ਜੀ-20 ਸੰਮੇਲਨ ਤੇ ਹੋਲਾ ਮਹੱਲਾ ਦੇ ਮੱਦੇਨਜ਼ਰ ਕੇਂਦਰ ਨੇ ਪੰਜਾਬ ’ਚ ਭੇਜੀਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ 50 ਕੰਪਨੀਆਂ
Friday, Mar 03, 2023 - 05:59 AM (IST)
ਚੰਡੀਗੜ੍ਹ (ਰਮਨਜੀਤ ਸਿੰਘ)-ਪੰਜਾਬ ’ਚ ਆਗਾਮੀ ਦਿਨਾਂ ਦੌਰਾਨ ਹੋਣ ਵਾਲੀਆਂ ਜੀ-20 ਬੈਠਕਾਂ ਸੰਮੇਲਨ ਅਤੇ ਹੋਲਾ ਮਹੱਲਾ ਦੇ ਆਯੋਜਨ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਬਲਾਂ ਦੀ ਨਿਯੁਕਤੀ ਨੂੰ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਮੰਗ ਦੇ ਆਧਾਰ ’ਤੇ ਕੇਂਦਰੀ ਬਲਾਂ ਦੀਆਂ 50 ਕੰਪਨੀਆਂ ਨੂੰ ਪੰਜਾਬ ਪੁੱਜਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਕੰਪਨੀਆਂ ਝਾਰਖੰਡ ਤੋਂ ਪੰਜਾਬ ਪੁੱਜਣਗੀਆਂ, ਜਿਨ੍ਹਾਂ ’ਚ ਸੀ. ਆਰ. ਪੀ. ਐੱਫ਼. ਦੀਆਂ 10, ਆਰ. ਏ. ਐੱਫ਼. ਦੀਆਂ 8, ਬੀ. ਐੱਸ. ਐੱਫ਼. ਦੀਆਂ 12, ਆਈ. ਟੀ. ਬੀ. ਪੀ. ਦੀਆਂ 10 ਅਤੇ ਐੱਸ. ਐੱਸ. ਬੀ. ਦੀਆ 10 ਕੰਪਨੀਆਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : CM ਮਾਨ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਪ੍ਰਿੰਸੀਪਲਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10
ਜਾਣਕਾਰੀ ਮੁਤਾਬਿਕ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ’ਚ ਜੀ-20 ਦੀਆਂ ਦੋ ਬੈਠਕਾਂ ਹੋਣਾ ਪ੍ਰਸਤਾਵਿਤ ਹੈ। ਇਸ ਦੇ ਲਈ ਸੈਂਕੜੇ ਵਿਦੇਸ਼ੀ ਡੈਲੀਗੇਟਸ ਅੰਮ੍ਰਿਤਸਰ ਪਹੁੰਚਣਗੇ। ਪਾਕਿਸਤਾਨ ਵਰਗੇ ਗੁਆਂਢੀ ਦੇ ਬਿਲਕੁਲ ਨਜ਼ਦੀਕ ਹੋਣ ਜਾ ਰਹੇ ਇਸ ਆਯੋਜਨ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਨੂੰ ਅਚੂਕ ਕਰਨ ਲਈ ਪੰਜਾਬ ਪੁਲਸ ਦੇ ਆਲ੍ਹਾ ਅਧਿਕਾਰੀ ਕਾਫ਼ੀ ਸਮੇਂ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਸਨ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਯੋਜਨ ਦੇ ਦਿਨਾਂ ਵਿਚ ਹੀ ਹੋਲਾ ਮਹੱਲਾ ਵਰਗੇ ਵੱਡੇ ਆਯੋਜਨ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਪੂਰੇ ਸੂਬੇ ’ਚ ਸੁਰੱਖਿਆ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਬਣਾਈ ਰੱਖਣ ਲਈ ਪੰਜਾਬ ਨੂੰ ਵਾਧੂ ਸੁਰੱਖਿਆ ਬਲ ਉਪਲੱਬਧ ਕਰਵਾਈ ਜਾਵੇ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਮੰਨ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਵਿਧਾਇਕ ਅਮਿਤ ਰਤਨ ਅਦਾਲਤ ’ਚ ਪੇਸ਼, 16 ਤਕ ਨਿਆਇਕ ਰਿਮਾਂਡ ’ਤੇ ਭੇਜਿਆ ਜੇਲ੍ਹ
ਸੂਚਨਾ ਮੁਤਾਬਿਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ’ਤੇ ਪੰਜਾਬ ਵਿਚ ਸੀ. ਆਰ. ਪੀ. ਐੱਫ਼./ਆਰ. ਏ. ਐੱਫ਼. ਦੀਆਂ 18 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਹ ਕੰਪਨੀਆਂ 6 ਮਾਰਚ ਤੋਂ 16 ਮਾਰਚ ਤੱਕ ਪੰਜਾਬ ਵਿਚ ਰਹਿਣਗੀਆਂ। ਖਾਸ ਗੱਲ ਇਹ ਹੈ ਕਿ ਆਯੋਜਨ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਇਹ ਕੇਂਦਰੀ ਸੁਰੱਖਿਆ ਬਲ ਹਰ ਪ੍ਰਕਾਰ ਦੇ ਦੰਗਾ ਵਿਰੋਧੀ ਉਪਕਰਣ, ਆਪ੍ਰੇਸ਼ਨ ਸਕੇਲ ਆਰਮਜ਼ ਤੇ ਗੋਲਾ ਬਾਰੂਦ ਨਾਲ ਲੈਸ ਰਹਿਣਗੇ।
ਜਾਣਕਾਰੀ ਮੁਤਾਬਿਕ ਪੰਜਾਬ ’ਚ ਜੋ ਕੰਪਨੀਆਂ ਭੇਜੀਆਂ ਜਾਣਗੀਆਂ, ਉਨ੍ਹਾਂ ਵਿਚ 10 ਕੰਪਨੀਆਂ ਸੀ. ਆਰ. ਪੀ. ਐੱਫ਼. ਅਤੇ 8 ਕੰਪਨੀਆਂ ਆਰ. ਏ. ਐੱਫ਼. ਦੀਆਂ ਰਹਿਣਗੀਆਂ। ਸੀ. ਆਰ. ਪੀ. ਐੱਫ਼. ਦੀਆਂ 10 ਕੰਪਨੀਆਂ ਝਾਰਖੰਡ ਸੈਕਟਰ ਤੋਂ ਪੰਜਾਬ ਲਈ ਰਵਾਨਾ ਕੀਤੀਆਂ ਜਾ ਰਹੀਆਂ ਹਨ। ਆਰ. ਏ. ਐੱਫ਼. ਦੀਆਂ 4 ਕੰਪਨੀਆਂ 83 ਬਟਾਲੀਅਨ ਤੋਂ, 2 ਕੰਪਨੀਆਂ 194 ਬਟਾਲੀਅਨ ਤੋਂ ਅਤੇ 2 ਕੰਪਨੀਆਂ 104 ਬਟਾਲੀਅਨ ਤੋਂ ਪੰਜਾਬ ਪਹੁੰਚ ਰਹੀਆਂ ਹਨ।