ਫਿਰੋਜ਼ਪੁਰ ਦੇ 33 ਵਾਰਡਾਂ ’ਚ 57.25%, ਜ਼ੀਰਾ ’ਚ 67.59% ਤੇ ਤਲਵੰਡੀ ਭਾਈ ’ਚ 65.44% ਪੋਲਿੰਗ

Wednesday, May 27, 2026 - 03:31 PM (IST)

ਫਿਰੋਜ਼ਪੁਰ ਦੇ 33 ਵਾਰਡਾਂ ’ਚ 57.25%, ਜ਼ੀਰਾ ’ਚ 67.59% ਤੇ ਤਲਵੰਡੀ ਭਾਈ ’ਚ 65.44% ਪੋਲਿੰਗ

ਫਿਰੋਜ਼ਪੁਰ/ਜ਼ੀਰਾ/ਤਲਵੰਡੀ ਭਾਈ (ਕੁਮਾਰ, ਰਾਜੇਸ਼ ਢੰਡ, ਗੁਲਾਟੀ, ਪਾਲ) : ਜ਼ਿਲ੍ਹਾ ਫਿਰੋਜ਼ਪੁਰ ਦੀ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ, ਤਲਵੰਡੀ ਭਾਈ ਅਤੇ ਜ਼ੀਰਾ ਦੀਆਂ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈਆਂ ਅਤੇ ਲੋਕਾਂ ਨੇ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਜਾ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਦੀ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ, ਤਲਵੰਡੀ ਭਾਈ ਅਤੇ ਜ਼ੀਰਾ ’ਚ ਕੁੱਲ 281 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚੋਂ ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ’ਚ 138, ਜ਼ੀਰਾ ’ਚ 87 ਅਤੇ ਤਲਵੰਡੀ ਭਾਈ ’ਚ 56 ਉਮੀਦਵਾਰ ਚੋਣ ਮੈਦਾਨ ’ਚ ਹਨ ਅਤੇ ਇਨ੍ਹਾਂ ਚੋਣਾਂ ’ਚ 1 ਲੱਖ 20 ਹਜ਼ਾਰ 271 ਵੋਟਰ ਹਨ, ਜਿਨ੍ਹਾਂ ’ਚੋਂ ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੇ 33 ਵਾਰਡਾਂ ’ਚ ਅੱਜ ਸ਼ਾਮ 5:00 ਵਜੇ ਤੱਕ 57.25 ਫ਼ੀਸਦੀ, ਤਲਵੰਡੀ ਭਾਈ ਨਗਰ ਕੌਂਸਲ ਲਈ 65.44 ਫ਼ੀਸਦੀ ਅਤੇ ਜ਼ੀਰਾ ’ਚ 67.59 ਫ਼ੀਸਦੀ ਪੋਲਿੰਗ ਹੋਈ। ਉਨ੍ਹਾਂ ਦੱਸਿਆ ਕਿ ਇਹ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋਈਆਂ ਹਨ ਅਤੇ 29 ਮਈ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਆਉਣਗੇ।

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵੱਲੋਂ ਜ਼ਿਲਾ ਭਰ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਐੱਸ. ਐੱਸ. ਪੀ. ਖੁਦ ਦਿਨਭਰ ਪੋਲਿੰਗ ਬੂਥਾਂ ’ਤੇ ਚੱਕਰ ਲਾਉਂਦੇ ਰਹੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲਾ ਭਰ ’ਚ ਨਗਰ ਕੌਂਸਲ ਚੋਣਾਂ ਦੌਰਾਨ ਸ਼ਾਂਤੀਪੂਰਵਕ ਤਰੀਕੇ ਨਾਲ ਮਤਦਾਨ ਹੋਇਆ ਹੈ ਅਤੇ ਦਿਨਭਰ ਪੁਲਸ ਦੀਆਂ ਪੈਟਰੋਲਿੰਗ ਪਾਰਟੀਆਂ ਪੈਟਰੋਲਿੰਗ ਕਰਦੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਇਸ ਚੋਣ ’ਚ ਸਾਰੇ ਐੱਸ. ਪੀ., ਡੀ. ਐੱਸ. ਪੀ., ਐੱਸ. ਐੱਚ. ਓ. ਅਤੇ ਸਾਰੇ ਜਵਾਨਾਂ ਨੇ ਆਪਣੀ ਡਿਊਟੀ ਨੂੰ ਵੱਡੀ ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਸਾਰਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਦੱਸ ਦਿੱਤੀ ਸੀ ਕਿ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇ ਇਸ ਚੋਣ ’ਚ ਕਿਸੇ ਨੇ ਮਤਦਾਨ ਪ੍ਰਕਿਰਿਆ ’ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।
 


author

Gurminder Singh

Content Editor

Related News