52 ਪਿੰਡਾਂ ਲਈ ਪ੍ਰਾਇਮਰੀ ਹੈਲਥ ਸੈਂਟਰ ਬਣਨ ਲੱਗਾ ''ਖੰਡਰ''
Monday, Feb 19, 2018 - 02:57 AM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਪੰਜਾਬ ਸਰਕਾਰ ਵੱਲੋਂ ਆਏ ਦਿਨ ਪੇਂਡੂ ਲੋਕਾਂ ਨੂੰ ਆਧੁਨਿਕ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਵਾਅਦੇ ਸਿਰਫ ਬਿਆਨਬਾਜ਼ੀ ਤੋਂ ਵੱਧ ਕੁੱਝ ਵੀ ਨਹੀਂ ਹਨ। ਹਾਲਾਤ ਇਸ ਕਦਰ ਬਦਤਰ ਹਨ ਕਿ 1958 'ਚ ਪਿੰਡ ਸੇਖਾਂ ਕਲਾਂ ਤੇ ਠੱਠੀ ਭਾਈ ਦੀ ਹੱਦ 'ਤੇ ਸਾਢੇ 8 ਏਕੜ ਜ਼ਮੀਨ 'ਤੇ 52 ਪਿੰਡਾਂ ਲਈ ਬਣਾਇਆ ਗਿਆ 25 ਬਿਸਤਰਿਆਂ ਦਾ ਪ੍ਰਾਇਮਰੀ ਹੈਲਥ ਸੈਂਟਰ ਅੱਜ ਆਪਣੀ ਹੋਣੀ ਆਪ ਬਿਆਨ ਕਰ ਰਿਹਾ ਹੈ। ਸਿਹਤ ਵਿਭਾਗ 'ਹੱਥ 'ਤੇ ਹੱਥ' ਧਰ ਕੇ ਸਰਕਾਰੀ ਫਾਈਲਾਂ 'ਚ ਹੀ ਹਸਪਤਾਲ ਦੀ ਦਸ਼ਾ ਸੁਧਾਰਨ ਲਈ 'ਖਾਨਾਪੂਰਤੀ' ਕਰ ਰਿਹਾ ਹੈ। ਵਿਭਾਗ ਮੁਤਾਬਕ ਪ੍ਰਾਇਮਰੀ ਹੈਲਥ ਸੈਂਟਰ 'ਚ 24 ਘੰਟੇ ਐਮਰਜੈਂਸੀ ਸੇਵਾਵਾਂ, ਐਕਸ-ਰੇ ਮਸ਼ੀਨ ਤੇ ਐਂਬੂਲੈਂਸ ਸੇਵਾ ਜ਼ਰੂਰੀ ਹੈ ਪਰ ਇਸ ਹਸਪਤਾਲ ਦੀ ਦੁਰਦਸ਼ਾ ਦਾ ਆਲਮ ਇਹ ਹੈ ਕਿ ਚੌਕੀਦਾਰ ਦੀ ਆਸਾਮੀ ਵੀ ਨਾ ਭਰੇ ਜਾਣ ਕਾਰਨ ਹਸਪਤਾਲ ਦਾ ਮਾਈਕ੍ਰੋਸਕੋਪ ਸਮੇਤ ਹੋਰ ਲੋੜੀਂਦਾ ਸਾਮਾਨ ਨਸ਼ੇੜੀਆਂ ਵੱਲੋਂ ਚੋਰੀ ਕੀਤਾ ਜਾ ਚੁੱਕਾ ਹੈ।
ਹਸਪਤਾਲ 'ਚ ਪਈਆਂ ਲੱਖਾਂ ਰੁਪਏ ਦੀਆਂ ਦਵਾਈਆਂ, ਜੋ ਕਿ ਖਰਾਬ ਹੋ ਚੁੱਕੀਆਂ ਹਨ। ਸਿਊਂਕ ਪੂਰੀ ਇਮਾਰਤ 'ਚ ਫੈਲ ਚੁੱਕੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਸਪਤਾਲ ਦਾ ਕੋਈ ਵਾਲੀ-ਵਾਰਸ ਨਾ ਹੋਣ ਕਾਰਨ ਦਵਾਈਆਂ ਮੰਜਿਆਂ 'ਤੇ ਪਈਆਂ ਰੁਲ ਰਹੀਆਂ ਹਨ ਤੇ ਗਰੀਬ ਮਰੀਜ਼ ਨਿੱਜੀ ਹਸਪਤਾਲਾਂ ਤੋਂ ਮਹਿੰਗੇ ਭਾਅ 'ਤੇ ਦਵਾਈ ਲੈਣ ਲਈ ਮਜਬੂਰ ਹਨ।
