550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸਾਂਝੀ ਸਟੇਜ ਤੋਂ ਪੰਜਾਬ ਸਰਕਾਰ ਨੂੰ ਕੀਤਾ ਲਾਂਭੇ

10/22/2019 9:50:57 AM

ਅੰਮ੍ਰਿਤਸਰ (ਮਮਤਾ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨਾਲ ਸਾਂਝੀ ਸਟੇਜ ਲਾਉਣ ਦੇ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਜਥੇਬੰਦੀਆਂ ਨੂੰ ਲਾਂਭੇ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੀ ਸਟੇਜ ਲਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹੋਰ ਲੱਗਣ ਵਾਲੀਆਂ ਸਟੇਜਾਂ 'ਤੇ ਕਿਸੇ ਵੀ ਤਰ੍ਹਾਂ ਦੀ ਰਾਜਸੀ ਗੱਲਬਾਤ ਕਰਨ ਦੀ ਆਗਿਆ ਨਹੀਂ ਦਿੱਤੀ।

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਉਪਰੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਗੁਰਪੁਰਬ ਮਨਾਉਣ ਸਬੰਧੀ ਕਈ ਮਹੱਤਵਪੂਰਨ ਫੈਸਲੇ ਲਏ, ਉਥੇ ਹੀ ਪਿਛਲੇ ਸਮੇਂ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਵਾਦਿਤ ਮਾਮਲੇ ਦੇ ਸਬੰਧ 'ਚ ਜਾਂਚ ਲਈ ਪੰਜ ਮੈਂਬਰੀ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ।

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਟੇਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਹੀ ਹੋਵੇਗੀ। ਇਸ ਦਾ ਸਮੁੱਚਾ ਪ੍ਰਬੰਧ ਦਫ਼ਤਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਵੇ। ਸਮੁੱਚੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਐੱਸ. ਜੀ. ਪੀ. ਸੀ. ਦੀ ਹੋਵੇਗੀ। ਸਟੇਜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਦਬ, ਸਤਿਕਾਰ ਤੇ ਗੁਰ-ਮਰਿਯਾਦਾ ਦਾ ਖਿਆਲ ਰੱਖਿਆ ਜਾਵੇ। ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਸਭ ਧਿਰਾਂ ਦੇ ਪ੍ਰਤੀਨਿਧਾਂ ਦਾ ਮਾਣ-ਸਨਮਾਨ ਗੁਰੂ ਮਰਿਯਾਦਾ ਅਨੁਸਾਰ ਕਰੇ।

11-12 ਨਵੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਦੇ ਪ੍ਰਮੁੱਖ ਸਮਾਗਮ ਦੀ ਪੂਰੀ ਸਰਪ੍ਰਸਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ 'ਚ ਪੰਜ ਸਿੰਘ ਸਾਹਿਬਾਨ ਕਰਨਗੇ। ਸਮਾਗਮ 'ਚ ਜੇਕਰ ਰਾਸ਼ਟਰਪਤੀ/ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ, ਮੁੱਖ ਮੰਤਰੀ ਪੰਜਾਬ, ਸਾਬਕਾ ਮੁੱਖ ਮੰਤਰੀ ਪੰਜਾਬ ਆਦਿ ਹਾਜ਼ਰੀ ਭਰਦੇ ਹਨ ਤਾਂ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਕੀਤਾ ਜਾਵੇ ਤੇ ਸਟੇਜ 'ਤੇ ਸਮਾਂ ਦਿੱਤਾ ਜਾਵੇ। ਅਖੀਰ 'ਚ ਸਿੱਖ ਕੌਮ ਦੇ ਨਾਂ ਸੰਦੇਸ਼ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇਣਗੇ। ਸਟੇਜ ਸਕੱਤਰ ਦੀ ਸੇਵਾ ਸਿੱਖ ਵਿਦਵਾਨਾਂ ਪਾਸੋਂ ਲਈ ਜਾਵੇ।

ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਜੇ ਪੰਜਾਬ ਸਰਕਾਰ, ਸੰਪਰਦਾਵਾਂ ਜਾਂ ਹੋਰ ਆਪਣੀ ਵੱਖਰੀ ਸਟੇਜ ਲਾਉਣੀ ਚਾਹੁੰਦੇ ਹਨ ਤਾਂ ਲਾ ਸਕਦੇ ਹਨ ਪਰ ਸਟੇਜ 'ਤੇ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ, ਗੁਰਬਾਣੀ ਤੇ ਗੁਰ-ਇਤਿਹਾਸ ਹੀ ਸੰਗਤ ਨਾਲ ਸਾਂਝਾ ਕੀਤਾ ਜਾਵੇ। ਕਿਸੇ ਨੂੰ ਵੀ ਰਾਜਸੀ ਗੱਲਬਾਤ ਕਰਨ ਦੀ ਆਗਿਆ ਨਹੀਂ ਹੋਵੇਗੀ।

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਮਾਮਲੇ ਸਬੰਧੀ ਜਾਂਚ ਲਈ ਕਮੇਟੀ ਦਾ ਗਠਨ
ਮੀਟਿੰਗ ਤੋਂ ਪਹਿਲਾਂ ਇੰਗਲੈਂਡ ਤੋਂ ਆਈ ਸੰਗਤ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਸਬੰਧਿਤ ਿਵਵਾਦ ਬਾਰੇ ਦਿੱਤੇ ਮੰਗ-ਪੱਤਰ 'ਤੇ ਵਿਚਾਰ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਮੁੱਚੀਆਂ ਜਥੇਬੰਦੀਆਂ ਦੀ ਰਾਏ ਨਾਲ ਫੈਸਲਾ ਲਿਆ ਗਿਆ ਕਿ ਪੰਜ ਮੈਂਬਰੀ ਵਿਦਵਾਨਾਂ ਦੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਢੱਡਰੀਆਂ ਵਾਲਿਆਂ ਦੁਆਰਾ ਬੋਲੇ ਕਥਨਾਂ ਦਾ ਗਹਿਰਾ ਅਧਿਐੱਨ ਕਰੇਗੀ। ਜੇਕਰ ਗੁਰਮਤਿ ਵਿਰੋਧੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਸ ਨੂੰ ਮਿਲ ਕੇ ਇਸ ਦੀ ਪੁੱਛ-ਪੜਤਾਲ ਕੀਤੀ ਜਾਵੇ ਅਤੇ ਉਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।


Shyna

Content Editor

Related News