ਪ੍ਰਕਾਸ਼ ਪੁਰਬ 'ਤੇ '550 ਪਰਵਾਸੀ ਪੰਜਾਬੀਆਂ' ਨੂੰ ਸੱਦਾ ਦੇਵੇਗੀ ਪੰਜਾਬ ਸਰਕਾਰ

Thursday, Jun 13, 2019 - 09:37 AM (IST)

ਪ੍ਰਕਾਸ਼ ਪੁਰਬ 'ਤੇ '550 ਪਰਵਾਸੀ ਪੰਜਾਬੀਆਂ' ਨੂੰ ਸੱਦਾ ਦੇਵੇਗੀ ਪੰਜਾਬ ਸਰਕਾਰ

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਲਈ 550 ਪਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਇਹ ਐਲਾਨ ਨਵੇਂ ਬਣੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵੇਂ ਵਿਭਾਗ ਦਾ ਅਹੁਦਾ ਸੰਭਾਲਣ ਮੌਕੇ ਕੀਤਾ। ਗੁਰਮੀਤ ਸਿੰਘ ਸੋਢੀ ਨੇ ਅਹੁਦਾ ਸੰਭਾਲਦਿਆਂ ਹੀ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਨਵੇਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਵੀ ਕੀਤੀ।

ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਹੀ 550ਵੇਂ ਗੁਰਪੁਰਬ ਨਾਲ ਸਬੰਧਤ ਸਮਾਗਮ ਉਲੀਕੇ ਗਏ ਹਨ ਜਿਹੜੇ ਸਾਲ ਸਾਲ ਚੱਲਣ ਉਪਰੰਤ ਨਵੰਬਰ ਮਹੀਨੇ ਸਮਾਪਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਪਲਾਂ ਦਾ ਗਵਾਹ ਬਣਾਉਣ ਲਈ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਜੋੜਨ ਲਈ ਫੈਸਲਾ ਕੀਤਾ ਗਿਆ ਹੈ ਕਿ 550 ਐਨ. ਆਰ. ਆਈਜ਼ ਨੂੰ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ 550 ਪਰਵਾਸੀ ਪੰਜਾਬੀਆਂ ਦੇ ਪੰਜਾਬ ਪੁੱਜਣ ਉਪਰੰਤ ਉਨ੍ਹਾਂ ਦਾ ਇਥੇ ਰਹਿਣ-ਸਹਿਣ ਅਤੇ ਆਵਾਜਾਈ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸੁਲਤਾਨਪੁਰ ਲੋਧੀ, ਬਟਾਲਾ ਤੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਵਾਏ ਜਾਣਗੇ।
ਰਾਣਾ ਸੋਢੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਰਵਾਸੀ ਭਾਰਤੀਆਂ ਨਾਲ ਸਬੰਧਤ ਜਾਇਦਾਦ ਅਤੇ ਵਿਆਹਾਂ ਦੇ ਝਗੜੇ ਦੇ ਕੇਸਾਂ ਨੂੰ ਤਰਜੀਹੀ ਆਧਾਰ 'ਤੇ ਹੱਲ ਕਰਨ ਲਈ ਇਕ ਢੁੱਕਵੀਂ ਕਾਰਜਸ਼ੈਲੀ ਬਣਾਈ ਜਾਵੇ, ਜਿਸ 'ਚ ਤੁਰੰਤ ਨਿਪਟਾਰੇ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਐਨ. ਆਰ. ਆਈ ਨੂੰ ਨਿਆਂ ਮਿਲਣ 'ਚ ਦੇਰੀ ਨਾਲ ਨਾ ਹੋਵੇ। ਉਨ੍ਹਾਂ ਕਿਹਾ ਕਿ ਜਾਇਦਾਦ ਨਾਲ ਸਬੰਧਤ ਮਾਮਲੇ ਮਾਲ ਵਿਭਾਗ ਨਾਲ ਜੁੜੇ ਹੁੰਦੇ ਹਨ, ਜਿਸ ਲਈ ਉਹ ਮਾਲ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦੇ ਅਧਿਕਾਰੀ ਹੇਠਲੇ ਪੱਧਰ 'ਤੇ ਨੋਡਲ ਅਫਸਰ ਵਜੋਂ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਪੱਧਰ ਦੇ ਇਹ ਅਧਿਕਾਰੀ ਸਿਰਫ ਐਨ. ਆਰ. ਆਈਜ਼ ਨਾਲ ਸਬੰਧਤ ਜਾਇਦਾਦ ਦੇ ਮਾਮਲਿਆਂ ਦਾ ਨਿਪਟਾਰਾ ਕਰਨਗੇ, ਇਸ ਸਬੰਧੀ ਉਹ ਜਲਦ ਹੀ ਮਾਲ ਵਿਭਾਗ ਨਾਲ ਮਿਲ ਕੇ ਖਾਕਾ ਉਲੀਕਣਗੇ।
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਬੈਠੇ ਪੰਜਾਬੀ ਹਰ ਖੇਤਰ 'ਚ ਨਾਮਣਾ ਖੱਟ ਰਹੇ ਹਨ, ਜਿਹੜੇ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹਰ ਸਾਲ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਪਰਵਾਸੀ ਪੰਜਾਬੀਆਂ ਨੂੰ 'ਅਚੀਵਰ ਐਵਾਰਡ' ਦੇਣ ਲਈ ਚੋਣ ਕਰਨ। ਉਨ੍ਹਾਂ ਕਿਹਾ ਕਿ ਇਹ ਐਵਾਰਡ ਅਗਲੇ ਸਾਲ ਤੋਂ ਸ਼ੁਰੂ ਕੀਤੇ ਜਾਣਗੇ। ਰਾਣਾ ਸੋਢੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਵਿਦੇਸ਼ਾਂ 'ਚ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬ ਨਾਲ ਜੋੜਨ ਲਈ ਸ਼ੁਰੂ ਕੀਤੇ ਮੁੱਖ ਮੰਤਰੀ ਜੀ ਦੇ ਸੁਪਨਮਈ ਪ੍ਰਾਜੈਕਟ 'ਆਪਣੀਆਂ ਜੜ੍ਹਾਂ ਨਾਲ ਜੁੜੋ' ਨੂੰ ਹੋਰ ਸਫਲ ਬਣਾਇਆ ਜਾਵੇ ਅਤੇ ਪਰਵਾਸੀ ਪੰਜਾਬੀ ਨੌਜਵਾਨਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਜਾਵੇ, ਇਸ ਲਈ ਉਨ੍ਹਾਂ ਦੇ ਟੂਰ ਪ੍ਰੋਗਰਾਮ ਆਯੋਜਿਤ ਕੀਤੇ ਜਾਣ।


author

Babita

Content Editor

Related News