ਓ. ਪੀ. ਡੀ. ਵਾਲੇ ਕਮਰੇ 'ਚ ਡਾਕਟਰ ਤੇ ਫਾਰਮਾਸਿਸਟ ਲਈ ਰੱਖੇ ਗਏ ਮੇਜ-ਕੁਰਸੀ 'ਤੇ ਚਾਹ ਬਣਾਉਣ ਵਾਲਾ ਪਤੀਲਾ ਤੇ ਖੰਡ ਦਾ ਡੱਬਾ ਪਿਆ ਰਹਿੰਦਾ ਹੈ ਤਾਂ ਕਿ ਕਿਸੇ ਵੱਡੇ ਸਾਹਿਬ ਦੇ ਦੌਰੇ ਸਮੇਂ ਚਾਹ ਬਣਾਈ ਜਾ ਸਕੇ। ਮੈਡੀਕਲ ਅਫਸਰ ਦੇ ਕਮਰੇ ਦੀ ਕੁਰਸੀ ਵੀ ਆਪਣੇ ਵਾਰਿਸ ਦੀ ਉਡੀਕ 'ਚ ਜੰਗਾਲ ਗਈ ਹੈ। ਇਸ ਹਸਪਤਾਲ ਦਾ ਉਦਘਾਟਨ 1958 'ਚ ਗਿਆਨ ਸਿੰਘ ਰਾੜੇਵਾਲੇ ਨੇ ਕੀਤਾ ਸੀ। ਇਸ ਤੋਂ ਵੱਧ ਇਸ ਖੇਤਰ ਦੇ ਪਿੰਡਾਂ ਦੇ ਲੋਕਾਂ ਦੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਕਹਿਣ ਨੂੰ ਤਾਂ ਸਰਕਾਰ ਨੇ ਇਸ ਪ੍ਰਾਇਮਰੀ ਹੈਲਥ ਸੈਂਟਰ 'ਚ ਸੀਨੀਅਰ ਮੈਡੀਕਲ ਅਫਸਰ ਦੀ ਆਸਾਮੀ ਭਰੀ ਹੈ ਪਰ ਇਹ ਅਫਸਰ ਇਸ ਸੈਂਟਰ 'ਚ ਬੈਠਣ ਦੀ ਥਾਂ ਬਾਘਾਪੁਰਾਣਾ ਦੇ ਹਸਪਤਾਲ 'ਚ ਬਿਠਾਇਆ ਜਾ ਰਿਹਾ ਹੈ। ਮੈਡੀਕਲ ਅਫਸਰ ਦੀ ਤਾਇਨਾਤੀ ਤਾਂ ਇਥੇ ਕੀਤੀ ਗਈ ਹੈ ਪਰ ਉਹ ਹਫਤੇ 'ਚ ਤਿੰਨ ਦਿਨ ਹੀ ਇਥੇ ਹਾਜ਼ਰੀ ਲਵਾਉਂਦਾ ਹੈ, ਜਦਕਿ ਬਾਕੀ ਦੇ ਦਿਨ ਉਸ ਨੂੰ ਖੇਤਰ ਦੇ ਹੋਰ ਹਸਪਤਾਲ 'ਚ ਡਿਊਟੀ ਲਈ ਭੇਜਿਆ ਜਾਂਦਾ ਹੈ।
ਇਥੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ 'ਚ ਤਾਇਨਾਤ ਜੂਨੀਅਰ ਸਹਾਇਕ ਹੀਰਾ ਸਿੰਘ ਦਾ ਕਹਿਣਾ ਹੈ ਕਿ ਚੌਕੀਦਾਰ ਦੀ ਅਣਹੋਂਦ ਕਾਰਨ ਨਸ਼ੇੜੀ ਲੋਕ ਰਾਤ ਨੂੰ ਜਿੰਦਰੇ ਭੰਨ ਕੇ ਬਚਿਆ-ਖੁਚਿਆ ਸਰਕਾਰੀ ਸਾਮਾਨ ਕਥਿਤ ਤੌਰ 'ਤੇ ਚੋਰੀ ਕਰ ਕੇ ਲੈ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਥੇ ਚੌਕੀਦਾਰ ਦੀ ਆਸਾਮੀ ਤਾਂ ਤੁਰੰਤ ਪੂਰੀ ਕਰੇ। ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ 'ਚ ਪਏ ਮਹਿੰਗੇ ਮੁੱਲ ਦੇ ਟੀਕੇ ਤੇ ਹੋਰ ਦਵਾਈਆਂ ਖੰਡਰ ਹੋ ਚੁੱਕੀ ਹਸਪਤਾਲ ਦੀ ਇਮਾਰਤ ਦੇ ਮਲਬੇ ਹੇਠਾਂ ਦੱਬੀਆਂ ਪਈਆਂ ਹਨ, ਜਿਸ ਸਬੰਧੀ ਕਿਸੇ ਵੀ ਵਿਭਾਗੀ ਕਰਮਚਾਰੀ ਕੋਲ ਕੋਈ ਪੁਖਤਾ ਉਤਰ ਨਹੀਂ ਹੈ।
