ ਹੁੰਦਾ, ਨਿਰਮਾਣ ਅਤੇ ਤਬਾਹੀ ਉਸਦੀ ਬੁੱਕਲ 'ਚ ਪਲਦੇ ਨੇ।" ਮੈਨੂੰ ਆਪਣੇ ਅਧਿਆਪਕ ਦਾ ਨਿਰਮਾਣ ਵਾਲੇ ਰੂਪ ਦਾ ਆਨੰਦ ਲੈਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਮੇਰੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਲਈ ਹਰ ਸੰਭਵ ਯਤਨ ਕੀਤਾ।

ਜਦੋਂ ਕਈ ਵਾਰ ਮੈਂ ਦੂਸਰੇ ਸਿਖਿਆਰਥੀਆਂ ਦੇ ਮੂੰਹੋਂ ਅਧਿਆਪਕਾਂ ਪ੍ਰਤੀ ਬੇਲੋੜੀ ਆਲੋਚਨਾ  ਸੁਣਦੀ ਹਾਂ ਤਾਂ ਮੇਰੇ ਮਨ ਵਿੱਚ  ਇਹੀ ਖਿਆਲ ਆਉਦਾਂ ਹੈ ਕਿ ਜੋ ਨੂਰ ਕਿਸੇ ਦੀ ਜ਼ਿੰਦਗੀ ਰੌਸ਼ਨ ਕਰਦਾ ਹੈ ਉਸ ਦੀ ਲੋਅ ਦਾ ਅਨੰਦ ਵੀ ਕਰਮਾਂ ਵਾਲੇ ਹੀ ਮਾਣ ਸਕਦੇ ਹਨ।ਅਧਿਆਪਕ ਦੀ ਇੱਕ ਸਿੱਖਿਆ ਵੀ ਪੱਲੇ ਬੰਨ੍ਹ ਲਈਏ ਤਾਂ ਸਾਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ।ਮੇਰੇ ਕੋਲ ਸੇਧ ਦੇਣ ਵਾਲੇ ਮੇਰੇ ਬਹੁਤ ਗੁਰੂ ਸਨ, ਜਿਹਨਾਂ ਦੀਆਂ ਸ਼ਖ਼ਸੀਅਤਾਂ ਦੇ ਗੁਣਾਂ ਦੀ ਛਾਪ ਅਤੇ ਪ੍ਰਭਾਵ ਮੈਂ ਸਾਰੀ ਉਮਰ ਆਪਣੇ 'ਤੋਂ ਮਿਟਣ ਨਹੀਂ ਦੇਵਾਂਗੀ।ਉਹਨਾਂ ਦੇ ਸਿਖਾਏ ਗੁਣਾਂ ਨੂੰ ਭੁੱਲਣਾ ਉਸ ਪਾਕ ਅਧਿਆਪਕ-ਸਿਖਿਆਰਥੀ ਦੇ ਰਿਸ਼ਤੇ ਦੀ ਹੱਤਕ ਹੋਵੇਗੀ।

"ਮੈਨੇ ਉਨਕੋ ਇਤਨਾਂ ਦੇਖਾ ਜਿਤਨਾਂ ਦੇਖਾ ਜਾ ਸਕਤਾ ਥਾ, ਲੇਕਿਨ ਫਿਰ ਬੀ ਦੋ ਆਖੋਂ ਸੇ ਕਿਤਨਾ ਦੇਖਾ ਜਾ ਸਕਤਾ ਥਾ।" 
ਜਿਸ ਤਰ੍ਹਾਂ ਸਾਨੂੰ ਪੂਰਾ ਮਾਣ ਹੁੰਦਾ ਹੈ ਸਾਡੇ ਮਾਂ ਬਾਪ 'ਤੇ ਉਸੇ ਤਰ੍ਹਾਂ ਸਾਡੇ ਜੀਵਨ ਦਾ ਇਹ ਕਿਰਦਾਰ ਵੀ ਬੜਾ ਅਨਮੋਲ ਹੈ। 

 


Harnek Seechewal

Content Editor

Related News