ਕੈਪਟਨ ਨੇ ਬਾਬੇ ਨਾਨਕ ਦੇ ਨਾਂ 'ਤੇ 11 ਯੂਨੀਵਰਸਿਟੀਆਂ 'ਚ ਚੇਅਰ ਸਥਾਪਤ ਕਰਨ ਦਾ ਕੀਤਾ ਐਲਾਨ

11/11/2019 9:54:33 AM

ਜਲੰਧਰ/ਕਪੂਰਥਲਾ (ਧਵਨ, ਮਹਾਜਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਈਰਾਨ ਸਮੇਤ 11 ਯੂਨੀਵਰਸਿਟੀਆਂ 'ਚ ਪਹਿਲੇ ਸਿੱਖ ਗੁਰੂ ਦੇ ਨਾਂ 'ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਅੱਜ ਪੰਜਾਬ ਤਕਨੀਕੀ ਯੂਨੀਵਰਸਿਟੀ 'ਚ ਆਯੋਜਿਤ ਸਮਾਰੋਹ 'ਚ 11 ਯੂਨੀਵਰਸਟੀਆਂ ਦੀ ਹਾਜ਼ਰੀ 'ਚ ਮਹੱਤਵਪੂਰਨ ਐਲਾਨ ਕੀਤਾ ਹੈ। ਇਨ੍ਹਾਂ 11 ਯੂਨੀਵਰਸਿਟੀਆਂ 'ਚੋਂ 7 ਯੂਨੀਵਰਸਿਟੀਆਂ ਪੰਜਾਬ 'ਚ ਹਨ ਜਦੋਂਕਿ 3 ਯੂਨੀਵਰਸਿਟੀਆਂ ਦੇਸ਼ ਦੇ ਹੋਰ ਹਿੱਸਿਆਂ 'ਚ ਹਨ। ਯੂਨੀਵਰਸਿਟੀਆਂ 'ਚ ਸਥਾਪਤ ਹੋਣ ਵਾਲੀਆਂ ਚੇਅਰਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਖੋਜ ਹੋ ਸਕੇਗੀ। ਇਸ ਮੌਕੇ ਵਿਸ਼ਵ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨ ਵਾਲੇ 400 ਪੰਜਾਬੀ ਵਿਦਵਾਨਾਂ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਪੰਜਾਬੀਆਂ ਨੇ ਸੂਬੇ ਤੇ ਦੇਸ਼ ਦਾ ਨਾਂ ਵਿਸ਼ਵ ਭਰ 'ਚ ਮਸ਼ਹੂਰ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਪ੍ਰਵਾਸੀ ਪੰਜਾਬੀਆਂ ਨੂੰ ਕਿਹਾ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਤੇ ਪੰਜਾਬ ਸਰਕਾਰ ਤੇ ਸੂਬੇ ਨੂੰ ਆਰਥਿਕ ਤੌਰ 'ਤੇ ਦੁਬਾਰਾ ਜੀਵਤ ਕਰਨ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਕੰਮ 'ਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਵਿਕਾਸ ਦੇ ਦੌਰ ਨੂੰ ਅਗਲੀ ਪੀੜ੍ਹੀ ਤਕ ਲੈ ਕੇ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਉਨ੍ਹਾਂ ਪੰਜਾਬ ਆ ਰਹੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਬਾਣੀ ਦਾ ਪ੍ਰਸਾਰ ਆਪਣੇ ਬੱਚਿਆਂ 'ਚ ਕਰਨ ਭਾਵੇਂ ਉਹ ਵਿਸ਼ਵ ਦੇ ਕਿਸੇ ਵੀ ਹਿੱਸੇ 'ਚ ਕਿਉਂ ਨਾ ਰਹਿੰਦੇ ਹੋਣ।

ਪੰਜਾਬ ਦੇ ਦੁਬਾਰਾ ਨਿਰਮਾਣ 'ਚ ਸਹਾਇਤਾ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਹੀ ਪੰਜਾਬ ਨੂੰ ਕਾਫੀ ਤ੍ਰਾਸਦੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜ਼ਮੀਨੀ ਜਲ ਪੱਧਰ ਦੇ ਹੇਠਾਂ ਡਿੱਗਣ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਅਗਲੇ 25 ਸਾਲਾਂ 'ਚ ਮਾਰੂਥਲ ਬਣ ਜਾਵੇਗਾ। ਇਸ ਨੂੰ ਰੋਕਣ ਲਈ ਸਾਨੂੰ ਹੁਣ ਤੋਂ ਹੀ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੁਦਰਤੀ ਸਾਧਨਾਂ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ ਸੀ ਤਾਂ ਕਿ ਪੰਜਾਬ ਨੂੰ ਸਾਫ-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਪ੍ਰਦੂਸ਼ਣ ਸਬੰਧੀ ਕਿਹਾ ਕਿ ਪਰਾਲੀ ਸਾੜਨ ਕਾਰ ਅਜਿਹਾ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਪਹਿਲੇ ਸਿੱਖ ਗੁਰੂ ਦੇ ਸੰਦੇਸ਼ 'ਪਾਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ' ਨੂੰ ਜਨ-ਜਨ ਤਕ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਪ੍ਰਸਾਰ ਨਾਲ ਸਬੰਧਤ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦਿਨਾਂ 'ਚ 72 ਪ੍ਰੋਗਰਾਮ ਕੀਤੇ ਹਨ। ਉਨ੍ਹਾਂ ਨੂੰ ਵੀ ਕਲ ਸ੍ਰੀ ਕਰਤਾਰਪੁਰ ਸਾਹਿਬ 'ਚ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦਾ ਪਰਿਵਾਰ ਦੁਬਾਰਾ ਦਰਸ਼ਨਾਂ ਲਈ ਜਾਣਾ ਚਾਹੇਗਾ। ਉਨ੍ਹਾਂ ਨੇ ਇਸ ਮੌਕੇ 'ਤੇ ਦਲਬੀਰ ਸਿੰਘ ਪੰਨੂੰ ਵਲੋਂ ਲਿਖੀ ਗਈ 'ਦਿ ਸਿੱਖ ਹੈਰੀਟੇਜ ਬਿਓਂਡ ਬਾਰਡਰਸ' ਨਾਂ ਦੀ ਕਿਤਾਬ ਦਾ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਸ਼ਖਸੀਅਤਾਂ ਦਾ ਸਨਮਾਨ ਕਰਕੇ ਉਤਸ਼ਾਹਿਤ ਹੈ ਕਿਉਂਕਿ ਇਹ ਵਿਦਵਾਨ ਵਿਸ਼ਵ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰਨਗੇ।ਇਸ ਮੌਕੇ 'ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਮੁਹੰਮਦ ਸਦੀਕ, ਇੰਦਰਬੀਰ ਸਿੰਘ ਬੁਲਾਰੀਆ, ਰਾਣਾ ਗੁਰਜੀਤ ਸਿੰਘ, ਸੁਸ਼ੀਲ ਰਿੰਕੂ, ਨਵਤੇਜ ਸਿੰਘ ਚੀਮਾ, ਬ੍ਰਿਗੇਡੀਅਰ ਸੁਖਜੀਤ ਸਿੰਘ ਤੇ ਹੋਰ ਵੀ ਮੌਜੂਦ ਸਨ।


Shyna

Content Editor

Related News