ਪਿੰਡ ਸੇਖਾਂ ਦੇ ਵਸਨੀਕ ਸਮਾਜ ਸੇਵੀ ਆਗੂ ਡਾ. ਰਾਜ ਦੁਲਾਰ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ 52 ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਜ਼ੋਰ ਪਾਉਣ ਤੋਂ ਬਾਅਦ 24 ਸਾਲ ਪਹਿਲਾਂ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਹਸਪਤਾਲ ਦਾ ਕੱਟਿਆ ਗਿਆ ਬਿਜਲੀ ਦਾ ਮੀਟਰ ਪਿਛਲੀ ਅਕਾਲੀ ਸਰਕਾਰ ਵੇਲੇ 24 ਵਰ੍ਹਿਆਂ ਬਾਅਦ ਹਸਪਤਾਲ ਨੂੰ ਮੁੜ ਨਸੀਬ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਢੇ 8 ਏਕੜ ਜ਼ਮੀਨ ਸਰਕਾਰੀ ਅਣਦੇਖੀ ਕਾਰਨ ਬੰਜਰ ਤੇ ਇਮਾਰਤ ਖੰਡਰ ਬਣ ਗਈ ਹੈ। ਇਥੇ ਹੀ ਬਸ ਨਹੀਂ ਹਸਪਤਾਲ 'ਚ ਐਮਰਜੈਂਸੀ ਹਾਲਾਤ ਸਮੇਂ ਵਰਤਣ ਲਈ ਲਾਇਆ ਗਿਆ ਟੈਲੀਫੋਨ ਵੀ ਬੰਦ ਕੀਤਾ ਜਾ ਚੁੱਕਾ ਹੈ। ਇਹ ਕਿਉਂ ਬੰਦ ਕੀਤਾ ਇਸ ਦਾ ਜਵਾਬ ਵੀ ਸਿਹਤ ਵਿਭਾਗ ਨਹੀਂ ਦੇ ਸਕਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੈੱਲਫੇਅਰ ਕਲੱਬ ਸੇਖਾਂ ਕਲਾਂ ਦੀ ਐੱਨ. ਜੀ. ਓ. ਚਲਾ ਰਹੇ ਸਿਮਰਤ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਕਰਨ ਤੇ ਇਥੇ ਖਾਲੀ ਪਈਆਂ ਆਸਾਮੀਆਂ ਨੂੰ ਤੁਰੰਤ ਪੂਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਉਹ ਸਰਕਾਰ ਤੋਂ ਇਲਾਵਾ ਵਿਸ਼ਵ ਸਿਹਤ ਸੰਸਥਾ ਤੱਕ ਨੂੰ ਪੱਤਰ ਲਿਖ ਚੁੱਕੇ ਹਨ ਪਰ ਸੁਧਾਰ ਦੀ ਬਜਾਏ ਇਥੇ ਫਿਟ ਕੀਤੀ ਗਈ ਐਕਸ-ਰੇ ਮਸ਼ੀਨ ਕਿਸੇ ਹੋਰ ਹਸਪਤਾਲ 'ਚ ਸ਼ਿਫਟ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਸਰਕਾਰ ਨੇ 82 ਲੱਖ ਰੁਪਏ ਮਨਜ਼ੂਰ ਕੀਤੇ ਸਨ ਪਰ ਇਹ ਗ੍ਰਾਂਟ ਫਾਈਲਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਕਿਸੇ ਵੇਲੇ ਮਰੀਜ਼ਾਂ ਦੀ ਸਹੂਲਤ ਲਈ ਬਣਾਇਆ ਗਿਆ ਇਸ ਸਿਹਤ ਕੇਂਦਰ ਦਾ ਆਪ੍ਰੇਸ਼ਨ ਥਿਏਟਰ ਆਪਣਾ ਵਜੂਦ ਗਵਾ ਚੁੱਕਾ ਹੈ। ਇਸ ਹਸਪਤਾਲ ਨਾਲ ਜੁੜੇ ਪਿੰਡ ਮਾੜੀ ਮੁਸਤਫ਼ਾ ਦੇ ਵਸਨੀਕ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਲਵਾ ਖੇਤਰ ਬੀਮਾਰੀਆਂ ਦੀ ਮਾਰ ਹੇਠ ਹੈ ਪਰ ਇਸ ਹਸਪਤਾਲ ਦੀ ਅਣਦੇਖੀ ਗਰੀਬ ਮਰੀਜ਼ਾਂ ਦੀ ਲੁੱਟ ਦਾ ਸਬੱਬ ਬਣ ਰਹੀ ਹੈ।