52 ਸਾਲ ਦੇ ਅਧਿਆਪਕ ਵੱਲੋਂ 9ਵੀਂ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ
Wednesday, Feb 28, 2018 - 11:13 PM (IST)

ਰੂਪਨਗਰ, (ਵਿਜੇ)- ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਦੇ 52 ਸਾਲਾ ਪੁਰਸ਼ ਅਧਿਆਪਕ ਵੱਲੋਂ ਕਥਿਤ ਤੌਰ 'ਤੇ 9ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਇਕ ਅਧਿਆਪਕ ਨੇ 9ਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਕਿਸੇ ਕੰਮ ਲਈ ਸਕੂਲ ਦੇ ਸਟੋਰ 'ਚ ਬੀਤੇ ਦਿਨ ਬੁਲਾ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਅਦ 'ਚ ਵਿਦਿਆਰਥਣ ਨੇ ਇਹ ਗੱਲ ਇਕ ਅਧਿਆਪਕਾ ਨੂੰ ਦੱਸੀ, ਜਿਸ ਨੇ ਇਹ ਮਾਮਲਾ ਸਕੂਲ ਪ੍ਰਿੰਸੀਪਲ ਦੇ ਧਿਆਨ 'ਚ ਲਿਆਂਦਾ। ਇਸ ਬਾਰੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਹੈ।
ਦੋਸ਼ੀ ਅਧਿਆਪਕ ਦੀ ਕੀਤੀ ਬਦਲੀ : ਸਿੱਖਿਆ ਅਧਿਕਾਰੀ
ਜ਼ਿਲਾ ਸਿੱਖਿਆ ਅਧਿਕਾਰੀ ਹਿੰਮਤ ਸਿੰਘ ਹੁੰਦਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਇਸ ਸਬੰਧ 'ਚ ਸਬੰਧਤ ਪੁਰਸ਼ ਅਧਿਆਪਕ ਦੀ ਇੱਥੋਂ ਬਦਲੀ ਕਰ ਦਿੱਤੀ ਗਈ ਅਤੇ ਨਾਲ ਹੀ ਇਸ ਮਾਮਲੇ 'ਚ ਅਧਿਆਪਕ ਅਤੇ ਪ੍ਰਿੰਸੀਪਲ ਦੇ ਵਿਰੁੱਧ ਇਨਕੁਆਰੀ ਸ਼ੁਰੂ ਕਰ ਦਿੱਤੀ ਗਈ, ਕਿ ਪ੍ਰਿੰਸੀਪਲ ਨੇ ਇਹ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ 'ਤੇ ਸਮਾਂ ਰਹਿੰਦੇ ਕੋਈ ਉਚਿਤ ਕਾਰਵਾਈ ਕਿਉਂ ਨਹੀਂ ਕੀਤੀ।
ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
ਆਲ ਇੰਡੀਆ ਹਿਊਮਨ ਰਾਈਟਸ ਵਾਚ ਦੇ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੱਗੀ ਨੇ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਨਾਲ ਹੀ ਇਸ ਸਬੰਧ 'ਚ ਮਾਮਲਾ ਪੁਲਸ ਦੇ ਸਪੁਰਦ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਸਕੂਲ ਪ੍ਰਿੰਸੀਪਲ ਨੇ ਜਾਣਬੁੱਝ ਕੇ ਇਹ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।