ਸੁਖਜਿੰਦਰ ਰੰਧਾਵਾ ਵਲੋਂ ਡੇਰਾ ਬਾਬਾ ਨਾਨਕ ਆਨਲਾਈਨ ਯੁਵਾ ਉਤਸਵ ਮੁਕਾਬਲਿਆਂ ਦਾ ਆਗਾਜ਼

Friday, Oct 04, 2019 - 05:29 PM (IST)

ਚੰਡੀਗੜ੍ਹ/ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਆਨਲਾਈਨ ਯੁਵਾ ਉਤਸਵ ਮੁਕਾਬਲਿਆਂ ਦੀ ਅੱਜ ਸ਼ੁਰੂਆਤ ਹੋ ਗਈ ਜਿਸ ਦਾ ਰਸਮੀ ਆਗਾਜ਼ ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਧਿਕਾਰਤ ਵੈਬਸਾਈਟ ਦਾ ਬਟਨ ਦਬਾ ਕੇ ਕੀਤਾ। ਅੱਜ ਇੱਥੇ ਪੰਜਾਬ ਸਿਵਲ ਸਕੱਤੇਰਤ ਸਥਿਤ ਆਪਣੇ ਦਫਤਰ ਵਿਖੇ ਆਨਲਾਈਨ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਸੋਲੋ ਤੇ ਗਰੁੱਪ ਵਰਗ ਵਿਚ 13 ਵੰਨਗੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੈ, ਵਿਚ ਹਿੱਸਾ ਲੈ ਸਕਦਾ ਹੈ। 

ਉਨ੍ਹਾਂ ਦੱਸਿਆ ਕਿ ਗਰੁੱਪ ਵਰਗ ਵਿਚ ਤਿੰਨ ਵੰਨਗੀਆਂ ਸ਼ਬਦ ਗਰੁੱਪ, ਢਾਡੀ ਕਲਾ ਤੇ ਕਵੀਸ਼ਰੀ ਅਤੇ ਸੋਲੋ ਵਰਗ ਵਿਚ ਸ਼ਬਦ ਸੋਲੋ, ਕਵਿਤਾ ਉਚਾਰਨ, ਕਵਿਤਾ ਗਾਇਨ, ਭਾਸ਼ਣ, ਲੇਖਣੀ, ਪੇਂਟਿੰਗ, ਅੱਖਰਕਾਰੀ, ਫੋਟੋਗ੍ਰਾਫੀ, ਡਿਜੀਟਲ ਪੋਸਟਰ ਅਤੇ ਸਕੈਚ (ਲਾਈਨ ਆਰਟ) ਦੇ ਮੁਕਾਬਲੇ ਹੋਣਗੇ। ਸਾਰੇ ਵੰਨਗੀਆਂ ਦੇ ਜੇਤੂਆਂ ਨੂੰ ਮਿਲਾ ਕੇ ਕੁੱਲ 15 ਲੱਖ 90 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਦੀ ਵਿਲੱਖਣਤਾ ਇਹ ਹੈ ਕਿ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਟੀਮਾਂ ਆਪਣੀਆਂ ਪੇਸ਼ਕਾਰੀਆਂ ਡੇਰਾ ਬਾਬਾ ਨਾਨਕ ਉਤਸਵ ਦੀ ਵੈਬਸਾਈਟ www.derababananakutsav.com ਉਤੇ ਆਨਲਾਈਨ ਅਪਲੋਡ ਕਰਨਗੇ ਅਤੇ ਜੱਜਾਂ ਵੱਲੋਂ ਨਤੀਜਾ ਐਲਾਨਣ ਸਮੇਂ ਹਰ ਪੇਸ਼ਕਾਰੀ ਨੂੰ ਸੋਸ਼ਲ ਮੀਡੀਆ ਉਪਰ ਮਿਲਣ ਵਾਲੇ ਹੁੰਗਾਰੇ ਨੂੰ ਵੀ ਆਧਾਰ ਬਣਾਇਆ ਜਾਵੇਗਾ।

ਰੰਧਾਵਾ ਨੇ ਦੱਸਿਆ ਕਿ ਹਰ ਵੰਨਗੀ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਲੈ ਕੇ 25 ਅਕਤੂਬਰ ਦੇ ਸ਼ਾਮ ਪੰਜ ਵਜੇ ਤੱਕ ਕੋਈ ਵੀ ਵਿਦਿਆਰਥੀ ਜਾਂ ਟੀਮ ਆਨਲਾਈਨ ਆਪਣੀ ਐਂਟਰੀ ਜਮ੍ਹਾਂ ਕਰਵਾ ਕੇ ਮੁਕਾਬਲੇ ਦਾ ਹਿੱਸਾ ਬਣ ਸਕਦੀ ਹੈ। ਇਸ ਉਪਰੰਤ ਹਰ ਵੰਨਗੀ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਕੱਢੀਆਂ ਜਾਣਗੀਆਂ। ਨਤੀਜੇ ਦਾ ਐਲਾਨ 5 ਨਵੰਬਰ ਨੂੰ ਹੋਵੇਗਾ। ਗਰੁੱਪ ਵਰਗ 'ਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71000, 51000 ਤੇ 31000 ਰੁਪਏ ਅਤੇ ਸੋਲੋ ਵਰਗ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 51000, 31000 ਤੇ 21000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਓਵਰ ਆਲ ਜੇਤੂ ਬਣਨ ਵਾਲੀ ਵਿਦਿਅਕ ਸੰਸਥਾ ਨੂੰ 1 ਲੱਖ ਇਕ ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਨਾਲ 'ਬਾਬਾ ਨਾਨਕ 550 ਸਰਵੋਤਮ ਟਰਾਫੀ' ਦਿੱਤੀ ਜਾਵੇਗੀ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਕਰਵਾਈ ਜਾਵੇਗੀ।


Gurminder Singh

Content Editor

Related News